2027 ਦੀਆਂ ਚੋਣਾਂ ਤੋਂ ਪਹਿਲਾਂ ਮੁੜ ਇਕੱਠੇ ਹੋਏ ਪੁਰਾਣੇ ਭਾਈਵਾਲ, ਬਦਲੇ ਦੁਆਬੇ ਦੇ ਸਿਆਸੀ ਸਮੀਕਰਨ; ਇਸ ਵੋਟ ਬੈਂਕ 'ਤੇ ਸਭ ਦੀ ਨਜ਼ਰ
Punjab Elections 2027 : ਪੁਰਾਣੇ ਸਮਝੌਤੇ ਤਹਿਤ ਭਾਜਪਾ ਪੰਜਾਬ 'ਚ 23 ਸੀਟਾਂ 'ਤੇ ਚੋਣ ਲੜਦੀ ਸੀ, ਜਿਨ੍ਹਾਂ 'ਚੋਂ ਵੱਡਾ ਹਿੱਸਾ ਦੁਆਬੇ ਦੀਆਂ ਸ਼ਹਿਰੀ ਅਤੇ ਅਰਧ-ਸ਼ਹਿਰੀ ਸੀਟਾਂ (ਜਿਵੇਂ ਜਲੰਧਰ ਉੱਤਰੀ, ਜਲੰਧਰ ਕੇਂਦਰੀ, ਜਲੰਧਰ ਪੱਛਮੀ, ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ ਅਤੇ ਫਗਵਾੜਾ) ਦਾ ਹੁੰਦਾ ਸੀ। ਪਰ ਇਸ ਵਾਰ ਭਾਜਪਾ ਪਹਿਲਾਂ ਨਾਲੋਂ ਵੱਧ ਸੀਟਾਂ ਦੀ ਮੰਗ ਕਰ ਰਹੀ ਹੈ।
Publish Date: Tue, 24 Nov 2026 01:41 PM (IST)
Updated Date: Tue, 24 Nov 2026 01:45 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਪੰਜਾਬ ਦੀ ਸਿਆਸਤ 'ਚ ਇਕ ਵੱਡੇ ਘਟਨਾਕ੍ਰਮ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਮੁੜ ਗਠਜੋੜ ਹੋਣ ਨਾਲ ਸੂਬੇ ਦੇ ਸਿਆਸੀ ਗਲਿਆਰਿਆਂ 'ਚ ਹਲਚਲ ਤੇਜ਼ ਹੋ ਗਈ ਹੈ। 2020 'ਚ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਵੱਖ ਹੋਏ ਇਨ੍ਹਾਂ ਦੋਵਾਂ ਪੁਰਾਣੇ ਭਾਈਵਾਲਾਂ ਦੇ ਮੁੜ ਇਕੱਠੇ ਹੋਣ ਦਾ ਸਭ ਤੋਂ ਸਿੱਧਾ ਅਤੇ ਡੂੰਘਾ ਅਸਰ ਪੰਜਾਬ ਦੇ 'ਦੁਆਬਾ' ਖੇਤਰ (ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ) ਦੀ ਸਿਆਸਤ 'ਤੇ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਵਿਧਾਨ ਸਭਾ ਦੀਆਂ ਕੁੱਲ 117 'ਚੋਂ 23 ਸੀਟਾਂ ਵਾਲੇ ਇਸ ਖਿੱਤੇ 'ਚ ਸੱਤਾ ਦੀ ਚਾਬੀ ਹਮੇਸ਼ਾ ਸ਼ਹਿਰੀ ਹਿੰਦੂ, ਪੇਂਡੂ ਸਿੱਖ ਅਤੇ ਦਲਿਤ ਵੋਟਰਾਂ ਦੇ ਸੰਤੁਲਨ ਕੋਲ ਰਹੀ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦੁਆਬੇ 'ਚ ਭਾਜਪਾ ਦਾ ਸ਼ਹਿਰੀ ਹਿੰਦੂ ਵੋਟਰਾਂ (ਖ਼ਾਸਕਰ ਜਲੰਧਰ, ਹੁਸ਼ਿਆਰਪੁਰ ਅਤੇ ਫਗਵਾੜਾ ਵਰਗੇ ਹਲਕਿਆਂ) 'ਤੇ ਚੰਗਾ ਆਧਾਰ ਰਿਹਾ ਹੈ, ਜਦਕਿ ਅਕਾਲੀ ਦਲ ਦੀ ਪਕੜ ਪੇਂਡੂ ਅਤੇ ਪੰਥਕ ਵੋਟ ਬੈਂਕ 'ਚ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ 'ਚ ਦੋਵਾਂ ਪਾਰਟੀਆਂ ਦੇ ਵੱਖ-ਵੱਖ ਚੋਣ ਲੜਨ ਕਾਰਨ ਵੋਟਾਂ ਦੀ ਵੰਡ ਹੋਈ ਸੀ, ਜਿਸ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੂੰ ਮਿਲਿਆ ਸੀ। ਹੁਣ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਹੋਣ ਨਾਲ ਕਈ ਸੀਟਾਂ 'ਤੇ ਵੋਟ ਪ੍ਰਤੀਸ਼ਤ ਇਕਜੁੱਟ ਹੋ ਕੇ ਵਿਰੋਧੀ ਧਿਰਾਂ ਲਈ ਵੱਡੀ ਚੁਣੌਤੀ ਖੜ੍ਹੀ ਕਰ ਸਕਦਾ ਹੈ।
ਦਲਿਤ ਵੋਟ ਬੈਂਕ ਦੀ ਅਹਿਮ ਭੂਮਿਕਾ
ਦੁਆਬਾ ਖੇਤਰ 'ਚ ਦਲਿਤ ਭਾਈਚਾਰੇ ਦੀ ਆਬਾਦੀ ਲਗਭਗ 35 ਤੋਂ 45 ਫ਼ੀਸਦੀ ਦੇ ਕਰੀਬ ਹੈ, ਜੋ ਕਿਸੇ ਵੀ ਪਾਰਟੀ ਦੀ ਜਿੱਤ-ਹਾਰ ਦਾ ਫ਼ੈਸਲਾ ਕਰਦੀ ਹੈ। ਪਿਛਲੀਆਂ ਚੋਣਾਂ 'ਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗਠਜੋੜ ਕਰਕੇ ਇਸ ਵੋਟ ਬੈਂਕ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ ਕੀਤੀ ਸੀ।
ਹੁਣ ਭਾਜਪਾ ਨਾਲ ਹੱਥ ਮਿਲਾਉਣ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੁਆਬੇ ਦੇ ਦਲਿਤ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਹੋਵੇਗੀ, ਕਿਉਂਕਿ ਕਾਂਗਰਸ ਅਤੇ 'ਆਪ' ਪਹਿਲਾਂ ਹੀ ਇਸ ਵਰਗ 'ਚ ਆਪਣੀ ਮਜ਼ਬੂਤ ਪਕੜ ਬਣਾਈ ਬੈਠੀਆਂ ਹਨ।
ਕਿਸਾਨੀ ਰੋਸ ਅਤੇ ਐੱਨਆਰਆਈ ਭਾਈਚਾਰੇ ਦਾ ਰੁਖ਼
ਦੁਆਬੇ ਨੂੰ 'ਐੱਨਆਰਆਈ ਬੈਲਟ' ਵੀ ਕਿਹਾ ਜਾਂਦਾ ਹੈ। ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਦਾ ਇਸ ਖਿੱਤੇ ਦੀ ਸਿਆਸਤ ਅਤੇ ਆਰਥਿਕਤਾ 'ਤੇ ਵੱਡਾ ਪ੍ਰਭਾਵ ਹੈ। ਕਿਸਾਨ ਅੰਦੋਲਨ ਦੌਰਾਨ ਪੈਦਾ ਹੋਈ ਨਾਰਾਜ਼ਗੀ ਅਜੇ ਵੀ ਪੇਂਡੂ ਖੇਤਰਾਂ ਅਤੇ ਪਰਵਾਸੀ ਪੰਜਾਬੀਆਂ ਦੇ ਮਨਾਂ 'ਚੋਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ। ਕਿਸਾਨ ਜਥੇਬੰਦੀਆਂ ਵੱਲੋਂ ਇਸ ਗਠਜੋੜ ਪ੍ਰਤੀ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਅਜਿਹੇ 'ਚ ਪੇਂਡੂ ਹਲਕਿਆਂ ਜਿਵੇਂ ਸ਼ਾਹਕੋਟ, ਨਕੋਦਰ, ਕਰਤਾਰਪੁਰ, ਆਦਮਪੁਰ, ਸੁਲਤਾਨਪੁਰ ਲੋਧੀ ਅਤੇ ਬੰਗਾ 'ਚ ਅਕਾਲੀ ਆਗੂਆਂ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੀਟਾਂ ਦੀ ਵੰਡ ਅਤੇ ਸਥਾਨਕ ਆਗੂਆਂ 'ਚ ਬੇਚੈਨੀ
ਪੁਰਾਣੇ ਸਮਝੌਤੇ ਤਹਿਤ ਭਾਜਪਾ ਪੰਜਾਬ 'ਚ 23 ਸੀਟਾਂ 'ਤੇ ਚੋਣ ਲੜਦੀ ਸੀ, ਜਿਨ੍ਹਾਂ 'ਚੋਂ ਵੱਡਾ ਹਿੱਸਾ ਦੁਆਬੇ ਦੀਆਂ ਸ਼ਹਿਰੀ ਅਤੇ ਅਰਧ-ਸ਼ਹਿਰੀ ਸੀਟਾਂ (ਜਿਵੇਂ ਜਲੰਧਰ ਉੱਤਰੀ, ਜਲੰਧਰ ਕੇਂਦਰੀ, ਜਲੰਧਰ ਪੱਛਮੀ, ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ ਅਤੇ ਫਗਵਾੜਾ) ਦਾ ਹੁੰਦਾ ਸੀ। ਪਰ ਇਸ ਵਾਰ ਭਾਜਪਾ ਪਹਿਲਾਂ ਨਾਲੋਂ ਵੱਧ ਸੀਟਾਂ ਦੀ ਮੰਗ ਕਰ ਰਹੀ ਹੈ।
ਪਿਛਲੇ ਕੁਝ ਸਾਲਾਂ 'ਚ ਕਾਂਗਰਸ ਅਤੇ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਕਈ ਦਿੱਗਜ ਆਗੂਆਂ ਨੂੰ ਐਡਜਸਟ ਕਰਨਾ ਗਠਜੋੜ ਲਈ ਟੇਢੀ ਖੀਰ ਸਾਬਤ ਹੋਵੇਗਾ। ਟਿਕਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਸਥਾਨਕ ਆਗੂਆਂ 'ਚ ਅੰਦਰੂਨੀ ਬਗਾਵਤ ਦਾ ਖ਼ਤਰਾ ਵੀ ਬਣਿਆ ਹੋਇਆ ਹੈ।
ਕੁਲ ਮਿਲਾ ਕੇ, ਭਾਜਪਾ-ਅਕਾਲੀ ਗਠਜੋੜ ਨੇ ਦੁਆਬੇ ਦੀ ਸਿਆਸਤ ਨੂੰ ਮੁੜ ਤਿਕੋਣੇ ਜਾਂ ਚੌਕੋਣੇ ਮੁਕਾਬਲੇ ਵੱਲ ਧੱਕ ਦਿੱਤਾ ਹੈ। ਜਿੱਥੇ ਇਹ ਗਠਜੋੜ ਸ਼ਹਿਰੀ ਵੋਟਾਂ ਦੇ ਸਹਾਰੇ ਆਪਣੀ ਹੋਂਦ ਬਚਾਉਣ ਅਤੇ ਸੱਤਾ 'ਚ ਵਾਪਸੀ ਦੀ ਉਮੀਦ ਲਗਾਈ ਬੈਠਾ ਹੈ, ਉੱਥੇ ਹੀ ਪੇਂਡੂ ਵੋਟਰਾਂ ਦਾ ਭਰੋਸਾ ਮੁੜ ਜਿੱਤਣਾ ਅਤੇ ਦਲਿਤ ਵੋਟ ਬੈਂਕ 'ਚ ਸੰਨ੍ਹ ਲਾਉਣਾ ਇਸ ਦੀ ਅਸਲ ਪ੍ਰੀਖਿਆ ਹੋਵੇਗੀ।