ਨਕੋਦਰ ’ਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਠੱਪ, ਘਰਾਂ ’ਚ ਪੁੱਜਾ ਗੰਦਾ ਪਾਣੀ ਨਕੋਦਰ ’ਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਠੱਪ: ਸੜਕਾਂ ਤੋਂ ਘਰਾਂ ਤੱਕ ਪੁੱਜਿਆ ਗੰਦਾ ਪਾਣੀ, ਲੋਕਾਂ ਦਾ ਜਿਊਣਾ ਹੋਇਆ ਦੁੱਭਰ
Publish Date: Tue, 07 Jul 2026 09:57 PM (IST)
Updated Date: Tue, 07 Jul 2026 10:00 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ ਨਕੋਦਰ ਸ਼ਹਿਰ ਵਿੱਚ ਸੀਵਰੇਜ ਪ੍ਰਣਾਲੀ ਦੀ ਨਾਕਾਮੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸੀਵਰੇਜ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਤਲਾਬਾਂ ਦਾ ਰੂਪ ਧਾਰ ਚੁੱਕਾ ਹੈ। ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਇਹ ਬਦਬੂਦਾਰ ਪਾਣੀ ਹੁਣ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਤੱਕ ਪੁੱਜ ਗਿਆ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕੋਈ ਨਵੀਂ ਨਹੀਂ, ਸਗੋਂ ਲੰਬੇ ਸਮੇਂ ਤੋਂ ਸ਼ਹਿਰ ਨੂੰ ਪਰੇਸ਼ਾਨ ਕਰ ਰਹੀ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸੀਵਰੇਜ ਪ੍ਰੋਜੈਕਟ ਦੇ ਬਾਵਜੂਦ ਪ੍ਰਬੰਧਾਂ ਵਿੱਚ ਕੋਈ ਸੁਧਾਰ ਨਹੀਂ ਆਇਆ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਦੇ ਮੁਹੱਲਾ ਗੌਂਸ ਸਥਿਤ ਕਬੀਰ ਮੰਦਰ ਦੇ ਬਾਹਰ ਅਤੇ ਜੈਨ ਮੁਹੱਲੇ ’ਚ ਜੈਨ ਮੰਦਰ ਦੇ ਸਾਹਮਣੇ ਵੀ ਗੰਦਾ ਪਾਣੀ ਜਮ੍ਹਾਂ ਹੋਣ ਨਾਲ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਬੱਸ ਸਟੈਂਡ ਨੇੜੇ ਗਊਸ਼ਾਲਾ ਰੋਡ ਅਤੇ ਸ਼ੰਕਰ ਰੋਡ ਵੱਲ ਜਾਣ ਵਾਲਾ ਰਸਤਾ ਵੀ ਮਹੀਨਿਆਂ ਤੋਂ ਸੀਵਰੇਜ ਦੀ ਮਾਰ ਹੇਠ ਹੈ। ਹਰ ਰੋਜ਼ ਹਜ਼ਾਰਾਂ ਵਿਦਿਆਰਥੀ, ਯਾਤਰੀ ਤੇ ਰਾਹਗੀਰ ਇਸ ਗੰਦਗੀ ਵਿੱਚੋਂ ਲੰਘਣ ਲਈ ਮਜਬੂਰ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਵਿਭਾਗ ਵੱਲੋਂ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਬਜਾਏ ਸਿਰਫ਼ ਰਸਮੀ ਕਾਰਵਾਈ ਕੀਤੀ ਜਾਂਦੀ ਹੈ। ਇੱਕ ਦਿਨ ਸੀਵਰੇਜ ਸਾਫ਼ ਕੀਤਾ ਜਾਂਦਾ ਹੈ, ਪਰ ਦੂਜੇ ਹੀ ਦਿਨ ਦੁਬਾਰਾ ਗੰਦਾ ਪਾਣੀ ਸੜਕਾਂ ’ਤੇ ਆ ਜਾਂਦਾ ਹੈ। ਇਸ ਕਾਰਨ ਇਲਾਕੇ ਦੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਭਿਆਨਕ ਗਰਮੀ ਵਿੱਚ ਖੜ੍ਹੇ ਗੰਦੇ ਪਾਣੀ ਤੋਂ ਉੱਠ ਰਹੀ ਬਦਬੂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਮੱਖੀਆਂ, ਮੱਛਰ ਅਤੇ ਹੋਰ ਜ਼ਹਿਰੀਲੇ ਜੀਵਾਂ ਦੀ ਵਧ ਰਹੀ ਗਿਣਤੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਵੀ ਵਧ ਗਿਆ ਹੈ। ਸ਼ਹਿਰ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪ੍ਰਸ਼ਾਸਨ ਨੇ ਜਲਦ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਤਾਂ ਸਿਹਤ ਸੰਕਟ ਪੈਦਾ ਹੋ ਸਕਦਾ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਕੋਦਰ ਦੀ ਸੀਵਰੇਜ ਸਮੱਸਿਆ ਦਾ ਤੁਰੰਤ ਤੇ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਨਰਕ ਵਰਗੀ ਸਥਿਤੀ ਤੋਂ ਰਾਹਤ ਮਿਲ ਸਕੇ।