ਰਾਜ ਸਭਾ ਮੈਂਬਰ ਵਜੋਂ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਚਾਰ ਸਾਲ ਪੂਰੇ ਰਾਜ ਸਭਾ ਮੈਂਬਰ ਵਜੋਂ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਚਾਰ ਸਾਲ ਪੂਰੇ
Publish Date: Wed, 08 Jul 2026 08:56 PM (IST)
Updated Date: Thu, 09 Jul 2026 04:09 AM (IST)
-ਵਿਦੇਸ਼ਾਂ ’ਚ ਫਸੇ ਭਾਰਤੀਆਂ ਦੀ ਮਦਦ ’ਚ ਨਿਭਾਈ ਅਹਿਮ ਭੂਮਿਕਾ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸੰਸਦੀ ਕਾਰਜਕਾਲ ਦੇ ਚਾਰ ਸਾਲ ਸਫਲਤਾ ਪੂਰਵਕ ਪੂਰੇ ਕਰ ਲਏ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਨਾਲ ਸਬੰਧਤ ਅਹਿਮ ਮਸਲਿਆਂ ਨੂੰ ਸੰਸਦ ਦੇ ਉੱਚ ਸਦਨ ’ਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਦੇ ਨਾਲ-ਨਾਲ ਵਿਦੇਸ਼ਾਂ ’ਚ ਫਸੇ ਭਾਰਤੀ ਨਾਗਰਿਕਾਂ, ਖ਼ਾਸ ਕਰ ਕੇ ਪੰਜਾਬੀਆਂ, ਦੀ ਮਦਦ ਲਈ ਵੀ ਮਹੱਤਵਪੂਰਨ ਯੋਗਦਾਨ ਪਾਇਆ। ਸੰਤ ਸੀਚੇਵਾਲ ਵੱਲੋਂ ਪੇਸ਼ ਕੀਤਾ ਗਿਆ ਚੋਣ ਵਾਅਦਿਆਂ ਨੂੰ ਕਾਨੂੰਨੀ ਗਾਰੰਟੀ ਦੇਣ ਸੰਬੰਧੀ ਪ੍ਰਾਈਵੇਟ ਮੈਂਬਰ ਬਿੱਲ ਦੇਸ਼ ’ਚ ਲੋਕਤੰਤਰ ਤੇ ਚੋਣ ਪ੍ਰਣਾਲੀ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇੱਕ ਅਹਿਮ ਪਹਿਲ ਵਜੋਂ ਸਾਹਮਣੇ ਆਇਆ। ਇਸ ਨਿੱਜੀ ਬਿੱਲ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਵੀ ਸ਼•ਲਾਘਾ ਕੀਤੀ ਗਈ ਤੇ ਇਸ ਨੂੰ ਸੰਸਦੀ ਕਾਰਵਾਈ ਦੌਰਾਨ ਚਰਚਾ ਲਈ ਸਿਫ਼ਾਰਸ਼ ਕੀਤਾ ਗਿਆ। ਵਿਦੇਸ਼ਾਂ ’ਚ ਫਸੇ ਭਾਰਤੀਆਂ ਦੀ ਮਦਦ ਦੇ ਖੇਤਰ ’ਚ ਵੀ ਸੰਤ ਸੀਚੇਵਾਲ ਦੀ ਭੂਮਿਕਾ ਵਿਸ਼ੇਸ਼ ਰਹੀ। ਉਨ੍ਹਾਂ ਦੇ ਯਤਨਾਂ ਸਦਕਾ ਖਾੜੀ ਦੇਸ਼ਾਂ ਸਮੇਤ ਵੱਖ-ਵੱਖ ਦੇਸ਼ਾਂ ’ਚ ਫਸੀਆਂ 160 ਭਾਰਤੀ ਧੀਆਂ-ਭੈਣਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ। ਇਸ ਤੋਂ ਇਲਾਵਾ ਵਿਦੇਸ਼ਾਂ ’ਚ ਫਸੇ 87 ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਵੀ ਯਕੀਨੀ ਬਣਾਈ ਗਈ। ਵਿਦੇਸ਼ਾਂ ’ਚ ਵੱਖ-ਵੱਖ ਕਾਰਨਾਂ ਕਰ ਕੇ ਮੌਤ ਦਾ ਸ਼ਿਕਾਰ ਹੋਏ 62 ਪੰਜਾਬੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ’ਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਪੱਖੋਂ ਉਹ ਪੰਜਾਬ ਦੇ ਬਾਕੀ ਸੰਸਦ ਮੈਂਬਰਾਂ ’ਚ ਸਭ ਤੋਂ ਅੱਗੇ ਰਹੇ। ===== ਸੀਚੇਵਾਲ ਵੱਲੋਂ ਸੰਸਦ ’ਚ ਉਠਾਏ ਗਏ ਅਹਿਮ ਮੁੱਦੇ ਚੜ੍ਹੇ ਨੇਪਰੇ ਸੰਤ ਸੀਚੇਵਾਲ ਵੱਲੋਂ ਸੰਸਦ ’ਚ ਲਗਾਤਾਰ ਉਠਾਈ ਗਈ ਮੰਗ ਦੇ ਨਤੀਜੇ ਵਜੋਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਪੰਜਾਬ ’ਚ ਰੁਕੇ ਹੋਏ ਪ੍ਰੋਜੈਕਟਾਂ ਨੂੰ ਮੁੜ ਮਨਜ਼ੂਰੀ ਮਿਲੀ। ਜਿਸ ਤਹਿਤ ਪੰਜਾਬ ’ਚ ਕਰੀਬ 835 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 64 ਸੜਕਾਂ ਤੇ 38 ਪੁਲ਼ ਬਣਾਏ ਜਾਣੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਫ਼ਰ ਕਾਲ ਦੌਰਾਨ ਸਕੂਲੀ ਸਿੱਖਿਆ ’ਚ ਵਾਤਾਵਰਨ ਨੂੰ ਹੋਰ ਵਿਸ਼ਿਆਂ ਵਾਂਗ ਲਾਜ਼ਮੀ ਵਿਸ਼ਾ ਬਣਾਉਣ ਤੇ ਸਕੂਲਾਂ ’ਚ ਬੀ.ਐੱਲ.ਐੱਸ (ਬੇਸਿਕ ਲਾਇਫ ਸਪੋਰਟ) ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਰੱਖੀ, ਜਿਸ ਦੀ ਕਾਫ਼ੀ ਚਰਚਾ ਹੋਈ। ਕੇਂਦਰ ਸਰਕਾਰ ਵੱਲੋਂ ਇਸ ਮੁੱਦੇ ਦੀ ਗੰਭੀਰਤਾ ਨੂੰ ਦੇਖਦਿਆ ਹੋਇਆ ਤੁਰੰਤ ਇਸ ਨੂੰ ਸਕੂਲਾਂ ’ਚ ਲਾਗੂ ਕਰਨ ਦਾ ਫ਼ੈਸਲਾ ਜਾਰੀ ਕੀਤਾ ਸੀ। ਆਪਣੇ ਸੰਸਦੀ ਕਾਰਜਕਾਲ ਦੌਰਾਨ ਸੰਤ ਸੀਚੇਵਾਲ ਨੇ ਕਿਸਾਨੀ, ਪਾਣੀ, ਵਾਤਾਵਰਨ, ਪੰਜਾਬੀ ਮਾਂ-ਬੋਲੀ, ਨੌਜਵਾਨਾਂ ਤੇ ਪਰਵਾਸੀ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਨੂੰ ਲਗਾਤਾਰ ਰਾਜ ਸਭਾ ’ਚ ਉਠਾਇਆ। ਖ਼ਾਸ ਕਰ ਕੇ ਜਲਵਾਯੂ ਤਬਦੀਲੀ ਤੇ ਵਾਤਾਵਰਨ ਸੰਭਾਲ ਦੇ ਮੁੱਦਿਆਂ ਨੂੰ ਉਨ੍ਹਾਂ ਨੇ ਵਾਰ-ਵਾਰ ਸੰਸਦ ’ਚ ਪ੍ਰਮੁੱਖਤਾ ਨਾਲ ਰੱਖਿਆ। ਚਾਰ ਸਾਲਾਂ ਦੌਰਾਨ ਉਨ੍ਹਾਂ ਨੇ ਰਾਜ ਸਭਾ ’ਚ 268 ਸਵਾਲ ਪੁੱਛੇ। ਸਵਾਲਾਂ ਦੀ ਚੋਣ ’ਚ ਹੋ ਰਹੇ ਪੱਖਪਾਤ ਦਾ ਮੁੱਦਾ ਵੀ ਉਨ੍ਹਾਂ ਨੇ ਤਤਕਾਲੀਨ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਜਗਦੀਪ ਧਨਖੜ ਨੂੰ ਪੱਤਰ ਲਿਖ ਕੇ ਜ਼ੋਰਦਾਰ ਢੰਗ ਨਾਲ ਉਠਾਇਆ। ਸਿਫ਼ਰ ਕਾਲ ਦੌਰਾਨ ਉਨ੍ਹਾਂ ਨੇ ਜਨ-ਹਿੱਤ ਦੇ ਮੁੱਦੇ ਸੰਸਦ ’ਚ ਉਠਾਏ। ਇਸ ਤੋਂ ਇਲਾਵਾ ਸਪੈਸ਼ਲ ਮੈਂਸ਼ਨ ਰਾਹੀਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਨ ਵਾਲੇ ਪਹਿਲੇ ਸੰਸਦ ਮੈਂਬਰਾਂ ’ਚ ਵੀ ਉਹ ਸ਼ਾਮਲ ਰਹੇ। ਐੱਮਪੀ ਲੈਡ ਫੰਡ ਦੀ ਪਾਰਦਰਸ਼ੀ ਤੇ ਲੋਕ-ਹਿੱਤ ਵਰਤੋਂ ਦੇ ਮਾਮਲੇ ’ਚ ਵੀ ਸੰਤ ਸੀਚੇਵਾਲ ਨੇ ਮਿਸਾਲ ਕਾਇਮ ਕੀਤੀ। ਉਨ੍ਹਾਂ ਵੱਲੋਂ 300 ਤੋਂ ਵੱਧ ਵਿਕਾਸ ਕਾਰਜਾਂ ਲਈ ਫੰਡ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਪੰਜਾਬ ਭਰ ’ਚ 250 ਤੋਂ ਵੱਧ ਪਾਣੀ ਦੀਆਂ ਟੈਂਕੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ, ਜਦਕਿ ਇੰਨੀਆਂ ਹੀ ਹੋਰ ਟੈਂਕੀਆਂ ਮਨਜ਼ੂਰੀ ਤੇ ਵੰਡ ਦੀ ਉਡੀਕ ’ਚ ਹਨ। ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣਾ ਸੰਤ ਸੀਚੇਵਾਲ ਦੀ ਕਾਰਜਸ਼ੈਲੀ ਦੀ ਵਿਸ਼ੇਸ਼ ਪਛਾਣ ਰਹੀ। ਉਨ੍ਹਾਂ ਦਾ ਦਫ਼ਤਰ ਹਮੇਸ਼ਾ ਆਮ ਲੋਕਾਂ ਲਈ ਖੁੱਲ੍ਹਾ ਰਿਹਾ, ਜਿੱਥੇ ਬਿਨਾਂ ਕਿਸੇ ਰਸਮੀ ਕਾਰਵਾਈ ਦੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚਦੇ ਰਹੇ।