ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ ਜਾਰੀ ਹੜਤਾਲ ਕਾਰਨ ਦੂਜੇ ਦਿਨ ਵੀ ਮਹਿਤਪੁਰ ਵਿੱਚ ਸਫਾਈ ਵਿਵਸਥਾ ਠੱਪ
Publish Date: Thu, 09 Jul 2026 08:32 PM (IST)
Updated Date: Thu, 09 Jul 2026 08:33 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਭਰ ਵਾਂਗ ਮਹਿਤਪੁਰ ਵਿੱਚ ਵੀ ਹੜਤਾਲ ਦੂਜੇ ਦਿਨ ਲਗਾਤਾਰ ਜਾਰੀ ਰਹੀ। ਹੜਤਾਲ ਕਾਰਨ ਸ਼ਹਿਰ ਵਿੱਚ ਸਫਾਈ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਨਗਰ ਪੰਚਾਇਤ ਦਫ਼ਤਰ ਵਿਖੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਹੜਤਾਲੀ ਕਰਮਚਾਰੀ ਆਪਣੀਆਂ ਮੰਗਾਂ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ ਸਫਾਈ ਦਾ ਕੰਮ ਬੰਦ ਰੱਖਣਗੇ। ਇਸ ਦੇ ਨਾਲ ਹੀ ਨਗਰ ਪੰਚਾਇਤ ਦਫ਼ਤਰ ਅੱਗੇ ਪੱਕਾ ਧਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਮਿਊਂਸੀਪਲ ਮੁਲਾਜ਼ਮਾਂ, ਸਫਾਈ ਸੇਵਕਾਂ, ਸੀਵਰਮੈਨਾਂ, ਡਰਾਈਵਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਜਾਰੀ ਰਹੇਗਾ। ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਤਨਖਾਹਾਂ ਵਿੱਚ ਤਰਕਸੰਗਤ ਵਾਧਾ ਕਰਨ ਅਤੇ ਹੋਰ ਮੰਗਾਂ ਨੂੰ ਮਨਜ਼ੂਰ ਕਰਨ ਦੀ ਬਜਾਏ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਨੀਅਨ ਆਗੂ ਸੁਭਾਸ਼ ਵਾਲਮੀਕ, ਸਲੀਮ ਮਹਿਤਪੁਰੀ, ਓਮ ਪ੍ਰਕਾਸ਼, ਕੇਵਲ ਕ੍ਰਿਸ਼ਨ, ਕੁਲਵਿੰਦਰ, ਰਾਮ ਚਰਨ, ਨਸੀਬ, ਮਨਜੀਤ, ਕਾਤਾਂ, ਮੰਜੂ ਅਤੇ ਮਜ਼ਦੂਰ ਆਗੂ ਤਰਸੇਮ ਪੀਟਰ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।