- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਜੂਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਭਗਤ ਚੁੰਨੀ ਲਾਲ ਦੇ ਅਚਾਨਕ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਪੂਰੇ ਸਿਆਸੀ ਅਤੇ ਸਮਾਜਿਕ ਜਗਤ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।

ਤੇਜਿੰਦਰ ਕੌਰ ਥਿੰਦ,ਜਲੰਧਰ: ਪੰਜਾਬ ਦੀ ਰਾਜਨੀਤੀ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦੁਖਦ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਹੇ ਭਗਤ ਚੁੰਨੀ ਲਾਲ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਜਲੰਧਰ-ਪਠਾਨਕੋਟ ਰੋਡ 'ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ, ਜਿੱਥੇ ਤਕਰੀਬਨ ਅੱਧੀ ਰਾਤ 12:30 ਵਜੇ ਉਨ੍ਹਾਂ ਨੇ ਅੰਤਿਮ ਸਾਹ ਲਏ।
ਮੌਜੂਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਭਗਤ ਚੁੰਨੀ ਲਾਲ ਦੇ ਅਚਾਨਕ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਪੂਰੇ ਸਿਆਸੀ ਅਤੇ ਸਮਾਜਿਕ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਅੱਜ ਸ਼ਾਮ 5 ਵਜੇ ਹੋਵੇਗਾ ਅੰਤਿਮ ਸੰਸਕਾਰ
ਪਰਿਵਾਰਿਕ ਸਰੋਤਾਂ ਅਨੁਸਾਰ, ਮ੍ਰਿਤਕ ਦੇਹ ਨੂੰ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖਣ ਤੋਂ ਬਾਅਦ ਅੱਜ (ਵੀਰਵਾਰ) ਸ਼ਾਮ 5:00 ਵਜੇ ਜਲੰਧਰ ਦੇ ਬਸਤੀ ਸ਼ੇਖ ਸਥਿਤ ਸ਼ਮਸ਼ਾਨ ਘਾਟ (ਮਾਡਲ ਹਾਊਸ ਰੋਡ) ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅੰਤਿਮ ਯਾਤਰਾ ਵਿੱਚ ਪੰਜਾਬ ਦੇ ਵੱਖ-ਵੱਖ ਰਾਜਨੀਤਿਕ ਦਲਾਂ ਦੇ ਸੀਨੀਅਰ ਆਗੂ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨਗੇ।
ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਭਗਤ ਚੁੰਨੀ ਲਾਲ ਦੇ ਦੇਹਾਂਤ 'ਤੇ ਪੰਜਾਬ ਸਰਕਾਰ ਨੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਅਜਿਹਾ ਰਿਹਾ ਭਗਤ ਚੁੰਨੀ ਲਾਲ ਦਾ ਰਾਜਨੀਤਿਕ ਸਫ਼ਰ
ਭਗਤ ਚੁੰਨੀ ਲਾਲ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਅਤੇ ਸਤਿਕਾਰਯੋਗ ਚਿਹਰਾ ਸਨ। ਉਨ੍ਹਾਂ ਨੇ ਆਪਣੇ ਲੰਬੇ ਰਾਜਨੀਤਿਕ ਕਰੀਅਰ ਦੌਰਾਨ ਜਨਤਾ ਦੀ ਸੇਵਾ ਕੀਤੀ। ਅਕਾਲੀ-ਭਾਜਪਾ ਗਠਜੋੜ ਸਰਕਾਰ (2012-2017) ਦੌਰਾਨ ਉਹ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਕੈਬਨਿਟ ਮੰਤਰੀ ਰਹੇ।
ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਉਹ ਜਲੰਧਰ ਦੱਖਣੀ (ਹੁਣ ਜਲੰਧਰ ਪੱਛਮੀ) ਹਲਕੇ ਤੋਂ ਤਿੰਨ ਵਾਰ ਵਿਧਾਨ ਸਭਾ ਦੇ ਮੈਂਬਰ (MLA) ਚੁਣੇ ਗਏ।
ਸਿਆਸੀ ਜਗਤ ਵਿੱਚ ਸੋਗ ਦੀ ਲਹਿਰ
ਉਨ੍ਹਾਂ ਦੇ ਦੇਹਾਂਤ 'ਤੇ ਪੰਜਾਬ ਦੇ ਰਾਜਨੀਤਿਕ ਗਲਿਆਰਿਆਂ 'ਚ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਭਗਤ ਚੁੰਨੀ ਲਾਲ ਇੱਕ ਸੁਲਝੇ ਹੋਏ, ਇਮਾਨਦਾਰ ਅਤੇ ਜਨਤਾ ਦੇ ਚਹੇਤੇ ਨੇਤਾ ਸਨ, ਜਿਨ੍ਹਾਂ ਦੀ ਘਾਟ ਪੰਜਾਬ ਦੀ ਰਾਜਨੀਤੀ ਵਿੱਚ ਹਮੇਸ਼ਾ ਰੜਕਦੀ ਰਹੇਗੀ।