ਜਲੰਧਰ ਦੇ ਪਿੰਡ ਸੰਘਵਾਲ 'ਚ ਬੇਅਦਬੀ: ਗੁਰਦੁਆਰਾ ਸਾਹਿਬ 'ਚ ਵੜ ਕੇ ਔਰਤ ਨੇ ਪਾੜੇ ਗੁਟਕਾ ਸਾਹਿਬ ਦੇ ਅੰਗ, ਪੁਲਿਸ ਵੱਲੋਂ ਮਾਮਲਾ ਦਰਜ
ਨਜ਼ਦੀਕੀ ਪਿੰਡ ਸੰਘਵਾਲ 'ਚ ਸਥਿਤ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ 'ਚ ਇੱਕ ਔਰਤ ਨੇ ਗੁਟਕਾ ਸਾਹਿਬ ਦੇ ਕੁਝ ਅੰਗਾਂ ਦੀ ਬੇਅਦਬੀ ਕੀਤੀ ਹੈ। ਬੇਅਦਬੀ ਤੋਂ ਬਾਅਦ ਪਿੰਡ ਵਾਸੀਆਂ ਨੇ ਔਰਤ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਕਿਸ਼ਨਗੜ੍ਹ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਦੋਸ਼ੀ ਔਰਤ ਰਾਧਿਕਾ ਪਤਨੀ ਕੇਸ਼ੂ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
Publish Date: Thu, 18 Jun 2026 04:39 PM (IST)
Updated Date: Thu, 18 Jun 2026 04:41 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ - ਨਜ਼ਦੀਕੀ ਪਿੰਡ ਸੰਘਵਾਲ 'ਚ ਸਥਿਤ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ 'ਚ ਇੱਕ ਔਰਤ ਨੇ ਗੁਟਕਾ ਸਾਹਿਬ ਦੇ ਕੁਝ ਅੰਗਾਂ ਦੀ ਬੇਅਦਬੀ ਕੀਤੀ ਹੈ। ਬੇਅਦਬੀ ਤੋਂ ਬਾਅਦ ਪਿੰਡ ਵਾਸੀਆਂ ਨੇ ਔਰਤ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਕਿਸ਼ਨਗੜ੍ਹ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਦੋਸ਼ੀ ਔਰਤ ਰਾਧਿਕਾ ਪਤਨੀ ਕੇਸ਼ੂ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਿੰਡ ਦੀ ਸਰਪੰਚ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਔਰਤ ਗੁਰਦੁਆਰਾ ਸਾਹਿਬ 'ਚ ਦਾਖਲ ਹੋਈ ਅਤੇ ਤਾੜੀਆਂ ਵਜਾਉਣ ਲੱਗ ਪਈ ਜਿਸ ਕਾਰਨ ਗੁਰਦੁਆਰਾ ਸਾਹਿਬ ਅੰਦਰ ਬੈਠੇ ਬੱਚੇ ਡਰ ਗਏ। ਔਰਤ ਨੇ ਗੁਰਦੁਆਰਾ ਸਾਹਿਬ ਅੰਦਰੋਂ ਗੁਟਕਾ ਸਾਹਿਬ ਫੜ ਲਿਆ ਅਤੇ ਉਸਦੇ ਕੁਝ ਅੰਗ ਪਾੜ ਦਿੱਤੇ। ਬਾਹਰ ਆਉਣ ਤੋਂ ਬਾਅਦ ਬੱਚਿਆਂ ਨੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਹੋਈ ਬੇਅਦਬੀ ਬਾਰੇ ਦੱਸਿਆ ਅਤੇ ਇਕੱਠੇ ਹੋਏ ਲੋਕਾਂ ਨੇ ਔਰਤ ਨੂੰ ਫੜ ਲਿਆ। ਉਨ੍ਹਾਂ ਕਿਹਾ ਕਿ ਔਰਤ ਨੂੰ ਪਹਿਲਾਂ ਪਿੰਡ 'ਚ ਕਦੀ ਵੀ ਨਹੀਂ ਦੇਖਿਆ ਗਿਆ ਸੀ ਅਤੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕਿਸੇ ਹੋਰ ਭਾਸ਼ਾ 'ਚ ਬੋਲਣ ਲੱਗ ਪਈ। ਜਿਸ ਬਾਰੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਬੇਅਦਬੀ ਕਰਨ ਵਾਲੀ ਬਿਹਾਰੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਨੂੰ ਥਾਣੇ ਲੈ ਗਏ।
ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸ ਆਈ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਇੱਕ ਔਰਤ ਨੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਗੁਟਕਾ ਸਾਹਿਬ ਦੇ ਕੁਝ ਅੰਗ ਪਾੜ ਕੇ ਬੇਅਦਬੀ ਕੀਤੀ ਹੈ। ਫਿਰ ਉਹ ਮੌਕੇ 'ਤੇ ਪਹੁੰਚੇ। ਹੈੱਡ ਗ੍ਰੰਥੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਹਮੇਸ਼ਾ ਵਾਂਗ ਸੁਖ ਆਸਣ ਤੋਂ ਬਾਅਦ ਬਾਥਰੂਮ ਗਿਆ ਸੀ ਅਤੇ ਬੱਚੇ ਗੁਰੂਦੁਆਰਾ ਸਾਹਿਬ ਦੇ ਅੰਦਰ ਮੌਜੂਦ ਸਨ। ਜਿੱਥੇ ਔਰਤ ਨੇ ਅੰਦਰ ਜਾ ਕੇ ਗੁਟਕਾ ਸਾਹਿਬ ਦੇ ਕੁਝ ਅੰਗ ਪਾੜ ਦਿੱਤੇ ਅਤੇ ਬੇਅਦਬੀ ਕੀਤੀ। ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੇ ਹੈੱਡ ਗ੍ਰੰਥੀ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਬੇਅਦਬੀ ਕਰਨ ਵਾਲੀ ਬਿਹਾਰੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਏ ਕੁਲਦੀਪ ਨੇ ਇਹ ਵੀ ਦੱਸਿਆ ਕਿ ਬਿਹਾਰੀ ਔਰਤ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ 'ਚ ਕਿਸੇ ਹੋਰ ਵਿਅਕਤੀ ਦੀ ਵੀ ਸ਼ਮੂਲੀਅਤ ਪਾਈ ਗਈ ਤਾਂ ਉਸ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।