- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਛੂਏ ਦੀ ਰਫ਼ਤਾਰ ’ਤੇ ਚੱਲ ਰਿਹਾ ਨਿਊ ਦਿਓਲ ਨਗਰ ’ਚ ਸੜਕਾਂ ਬਣਾਉਣ ਦਾ ਕੰਮ

-ਕਈ ਦਿਨਾਂ ਤੋਂ ਸੜਕ ਪੁੱਟੀ ਹੋਣ ਕਰਕੇ ਲੋਕਾਂ ਦਾ ਲਾਂਘਾ ਵੀ ਹੋਇਆ ਬੰਦ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਵਾਰਡ ਨੰਬਰ 40 ਅਧੀਨ ਆਉਂਦੇ ਨਿਊ ਦਿਓਲ ਨਗਰ ’ਚ ਸੜਕਾਂ ਬਣਾਉਣ ਦਾ ਕੰਮ ਤਕਰੀਬਨ 10 ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਤੇ 10 ਦਿਨ ਪਹਿਲਾਂ ਬਣਾਈ ਜਾਣ ਵਾਲੀ ਸੜਕ ਜੋ ਕਿ ਕਾਫੀ ਸਾਫ਼ ਹੀ ਸੀ, ਨੂੰ ਪੁੱਟ ਦਿੱਤਾ ਗਿਆ ਸੀ ਪਰ ਅੱਜ ਤੱਕ ਇਹ ਸੜਕ ਉਸੇ ਤਰ੍ਹਾਂ ਦੀ ਪੁੱਟੀ ਹੋਈ ਛੱਡ ਦਿੱਤੀ ਗਈ ਹੈ, ਜਿਸ ਕਰਕੇ ਲੋਕਾਂ ਦਾ ਇਸ ਰਸਤੇ ਤੋਂ ਲਾਂਘਾ ਵੀ ਬੰਦ ਹੋ ਗਿਆ ਹੈ। ਇਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਨਿਊ ਦਿਓਲ ਨਗਰ ਕਲੋਨੀ ਦੇ ਅੰਦਰ ਜਾਣ ਵਾਲੀ ਮੁੱਖ ਸੜਕ ਹੈ ਜੋ ਕਿ ਤਿਲਕ ਨਗਰ ਰੋਡ ’ਤੇ ਸਥਿਤ ਫਲੈਟਾਂ ਦੇ ਬਿਲਕੁਲ ਸਾਹਮਣੇ ਤੋਂ ਅੰਦਰ ਜਾਂਦੀ ਹੈ ਤੇ ਜ਼ਿਆਦਾਤਰ ਲੋਕਾਂ ਦਾ ਇਹੀ ਲਾਂਘਾ ਵੀ ਹੈ ਪਰ ਇਸ ਸੜਕ ਨੂੰ ਬਣਾਉਣ ਲਈ ਤੋੜੇ ਤਕਰੀਬਨ 10 ਦਿਨ ਦਾ ਸਮਾਂ ਬੀਤ ਗਿਆ ਹੈ। ਤੋੜੇ ਜਾਣ ਤੋਂ ਬਾਅਦ ਇੱਥੇ ਕੁੱਝ ਥਾਵਾਂ ’ਤੇ ਪਾਣੀ ਦੀਆਂ ਪਾਈਪਾਂ ਨੂੰ ਵੀ ਨੁਕਸਾਨ ਹੋਇਆ ਸੀ ਤੇ ਪਹਿਲਾਂ ਦੋ ਤਿੰਨ ਦਿਨ ਲੋਕ ਉਸ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੋਏ ਤੇ ਹੁਣ ਇਹ ਸੜਕ ਤੋੜ ਕੇ ਦੁਬਾਰਾ ਬਣਾਈ ਨਹੀਂ ਜਾ ਰਹੀ ਹੈ ਤੇ ਕੱਛੂ ਦੀ ਰਫ਼ਤਾਰ ’ਤੇ ਕੰਮ ਚਲ ਰਿਹਾ ਹੈ ਕਿਸੇ ਇੱਕ ਦਿਨ ਕੋਈ ਨਾ ਕੋਈ ਮਜ਼ਦੂਰ ਆਉਂਦਾ ਹੈ ਤੇ ਥੋੜੀ ਬਹੁਤ ਮਿੱਟੀ ਚੁੱਕ ਕੇ ਚਲਾ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕ ਨਾ ਬਣਾਏ ਜਾਣ ਕਰਕੇ ਉਨ੍ਹਾਂ ਨੂੰ ਆਪਣੇ ਦੋਪਹੀਆ ਵਾਹਨ ਅਤੇ ਕਾਰਾਂ ਵੀ ਘਰ ਤੱਕ ਲਿਜਾਉਣ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਗਾਂਹ ਬਰਸਾਤਾਂ ਆਉਣ ਵਾਲੀਆਂ ਹਨ ਜੇਕਰ ਇਹ ਸੜਕ ਨਾ ਬਣਾਈ ਗਈ ਤਾਂ ਉਨ੍ਹਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਕਿਉਂ ਕਿ ਸੜਕ ਪੁੱਟੀ ਹੋਣ ਕਰਕੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਹੱਲ ਨਹੀਂ ਹੋਵੇਗਾ। ਲੋਕਾਂ ਨੇ ਕਿਹਾ ਕਿ ਉਕਤ ਠੇਕੇਦਾਰ ਨੇ ਕਿਤੇ ਹੋਰ ਵੀ ਕੰਮ ਸ਼ੁਰੂ ਕੀਤਾ ਹੈ ਪਰ ਉਹ ਕੰਮ ਵੀ ਰੁਕਿਆ ਹੋਇਆ ਹੈ। ਲੋਕਾਂ ਨੇ ਇਲਾਕਾ ਕੌਂਸਲਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਸੜਕ ਨੂੰ ਬਣਾਉਣ ਦਾ ਕੰਮ ਛੇਤੀ ਤੋਂ ਛੇਤੀ ਸ਼ੁਰੂ ਕਰਵਾਇਆ ਜਾਵੇ।
--------------------------
ਕੰਮ ਨੂੰ ਛੇਤੀ ਤੋਂ ਛੇਤੀ ਕਰਵਾਉਣ ਦੀ ਕੋਸ਼ਿਸ਼ : ਬੱਬਲ
ਇਸ ਸਬੰਧੀ ਗੱਲਬਾਤ ਕਰਦੇ ਹੋਏ ਇਲਾਕੇ ਦੇ ਭਾਜਪਾ ਦੇ ਕੌਂਸਲਰ ਅਜੇ ਬੱਬਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹ ਕਹਿ ਰਿਹਾ ਹੈ ਕਿ ਉਸ ਨੂੰ ਸਾਮਾਨ ਨਹੀਂ ਮਿਲ ਰਿਹਾ ਤੇ ਲੇਬਰ ਵੀ ਘੱਟ ਹੈ। ਕੌਂਸਲਰ ਅਜੇ ਬੱਬਲ ਨੇ ਕਿਹਾ ਕਿ ਉਹ ਇਸ ਸੜਕ ਨੂੰ ਛੇਤੀ ਤੋਂ ਛੇਤੀ ਪੂਰਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।