ਸੇਵਾਮੁਕਤ ਪੁਲਿਸ ਇੰਸਪੈਕਟਰ ਨੇ ਸਲਫਾਸ ਨਿਗਲ ਕੇ ਕੀਤੀ ਖ਼ੁਦਕੁਸ਼ੀ
ਨੂੰਹ ਤੇ ਉਸਦੇ ਪੇਕੇ ਪਰਿਵਾਰ ਤੋਂ ਤੰਗ ਆ ਕੇ ਰਿਟਾਇਰਡ ਪੁਲਿਸ ਇੰਸਪੈਕਟਰ ਵੱਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ
Publish Date: Mon, 15 Jun 2026 09:52 PM (IST)
Updated Date: Mon, 15 Jun 2026 09:54 PM (IST)

-ਸੁਸਾਈਡ ਨੋਟ ਤੇ ਵੀਡੀਓ ਬਣਾ ਕੇ ਕੀਤੇ ਅਹਿਮ ਖੁਲਾਸੇ, ਨੂੰਹ ਸਮੇਤ 10 ਲੋਕਾਂ ਤੇ ਮਾਮਲਾ ਦਰਜ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਨਜ਼ਦੀਕੀ ਪਿੰਡ ਕੰਨੀਆਂ ਕਲਾਂ ’ਚ ਇਕ ਸੇਵਾਮੁਕਤ ਪੁਲਿਸ ਇੰਸਪੈਕਟਰ ਹਰਭਜਨ ਸਿੰਘ ਨੇ ਕਥਿਤ ਤੌਰ ਤੇ ਨੂੰਹ ਤੇ ਉਸ ਦੇ ਪੇਕੇ ਪਰਿਵਾਰ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਸਲਫਾਸ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਨੇ ਮੌਤ ਨੂੰ ਗਲੇ ਲਾਉਣ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਤੇ ਉਨ੍ਹਾਂ ਦੀ ਜੇਬ੍ਹ ਚੋਂ 4 ਸਫ਼ਿਆਂ ਦਾ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ’ਚ ਉਨ੍ਹਾਂ ਨੇ ਮੌਤ ਲਈ ਨੂੰਹ ਤੇ ਉਸਦੇ ਰਿਸ਼ਤੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਹਰਭਜਨ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਉਹ ਸ਼ਾਮ ਦੇ ਸਮੇਂ ਪਿੰਡ ਸਾਂਦਾ ਵਿਖੇ ਆਪਣੀ ਨਨਾਣ ਦੇ ਘਰ ਗਈ ਹੋਈ ਸੀ ਤੇ ਘਰ ਵਿਚ ਉਨ੍ਹਾਂ ਦੇ ਪਤੀ ਇਕੱਲੇ ਸਨ। ਪਰੇਸ਼ਾਨ ਕਾਰਨ ਹਰਭਜਨ ਸਿੰਘ ਨੇ ਸਲਫਾਸ ਨਿਗਲ ਲਿਆ ਅਤੇ ਇਸ ਦੀ ਜਾਣਕਾਰੀ ਨਿਊਜ਼ੀਲੈਂਡ ਰਹਿੰਦੇ ਆਪਣੇ ਲੜਕੇ ਨੂੰ ਫੋਨ ਤੇ ਦਿੱਤੀ। ਲੜਕੇ ਵੱਲੋਂ ਸੂਚਿਤ ਕਰਨ ਤੇ ਕੁਲਵੰਤ ਕੌਰ ਤੁਰੰਤ ਘਰ ਪੁੱਜੀ ਤੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਸ਼ਾਹਕੋਟ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਪਰ ਰਸਤੇ ’ਚ ਲਾਂਬੜਾ ਨੇੜੇ ਉਨ੍ਹਾਂ ਨੇ ਦਮ ਤੋੜ ਦਿੱਤਾ। ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਅਮਰਪ੍ਰੀਤ ਸਿੰਘ (ਵਾਸੀ ਆਕਲੈਂਡ, ਨਿਊਜ਼ੀਲੈਂਡ) ਦਾ ਵਿਆਹ ਸਾਲ 2025 ’ਚ ਨਵਦੀਪ ਕੌਰ (ਪਿੰਡ ਪਨਿਆਰ, ਜ਼ਿਲ੍ਹਾ ਗੁਰਦਾਸਪੁਰ) ਨਾਲ ਹੋਇਆ ਸੀ, ਜੋ ਖੁਦ ਵੀ ਨਿਊਜ਼ੀਲੈਂਡ ਰਹਿੰਦੀ ਸੀ। ਵਿਆਹ ਤੋਂ ਬਾਅਦ ਇਹ ਜੋੜਾ ਸਿਰਫ਼ 18 ਦਿਨ ਭਾਰਤ ਰਿਹਾ ਤੇ ਫਿਰ ਨਿਊਜ਼ੀਲੈਂਡ ਵਾਪਸ ਚਲਾ ਗਿਆ। ਨੂੰਹ ਨਵਦੀਪ ਕੌਰ ਲੜਕੇ ’ਤੇ ਆਕਲੈਂਡ ਦੀ ਨੌਕਰੀ ਛੱਡ ਕੇ ਗਿਸਬੋਰਨ ਜਾਣ ਦਾ ਦਬਾਅ ਪਾਉਂਦੀ ਸੀ। ਨੂੰਹ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਿਊਜ਼ੀਲੈਂਡ ’ਚ ਲੜਕੇ ਨਾਲ ਬਦਸਲੂਕੀ ਕੀਤੀ ਗਈ, ਜਿਸ ਦੀ ਸ਼ਿਕਾਇਤ ਨਿਊਜ਼ੀਲੈਂਡ ਪੁਲਿਸ ਨੂੰ ਦਿੱਤੀ ਗਈ ਸੀ ਤੇ ਫੈਮਿਲੀ ਕੋਰਟ (ਮੈਨੂਕਾਊ) ’ਚ ਵੱਖ ਹੋਣ ਦੀ ਅਰਜ਼ੀ ਵੀ ਦਾਇਰ ਹੈ। ਇਸ ਸਭ ਦੇ ਬਾਵਜੂਦ ਨੂੰਹ ਦੇ ਪੇਕੇ ਪਰਿਵਾਰ ਨੇ ਸਿਆਸੀ ਰਸੂਖ ਦੀ ਵਰਤੋਂ ਕਰਦਿਆਂ ਬਟਾਲਾ ਪੁਲਿਸ ਥਾਣੇ ’ਚ ਹਰਭਜਨ ਸਿੰਘ ਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ। ਗੁਰਦਾਸਪੁਰ ਕੋਰਟ ਤੋਂ ਜ਼ਮਾਨਤ ਮਿਲਣ ਉਪਰੰਤ ਇਹ ਬਜ਼ੁਰਗ ਜੋੜਾ 10 ਜੂਨ 2026 ਨੂੰ ਹੀ ਪੁਲਿਸ ਜਾਂਚ ’ਚ ਸ਼ਾਮਲ ਹੋਣ ਲਈ ਨਿਊਜ਼ੀਲੈਂਡ ਤੋਂ ਭਾਰਤ ਆਇਆ ਸੀ ਪਰ ਮਾਨਸਿਕ ਪਰੇਸ਼ਾਨੀ ਨਾ ਝੱਲਦਿਆਂ ਹਰਭਜਨ ਸਿੰਘ ਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ। ਇਸ ਸਬੰਧੀ ਡੀਐੱਸਪੀ ਸ਼ਾਹਕੋਟ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ’ਚ ਰਖਵਾਇਆ ਗਿਆ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ, ਸੁਸਾਈਡ ਨੋਟ ਤੇ ਵੀਡੀਓ ਦੇ ਆਧਾਰ ਤੇ ਸ਼ਾਹਕੋਟ ਥਾਣੇ ’ਚ ਬੀਐੱਨਐੱਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ ਵਿਚ ਨਵਦੀਪ ਕੌਰ (ਨੂੰਹ) ਵਾਸੀ ਨਿਊਜ਼ੀਲੈਂਡ, ਉਸ ਦੇ ਪਿਤਾ ਰਛਪਾਲ ਸਿੰਘ, ਜਗਪਾਲ ਸਿੰਘ ਵਾਸੀ ਪਿੰਡ ਪਨਿਆਰ, ਜਗਜੀਤ ਸਿੰਘ ਵਾਸੀ ਪਿੰਡ ਅੱਠਵਾਲ (ਗੁਰਦਾਸਪੁਰ), ਬਲਜਿੰਦਰ ਸਿੰਘ ਕੰਗ (ਸਾਬਕਾ ਸਰਪੰਚ) ਵਾਸੀ ਪਿੰਡ ਬਿੱਲੇ, ਥਾਣਾ ਮਹਿਤਪੁਰ, ਸੂਬੇਗ ਸਿੰਘ (ਰਿਟਾਇਰ ਪੁਲਿਸ ਇੰਸਪੈਕਟਰ) ਵਾਸੀ ਪਿੰਡ ਧਰਮੀਵਾਲ, ਭੁਪਿੰਦਰ ਸਿੰਘ ਕੰਗ, ਗੋਪੀ, ਸਰਬਜੀਤ ਸਿੰਘ, ਬਰਿੰਦਰਜੀਤ ਕੌਰ (ਸਾਰੇ) ਵਾਸੀ ਨਿਊਜ਼ੀਲੈਂਡ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।