- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਈਵੇ ਦੀ ਸਰਵਿਸ ਲੇਨ ਦੀ ਮੁਰੰਮਤ ਦਾ ਕੰਮ ਸ਼ੁਰੂ, ਵਾਹਨ ਚਾਲਕਾਂ ਨੂੰ ਮਿਲੇਗੀ ਰਾਹਤ

-ਮੌਨਸੂਨ ਤੋਂ ਬਾਅਦ ਐੱਨਐੱਚਏਆਈ ਵੱਲੋਂ ਬਣਾਈ ਜਾਵੇਗੀ ਨਵੀਂ ਸੜਕ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੈਸ਼ਨਲ ਹਾਈਵੇ ਦੀ ਸਰਵਿਸ ਲੇਨ 'ਤੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਲਾਈਨ ਵਿਛਾਉਣ ਲਈ ਠੇਕੇਦਾਰ ਕੰਪਨੀ ਨੇ ਫਰਵਰੀ ਮਹੀਨੇ ’ਚ ਲੰਮਾ ਪਿੰਡ ਚੌਕ ਤੋਂ ਪਠਾਨਕੋਟ ਚੌਕ, ਟਰਾਂਸਪੋਰਟ ਨਗਰ ਹੁੰਦੇ ਹੋਏ ਫੋਕਲ ਪੁਆਇੰਟ ਚੌਕ ਤੱਕ ਸੜਕ ਦੀ ਪੁਟਾਈ ਕੀਤੀ ਸੀ। ਕਰੀਬ ਚਾਰ ਮਹੀਨੇ ਦੀ ਲੰਬੀ ਉਡੀਕ ਤੋਂ ਬਾਅਦ, ਮੌਨਸੂਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਐੱਨਐੱਚਏਆਈ ਨੇ ਖੁਦਾਈ ਕੀਤੀ। ਸਰਵਿਸ ਲੇਨ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸ ਨਾਲ ਮੀਂਹ ਪੈਣ ਦੌਰਾਨ ਹਾਈਵੇ ਤੇ ਸਰਵਿਸ ਲੇਨ 'ਤੇ ਪਾਣੀ ਭਰਨ ਦੀ ਸਥਿਤੀ ’ਚ ਵਾਹਨ ਚਾਲਕਾਂ ਨੂੰ ਰਾਹਤ ਮਿਲੇਗੀ। ਸਰਫੇਸ ਵਾਟਰ ਪ੍ਰੋਜੈਕਟ ਅਧੀਨ ਪਾਈਪਲਾਈਨ ਵਿਛਾਉਣ ਦਾ ਕੰਮ ਹਾਲੇ ਵੀ ਜਾਰੀ ਹੈ। ਇਸ ਤਹਿਤ ਫੋਕਲ ਪੁਆਇੰਟ ਤੋਂ ਸ਼ਹੀਦ ਭਗਤ ਸਿੰਘ ਕਾਲੋਨੀ ਨੇੜੇ ਨਹਿਰ ਤੱਕ ਸਰਵਿਸ ਲੇਨ 'ਤੇ ਪਾਈਪਾਂ ਪਾਉਣ ਲਈ ਪੁਟਾਈ ਜਾਰੀ ਹੈ। ਇਸ ਤੋਂ ਪਹਿਲਾਂ ਬੇਮੌਸਮੀ ਮੀਂਹ ਪੈਣ ਕਾਰਨ ਸਰਵਿਸ ਲੇਨ 'ਤੇ ਕਈ ਥਾਵਾਂ 'ਤੇ ਵੱਡੇ-ਵੱਡੇ ਟੋਏ ਬਣ ਗਏ ਸਨ ਤੇ ਸੜਕ ਉਬੜ-ਖਾਬੜ ਹੋ ਗਈ ਸੀ। ਇਸ ਕਾਰਨ ਦੋਪਹੀਆ ਤੇ ਚਾਰਪਹੀਆ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਉੱਥੇ ਹੀ ਤੇਜ਼ ਧੁੱਪ ਦੌਰਾਨ ਉੱਡਦੀ ਧੂੜ ਕਾਰਨ ਵਾਹਨ ਚਾਲਕਾਂ ਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੂੰ ਵੀ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਸੀ। ਠੇਕੇਦਾਰ ਕੰਪਨੀ ਵੱਲੋਂ ਪਠਾਨਕੋਟ ਚੌਕ ਤੋਂ ਟਰਾਂਸਪੋਰਟ ਨਗਰ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਕਾਲੋਨੀ ਨੇੜੇ ਨਹਿਰ ਤੱਕ ਪਾਈਪਲਾਈਨ ਪਾਉਣ ਲਈ ਪੁਟਾਈ ਜਾਰੀ ਹੈ। ਇਸ ਕਾਰਨ ਫੋਕਲ ਪੁਆਇੰਟ ਤੋਂ ਪਠਾਨਕੋਟ ਚੌਕ ਵੱਲ ਆਉਣ ਵਾਲੇ ਵਾਹਨਾਂ ਲਈ ਟੁੱਟੀ-ਫੁੱਟੀ ਸਰਵਿਸ ਲੇਨ ਹੀ ਇੱਕੋ-ਇੱਕ ਰਸਤਾ ਬਚਿਆ ਹੈ। ਹੁਣ ਇਸ ਦੀ ਮੁਰੰਮਤ ਹੋਣ ਨਾਲ ਵਾਹਨ ਚਾਲਕਾਂ ਨੂੰ ਰਾਹਤ ਮਿਲੇਗੀ।
-ਅਜੇ ਇੱਕ ਮਹੀਨਾ ਹੋਰ ਚੱਲੇਗਾ ਪਾਈਪਲਾਈਨ ਦਾ ਕੰਮ
ਸਰਫੇਸ ਵਾਟਰ ਪ੍ਰੋਜੈਕਟ ਦੀ ਨੋਡਲ ਏਜੰਸੀ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਐੱਸਡੀਓ ਪਦਮਦੀਪ ਸਿੰਘ ਅਨੁਸਾਰ ਸਰਵਿਸ ਲੇਨ 'ਤੇ ਪਾਈਪਲਾਈਨ ਵਿਛਾਉਣ ਦਾ ਕੰਮ ਪੂਰਾ ਹੋਣ ’ਚ ਕਰੀਬ ਇਕ ਮਹੀਨੇ ਦਾ ਸਮਾਂ ਹੋਰ ਲੱਗੇਗਾ। ਲੰਮਾ ਪਿੰਡ ਤੋਂ ਸੂਰਿਆ ਐਨਕਲੇਵ ਤੱਕ ਅੱਧ ਤੋਂ ਵੱਧ ਪਾਈਪਲਾਈਨ ਪਾਈ ਜਾ ਚੁੱਕੀ ਹੈ, ਜਦਕਿ ਫੋਕਲ ਪੁਆਇੰਟ ਚੌਕ ਤੋਂ ਵੇਰਕਾ ਮਿਲਕ ਪਲਾਂਟ ਤੱਕ ਪੁੱਟਣ ਦਾ ਕੰਮ ਅਜੇ ਸ਼ੁਰੂ ਹੋਣਾ ਬਾਕੀ ਹੈ। ਸੰਜੇ ਗਾਂਧੀ ਨਗਰ ਤੋਂ ਨਹਿਰ ਤੱਕ ਪਾਈਪਲਾਈਨ ਪਾਉਣ ਦਾ ਕੰਮ ਇੱਕ ਹਫ਼ਤੇ ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਕੰਮ ਲਈ ਸੜਕ ਦਾ ਇਕ ਪਾਸਾ ਆਵਾਜਾਈ ਲਈ ਬੰਦ ਕੀਤਾ ਹੈ, ਜਿਸ ਨੂੰ ਦੋ ਦਿਨਾਂ ’ਚ ਖੋਲ੍ਹ ਦਿੱਤਾ ਜਾਵੇਗਾ। ਉਦੋਂ ਤੱਕ ਲੋਕਾਂ ਨੂੰ ਵੇਰਕਾ ਮਿਲਕ ਪਲਾਂਟ ਵਾਲੇ ਪਾਸੇ ਤੋਂ ਰੋਂਗ ਸਾਈਡ ਰਾਹੀਂ ਚੱਕਰ ਲਾ ਕੇ ਆਉਣਾ ਪੈ ਰਿਹਾ ਹੈ। ਪੂਰੀ ਪਾਈਪਲਾਈਨ ਵਿਛਾਉਣ ਤੋਂ ਬਾਅਦ ਹੀ ਐੱਨਐੱਚਏਆਈ ਵੱਲੋਂ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਪਹਿਲਾਂ ਹੀ 20 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ।
-ਚੌਰਾਹਿਆਂ 'ਤੇ ਪਾਈਪਾਂ ਦੇ ਕੁਨੈਕਸ਼ਨ ਦਾ ਕੰਮ ਸਭ ਤੋਂ ਅਖੀਰ ’ਚ ਹੋਵੇਗਾ
ਐੱਸਡੀਓ ਪਦਮਦੀਪ ਸਿੰਘ ਅਨੁਸਾਰ ਲੰਮਾ ਪਿੰਡ ਚੌਕ, ਪਠਾਨਕੋਟ ਚੌਕ, ਟਰਾਂਸਪੋਰਟ ਨਗਰ ਚੌਕ ਤੇ ਫੋਕਲ ਪੁਆਇੰਟ ਚੌਕ ਦੇ ਅੱਗੇ-ਪਿੱਛੇ ਪਾਈਪਾਂ ਵਿਛਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਚੌਰਾਹਿਆਂ 'ਤੇ ਦੋਵੇਂ ਪਾਸਿਆਂ ਦੀਆਂ ਪਾਈਪਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਸਭ ਤੋਂ ਅਖੀਰ ਵਿੱਚ ਕੀਤਾ ਜਾਵੇਗਾ, ਕਿਉਂਕਿ ਇਸ ਲਈ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕਣਾ ਪਵੇਗਾ। ਇਹ ਕੰਮ ਟਰੈਫਿਕ ਪੁਲਿਸ ਨਾਲ ਤਾਲਮੇਲ ਕਰਕੇ ਰਾਤ ਵੇਲੇ ਕੀਤਾ ਜਾਵੇਗਾ।
-ਪੁਟਾਈ ਵਾਲੀ ਸੜਕ ਦੀ ਮੁਰੰਮਤ ਨਾਲ ਆਵਾਜਾਈ ਹੋਵੇਗੀ ਸੌਖੀ
ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਜਲੰਧਰ ਡਿਵੀਜ਼ਨ ਦੇ ਪ੍ਰੋਜੈਕਟ ਡਾਇਰੈਕਟਰ ਸੰਜੇ ਮਿਸ਼ਰਾ ਅਨੁਸਾਰ ਪੁੱਟੀ ਹੋਈ ਸੜਕ ਦੀ ਮੁਰੰਮਤ ਲਈ ਉਨ੍ਹਾਂ ਦੇ ਹੈੱਡ ਆਫ਼ਿਸ ਵੱਲੋਂ ਕਰੀਬ 6 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਹੈ। ਟੋਇਆਂ ਨੂੰ ਮਿੱਟੀ ਨਾਲ ਭਰਨ ਤੋਂ ਬਾਅਦ ਸੜਕ ਨੂੰ ਆਵਾਜਾਈ ਯੋਗ ਬਣਾਉਣ ਲਈ ਇੰਟਰਲਾਕਿੰਗ ਟਾਈਲਾਂ ਵਿਛਾਈਆਂ ਜਾ ਰਹੀਆਂ ਹਨ। ਕੋਸ਼ਿਸ਼ ਹੈ ਕਿ ਇਹ ਕੰਮ ਮੌਨਸੂਨ ਪੂਰੀ ਤਰ੍ਹਾਂ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਨਵਾਂ ਟੈਂਡਰ ਲਾਗੂ ਹੋਣ ਤੋਂ ਬਾਅਦ ਮੌਨਸੂਨ ਮਗਰੋਂ ਸੜਕ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ।