- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੁਲਾਈ ਦੇ ਦੁਜੇ ਹਫਤੇ ਸ਼ੁਰੂ ਹੋ ਸਕਦਾ ਹੈ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ

ਪਹਿਲੇ ਪੜਾਅ ਦਾ 95 ਕਰੋੜ ਦਾ ਹੈ ਪ੍ਰਾਜੈਕਟ, ਦੂਜੇ ਪੜਾਅ ’ਚ ਡੀਐੱਮਯੂ ਸ਼ੈਡ ਸਮੇਤ 400 ਕਰੋੜ ਦਾ ਪ੍ਰਾਜੈਕਟ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਜੁਲਾਈ ਮਹੀਨੇ ਦੇ ਦੂਜੇ ਹਫ਼ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਸਕਦਾ ਹੈ, ਕਿਉਂਕਿ ਨਿਸ਼ਾਨਦੇਹੀ ਲਈ ਰੇਲਵੇ ਦੀਆਂ ਕੰਸਟ੍ਰੱਕਸ਼ਨ ਟੀਮਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਰੇਲਵੇ ਸੂਤਰਾਂ ਦੇ ਅਨੁਸਾਰ ਦੂਜੇ ਪੜਾਅ ’ਚ ਡੀਐਮਯੂ ਸ਼ੈੱਡ ਸਮੇਤ 400 ਕਰੋੜ ਦਾ ਪ੍ਰਾਜੈਕਟ ਹੈ। ਨਵੀਨੀਕਰਨ ਦਾ ਕੰਮ ਰੇਲਵੇ ਰੈਸਟ ਹਾਊਸ ਵਾਲੇ ਪਾਸੇ ਤੋਂ ਸ਼ੁਰੂ ਹੋਵੇਗਾ ਜਦੋਂਕਿ ਸਟੇਸ਼ਨ ਦੀ ਪੁਰਾਣੀ ਇਮਾਰਤ ਨੂੰ ਪਾਰਸਲ ਦਫਤਰ ’ਚ ਤਬਦੀਲ ਕੀਤਾ ਜਾਵੇਗਾ। ਇਸ ਸਬੰਧੀ ਜਿਹੜਾ ਖਰੜਾ ਤਿਆਰ ਕੀਤਾ ਗਿਆ ਸੀ, ਉਸ ’ਚ ਉੱਤਰੀ ਰੇਲਵੇ ਬੋਰਡ ਦੇ ਜਨਰਲ ਮੈਨੇਜਰ ਪਾਂਡੇ ਨੇ ਮਾਰਚ ਮਹੀਨੇ ਦੀ ਫੇਰੀ ਦੌਰਾਨ ਕੁਝ ਇਤਰਾਜ਼ ਪ੍ਰਗਟਾਏ ਸਨ ਤੇ ਉਨ੍ਹਾਂ ’ਚ ਸੁਧਾਰ ਕਰਨ ਲਈ ਫਿਰੋਜ਼ਪੁਰ ਰੇਲਵੇ ਮੰਡਲ ਦੇ ਜਨਰਲ ਮੈਨੇਜਰ ਸੰਜੀਵ ਕਮਾਰ ਨੂੰ ਕੁਝ ਹਦਾਇਤਾਂ ਕੀਤੀਆਂ ਸਨ। ਇਸ ਮਗਰੋਂ ਨਕਸ਼ੇ ’ਚ ਤਬਦੀਲੀ ਕੀਤੀ ਗਈ। ਉੱਤਰੀ ਰੇਲਵੇ ਦੀ ਕੰਸਟ੍ਰੱਕਸ਼ਨ ਟੀਮ ਵੱਲੋਂ ਵੀ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਰੇਲਵੇ ਸਟੇਸ਼ਨ ਦਾ ਮੁਆਇਨਾ ਕੀਤੇ ਜਾਣ ਦੀ ੳਮੀਦ ਹੈ ਤੇ ਉਸ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੰਮ ਸ਼ੁਰੂ ਹੋਵੇਗਾ। ਪਹਿਲੇ ਪੜਾਅ ’ਚ ਦੂਜਾ ਐਂਟਰੀ ਗੇਟ ਬਨਾਇਆ ਜਾਵੇਗਾ ਜਿਹੜਾ ਕਿ ਕਾਜ਼ੀ ਮੰਡੀ ਵਾਲੇ ਪਾਸੇ ਤੋਂ ਸਟੇਸ਼ਨ ’ਤੇ ਜਾਣ ਲਈ ਯਾਤਰੀਆਂ ਨੂੰ ਸਹੂਲਤ ਮੁਹੱਈਆ ਕਰਾਵੇਗਾ। ਸਟੇਸ਼ਨ ਦੇ 6 ਪਲੇਟ ਫਾਰਮ ਬਣਾਏ ਜਾਣਗੇ ਜਦਕਿ ਇਸ ਸਮੇਂ ਸਿਰਫ 4 ਪਲੇਟ ਫਾਰਮ ਹਨ ਤੇ ਸਟੇਸ਼ਨ ਦੇ ਨਵੀਨੀਕਰਨ ਦੌਰਾਨ ਇਸ ਦਾ ਘੇਰਾ ਵਧਾਇਆ ਜਾਵੇਗਾ ਅਤੇ 6 ਪਲੇਟ ਫਾਰਮ ਬਣਾਏ ਜਾਣਗੇ। ਇਸ ਤੋਂ ਇਲਾਵਾ ਟਿਕਟ ਬੁਕਿੰਗ ਤੇ ਰਿਜ਼ਰਵੇਸ਼ਨ ਨੂੰ ਸਟੇਸ਼ਨ ਦੇ ਬਾਹਰੀ ਹਿੱਸੇ ਵੱਲ ਬਣਾਇਆ ਜਾਵੇਗਾ। ਰੇਲਵੇ ਸਟੇਸ਼ਨ ’ਤੇ ਰੇਲ ਯਾਤਰੀਆਂ ਦੇ ਖਾਣ ਪੀਣ ਲਈ ਫੂਡਕੋਰਟ ਵੀ ਬਣਾਏ ਜਾਣਗੇ, ਇਹ ਸਹੂਲਤ ਆਈਆਰਸੀਟੀਸੀ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਮੈਡੀਕਲ ਸਹਾਇਤਾ ਲਈ ਸਟੇਸ਼ਨ ’ਤੇ ਇਕ ਛੋਟਾ ਕਲੀਨਿਕ ਵੀ ਹੋਵੇਗਾ। ਜਦਕਿ ਮੈਡੀਕਲ ਸ਼ਾਪ, ਕਸ਼ੀਦਾਕਾਰੀ ਦਾ ਸਟਾਲ ਸਮੇਤ ਹੋਰ ਵੀ ਅਨੇਕਾਂ ਸਟਾਲ ਲਾਏ ਜਾਣ ਦੀ ਵਿਵਸਥਾ ਹੋਵੇਗੀ।
---
ਐਸਕੇਲੇਟਰ ਤੇ ਪਾਰਕਿੰਗ ਦੀ ਵੀ ਹੋਵੇਗੀ ਸਹੂਲਤ
ਉਕਤ ਪ੍ਰਾਜੈਕਟ ’ਚ ਬਜ਼ੁਰਗਾਂ, ਦਿਵਿਆਂਗਾਂ ਤੇ ਹੋਰ ਲੋਕਾਂ ਲਈ ਐਸਕੇਲੇਟਰ ਦੀ ਸਹੂਲਤ ਵੀ ਨਵੀਨੀਕਰਨ ਦੇ ਪ੍ਰਾਜੈਕਟ ’ਚ ਸ਼ਾਮਲ ਹੈ, ਜਦਕਿ ਮੌਜੂਦਾ ਸਟੇਸ਼ਨ ’ਤੇ ਐਸਕੇਲੇਟਰ ਲਾਉਣ ਦੀ ਮੰਗ ਕਾਰਨ ਦੋ ਨੰਬਰ ਪਲੇਟ ਫਾਰਮ ’ਤੇ ਜਾਣ ਲਈ ਬਣੀਆਂ ਪੌੜੀਆਂ ਦਾ ਇਕ ਹਿੱਸਾ ਲਗਪਗ 8 ਸਾਲ ਤੋਂ ਵੀ ਪਹਿਲਾਂ ਢਾਹਿਆ ਜਾ ਚੁੱਕਾ ਹੈ, ਜਿਸ ਨੂੰ ਨਵੀਨੀਕਰਨ ਦੌਰਾਨ ਮੁੜ ਬਹਾਲ ਕੀਤਾ ਜਾਵੇਗਾ। ਮੌਜੂਦਾ ਸਮੇਂ ਦੌਰਾਲ ਐਸਕੇਲੇਟਰ ਦੀ ਸਹੂਲਤ ਨਾ ਹੋਣ ਕਾਰਨ ਬਜ਼ੁਰਗਾਂ ਤੇ ਦਿਵਿਆਗਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਪਾਰਕਿੰਗ ਦੀ ਅਜਿਹੀ ਵਿਵਸਥਾ ਹੋਵੇਗੀ ਜਿਸ ਨਾਲ ਯਾਤਰੀਆਂ ਨੂੰ ਉਤਾਰ ਕੇ ਇਕ ਪਾਸੇ ਤੋਂ ਆ ਕੇ ਦੁਜੇ ਪਾਸੇ ਵੱਲ ਆਸਾਨੀ ਹੋਵੇਗੀ।
---
ਯਾਤਰੀ ਤੋਂ ਇਲਾਵਾ ਪਲੇਟ ਫਾਰਮ ਤੇ ਕੋਈ ਨਹੀਂ ਜਾਏਗਾ
ਸਟੇਸ਼ਨ ’ਤੇ ਬਣਨ ਵਾਲੇ 6 ਪਲੇਟ ਫਾਰਮਾਂ ਦੀ ਸਹੂਲਤ ਰਹੇਗੀ ਤੇ ਜਿਸ ਵੀ ਵਿਅਕਤੀ ਨੇ ਰੇਲ ਗੱਡੀ ’ਚ ਸਵਾਰ ਹੋਣਾ ਹੋਵੇਗਾ ਉਹ ਹੀ ਟਿਕਟ ਦਿਖਾ ਕੇ ਪਲੇਟਫਾਰਮ ’ਚ ਦਾਖਲ ਹੋ ਸਕੇਗਾ। ਅਜਿਹਾ ਹੋਣ ਨਾਲ ਪਲੇਟਫਾਰਮਾਂ ’ਤੇ ਭੀੜ ਘਟੇਗੀ।