
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੇਂਦਰੀ ਪੱਧਰ ’ਤੇ 2017 ਵਿੱਚ (ਲਾਲ ਬੱਤੀ) ਬੀਕਨ ਦੀ ਵਰਤੋਂ ਸਬੰਧੀ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਸੀ ਅਤੇ ਵੀਆਈਪੀ ਕਲਚਰ ਨੂੰ ਖਤਮ ਕਰਦਿਆਂ ਇਸ ਦੀ ਵਰਤੋਂ ਨੂੰ ਨਿਰਧਾਰਤ ਸ਼੍ਰੇਣੀਆਂ ਅਤੇ ਐਮਰਜੈਂਸੀ ਡਿਊਟੀ ਵਾਲੇ ਵਾਹਨਾਂ ਤੱਕ ਸੀਮਤ ਕੀਤਾ ਗਿਆ ਸੀ।

ਲਖਬੀਰ, ਜਲੰਧਰ: ਜਿਲ੍ਹਾ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਨੂੰ ਲੱਗਦਾ ਆਪਣੀ ਤੌਹੀਨ ਸਮਝਦੇ ਹਨ। ਤਾਜਾ ਮਾਮਲਾ ਸਬ ਰਜਿਸਟਰਾਰ ਦਫਤਰ-2 ਦਾ ਸਾਹਮਣੇ ਆ ਰਿਹਾ ਹੈ, ਜਿਥੋਂ ਦੇ ਦੋਨੋਂ ਸਬ ਰਜਿਸਟਰਾਰਾਂ ਨੇ ਪੰਜਾਬ ਵਿੱਚ ਵੀਆਈਪੀ ਕਲਚਰ ਖਤਮ ਕਰਨ ਲਈ ਲਾਲ ਬੱਤੀ ਦੀ ਵਰਤੋਂ ਨੂੰ ਸੀਮਤ ਕੀਤੇ ਜਾਣ ਦੇ ਬਾਵਜੂਦ ਆਪਣੀਆਂ ਗੱਡੀਆਂ ’ਤੇ ਲਾਲ ਬੱਤੀਆਂ ਲਗਾਈਆਂ ਹੋਈਆਂ ਹਨ। ਦੇਖਿਆ ਗਿਆ ਕਿ ਇਨ੍ਹਾਂ ਅਧਿਕਾਰੀਆਂ ਦੀ ਇੱਕ ਗੱਡੀ ’ਤੇ ਲਾਲ-ਨੀਲੀ ਬੱਤੀ ਦਿਖਾਈ ਦੇ ਰਹੀ ਹੈ, ਜਦਕਿ ਦੂਜੀ ਗੱਡੀ ’ਤੇ ਬਾਕਾਇਦਾ ‘ਐਗਜ਼ੀਕਿਊਟਿਵ ਮੈਜਿਸਟ੍ਰੇਟ’ ਲਿਖਿਆ ਹੋਣ ਦੇ ਨਾਲ-ਨਾਲ ਲਾਲ-ਨੀਲੀ ਬੱਤੀ ਵੀ ਲੱਗੀ ਹੋਈ ਹੈ। ਮਾਮਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਦੋਵਾਂ ਅਧਿਕਾਰੀਆਂ ਨੇ ਲਾਲ ਬੱਤੀ ਲਗਾਉਣ ਨੂੰ ਲੈ ਕੇ ਆਪਣਾ ਪੱਖ ਰੱਖਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਡਿਊਟੀ ਦੌਰਾਨ ਵਿਸ਼ੇਸ਼ ਪਾਵਰਾਂ ਪ੍ਰਦਾਨ ਹਨ ਅਤੇ ਲਾਲ ਬੱਤੀ ਲਗਾਉਣ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਮੌਜੂਦ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਜੇਕਰ ਅਜਿਹਾ ਕੋਈ ਸਰਕਾਰੀ ਆਦੇਸ਼ ਹੈ ਵੀ ਤੇ ਕੀ ਉਸ ਵਿਚ ਨਿੱਜੀ ਗੱਡੀ ’ਤੇ ਵੀ ਲਾਲ ਬੱਤੀ ਲਗਾਉਣ ਦੀ ਪਰਮਿਸ਼ਨ ਹੈ?
ਕੀ ਹਨ ਕਾਨੂੰਨੀ ਨਿਯਮ
ਕੇਂਦਰੀ ਪੱਧਰ ’ਤੇ 2017 ਵਿੱਚ (ਲਾਲ ਬੱਤੀ) ਬੀਕਨ ਦੀ ਵਰਤੋਂ ਸਬੰਧੀ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਸੀ ਅਤੇ ਵੀਆਈਪੀ ਕਲਚਰ ਨੂੰ ਖਤਮ ਕਰਦਿਆਂ ਇਸ ਦੀ ਵਰਤੋਂ ਨੂੰ ਨਿਰਧਾਰਤ ਸ਼੍ਰੇਣੀਆਂ ਅਤੇ ਐਮਰਜੈਂਸੀ ਡਿਊਟੀ ਵਾਲੇ ਵਾਹਨਾਂ ਤੱਕ ਸੀਮਤ ਕੀਤਾ ਗਿਆ ਸੀ। ਇਸ ਲਈ ਸਿਰਫ਼ ਕਿਸੇ ਅਧਿਕਾਰੀ ਕੋਲ ਮੈਜਿਸਟ੍ਰੇਟ ਦੀਆਂ ਪਾਵਰਾਂ ਹੋਣਾ ਅਤੇ ਉਸ ਦੀ ਨਿੱਜੀ ਗੱਡੀ ਦਾ ਬੀਕਨ (ਲਾਲ ਬੱਤੀ) ਲਈ ਅਧਿਕਾਰਤ ਹੋਣਾ ਦੋਵੇਂ ਵੱਖ-ਵੱਖ ਗੱਲਾਂ ਹਨ। ਇਸੇ ਕਰਕੇ ਇੱਥੇ ਮੁੱਖ ਕਾਨੂੰਨੀ ਸਵਾਲ ਇਹ ਹੈ ਕਿ ਕੀ ਇਹ ਦੋਵੇਂ ਨਿੱਜੀ ਗੱਡੀਆਂ ਲਾਲ ਬੱਤੀ ਲਗਾਉਣ ਲਈ ਸਰਕਾਰੀ ਤੌਰ ’ਤੇ ਅਧਿਕਾਰਤ ਜਾਂ ਨਾਮਜ਼ਦ ਹਨ? 2017 ਦੀ ਕੇਂਦਰੀ ਨੋਟੀਫਿਕੇਸ਼ਨ ਵਿੱਚ ਸਪੱਸ਼ਟ ਹੈ ਕਿ ਬਹੁ-ਰੰਗੀ ਲਾਲ-ਨੀਲੀ-ਚਿੱਟੀ ਬੱਤੀ ਸਿਰਫ਼ ਸਰਕਾਰ ਵੱਲੋਂ ਖਾਸ ਐਮਰਜੈਂਸੀ/ਆਫ਼ਤ ਪ੍ਰਬੰਧਨ ਡਿਊਟੀ ਲਈ ਨਾਮਜ਼ਦ ਵਾਹਨ ਵਰਤ ਸਕਦੇ ਹਨ ਅਤੇ ਉਹ ਵੀ ਨਾਮਜ਼ਦ ਡਿਊਟੀ ਦੌਰਾਨ। ਅਜਿਹੇ ਵਾਹਨ ਲਈ ਟਰਾਂਸਪੋਰਟ ਵਿਭਾਗ ਵੱਲੋਂ ਸਟਿੱਕਰ ਦੀ ਵੀ ਵਿਵਸਥਾ ਹੈ, ਜਿਸ ਵਿੱਚ ਅਧਿਕਾਰੀ ਦਾ ਅਹੁਦਾ ਅਤੇ ਵਾਹਨ ਨੰਬਰ ਦਰਜ ਹੁੰਦਾ ਹੈ।
‘ਐਗਜ਼ੀਕਿਊਟਿਵ ਮੈਜਿਸਟ੍ਰੇਟ’ ਦੀ ਪਲੇਟ ਨਾਲ ਲਾਲ ਬੱਤੀ ਵੀ!
ਜੁਆਇੰਟ ਸਬ ਰਜਿਸਟਰਾਰ ਮੈਡਮ ਰਵਨੀਕ ਕੌਰ ਦੀ ਗੱਡੀ ’ਤੇ ‘ਐਗਜ਼ੀਕਿਊਟਿਵ ਮੈਜਿਸਟ੍ਰੇਟ’ ਲਿਖਿਆ ਹੋਣ ਦੇ ਨਾਲ-ਨਾਲ ਗੱਡੀ ਦੀ ਛੱਤ ’ਤੇ ਲਾਲ ਬੱਤੀ ਵੀ ਲੱਗੀ ਹੋਈ ਹੈ। ਹੁਣ ਸਵਾਲ ਇਹ ਹੈ ਕਿ ਕੀ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀਆਂ ਪਾਵਰਾਂ ਮਿਲਣ ਨਾਲ ਨਿੱਜੀ ਗੱਡੀ ’ਤੇ ਅਹੁਦਾ ਲਿਖਣ ਅਤੇ ਲਾਲ ਬੱਤੀ ਲਗਾਉਣ ਦਾ ਅਧਿਕਾਰ ਵੀ ਮਿਲ ਜਾਂਦਾ ਹੈ?
ਕੌਣ ਲਗਾ ਸਕਦਾ ਲਾਲ ਬੱਤੀ
ਅੱਗ ਬੁਝਾਉਣ ਵਾਲੀਆਂ ਸੇਵਾਵਾਂ ਦੇ ਨਾਮਜ਼ਦ ਵਾਹਨ।
ਪੁਲਿਸ, ਰੱਖਿਆ ਬਲਾਂ ਜਾਂ ਪੈਰਾ-ਮਿਲਟਰੀ ਬਲਾਂ ਦੇ ਕਾਨੂੰਨ-ਵਿਵਸਥਾ ਲਈ ਨਾਮਜ਼ਦ ਵਾਹਨ।
ਕੁਦਰਤੀ ਜਾਂ ਮਨੁੱਖੀ ਆਫ਼ਤਾਂ ਨਾਲ ਨਜਿੱਠਣ ਲਈ ਰਾਜ ਸਰਕਾਰ ਵੱਲੋਂ ਨਾਮਜ਼ਦ ਵਾਹਨ ਜਿਵੇਂ ਹੜ੍ਹ, ਭੂਚਾਲ, ਤੂਫ਼ਾਨ ਆਦਿ।
ਐਂਬੂਲੈਂਸ, ਫਾਇਰ-ਫਾਈਟਿੰਗ ਅਤੇ ਪੁਲਿਸ ਵਾਹਨ ਵੀ ਐਮਰਜੈਂਸੀ ਵਾਹਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ, ਜੇ ਉਹ ਨਿਯਮਾਂ ਅਨੁਸਾਰ ਨਾਮਜ਼ਦ ਹਨ।
ਵਾਰ-ਵਾਰ ਲਾਲ ਬੱਤੀ ਲਗਾਉਣੀ ਪੈਂਦੀ : ਰਵਨੀਤ ਕੌਰ
ਜੁਆਇੰਟ ਸਬ ਰਜਿਸਟਰਾਰ ਜਲੰਧਰ-2 ਰਵਨੀਤ ਕੌਰ ਨੇ ਕਿਹਾ ਕਿ ਜਦੋਂ ਸਰਕਾਰੀ ਡਿਊਟੀ ’ਤੇ ਜਾਣਾ ਪੈਂਦਾ ਹੈ ਤਾਂ ਲਾਲ ਬੱਤੀ ਵਾਰ-ਵਾਰ ਲਗਾਉਣੀ-ਉਤਾਰਨੀ ਪੈਂਦੀ ਹੈ। ਇਸੇ ਕਰਕੇ ਲਾਲ ਬੱਤੀ ਨੂੰ ਗੱਡੀ ’ਤੇ ਲਗਾ ਰੱਖਿਆ ਹੈ। ਉਨ੍ਹਾਂ ਕਿ ਜੁਆਇੰਟ ਸਬ ਰਜਿਸਟਰਾਰ ਦੇ ਅਹੁਦੇ ਦੇ ਨਾਲ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਪਾਵਰ ਵੀ ਮਿਲੀ ਹੋਈ ਹੈ, ਇਸ ਲਈ ਲਾਲ ਬੱਤੀ ਲਗਾਉਣ ‘ਚ ਕੋਈ ਇਤਰਾਜ਼ ਨਹੀਂ ਲੱਗਦਾ।
ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਰੱਖਿਆ : ਗੁਰਸਿਮਰਨ ਸਿੰਘ
ਜੁਆਇੰਟ ਸਬ ਰਜਿਸਟਰਾਰ-2 ਗੁਰਸਿਮਰਨ ਸਿੰਘ ਨੇ ਕਿਹਾ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਕਿ ਉਹ ਲਾਲ ਬੱਤੀ ਨਹੀਂ ਲਗਾ ਸਕਦੇ। ਉਨ੍ਹਾਂ ਮੁਤਾਬਕ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਜੁਆਇੰਟ ਸਬ ਰਜਿਸਟਰਾਰ ਜਾਂ ਐਗਜ਼ੀਕਿਊਟਿਵ ਮੈਜਿਸਟ੍ਰੇਟ ਨੂੰ ਲਾਲ ਬੱਤੀ ਲਗਾਉਣ ਦੀ ਇਜਾਜ਼ਤ ਹੈ ਪਰ ਜਦੋਂ ਉਨ੍ਹਾਂ ਤੋਂ ਸਿੱਧਾ ਪੁੱਛਿਆ ਗਿਆ ਕਿ ਕੀ ਇਹੀ ਇਜਾਜ਼ਤ ਨਿੱਜੀ ਗੱਡੀ ’ਤੇ ਲਾਲ ਬੱਤੀ ਲਗਾਉਣ ਦੀ ਵੀ ਹੈ ਤਾਂ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।