- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਮੀ ਮਾਰਗ ਤੇ ਬਰਸਾਤੀ ਪਾਣੀ ਦੇ ਨਿਕਾਸ ਪ੍ਰਣਾਲੀ ਫੇਲ, ਮੇਅਰ ਨੇ ਲਿਖਿਆ ਨਿਤਿਨ ਗਡਕਰੀ ਨੂੰ ਪੱਤਰ

ਕੌਮੀ ਮਾਰਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਲਿਖਣ ’ਤੇ ਵੀ ਦਰੁਸਤ ਨਹੀਂ ਹੋਈ ਪ੍ਰਣਾਲੀ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਕੌਮੀ ਰਾਜ ਮਾਰਗ ’ਤੇ ਬਰਸਾਤੀ ਪਾਣੀ ਦੇ ਨਿਕਾਸ ਪ੍ਰਣਾਲੀ ਠੀਕ ਨਾ ਹੋਣ ਕਾਰਨ ਮੇਅਰ ਵਨੀਤ ਧੀਰ ਨੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ ਲਿਖੀ ਹੈ, ਜਿਸ ’ਚ ਉਨ੍ਹਾਂ ਨੇ ਸ਼ਹਿਰ ’ਚ ਲੰਘਦੇ ਕੌਮੀ ਰਾਜ ਮਾਰਗ ਨੰਬਰ 44 ਦੇ ਹਿੱਸੇ ਦੀ ਮੁਰੰਮਤ ਨਾ ਹੋਣ ਕਾਰਨ ਪਾਣੀ ਦੇ ਨਿਕਾਸੀ ਸਿਸਟਮ ਫੇਲ੍ਹ ਹੋਣ ਦਾ ਜ਼ਿਕਰ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਕੌਮੀ ਰਾਜ ਮਾਰਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਚਿੱਠੀ ਲਿਖੇ ਜਾਣ ਤੇ ਉਨ੍ਹਾਂ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਸੜਕਾਂ ਦੀ ਹਾਲਤ ਖਰਾਬ ਹੋ ਰਹੀ ਹੈ। ਆਪਣੀ ਚਿੱਠੀ ’ਚ ਮੇਅਰ ਨੇ ਨੋਟ ਕੀਤਾ ਕਿ ਲਗਭਗ 19 ਕਿੱਲੋਮੀਟਰ ਦਾ ਹਿੱਸਾ ਜਿਸ ’ਚ ਐੱਨਐੱਚ-44 ਅਤੇ ਪੁਰਾਣੀ ਹੁਸ਼ਿਆਰਪੁਰ ਰੋਡ (ਲੰਮਾ ਪਿੰਡ ਖੇਤਰ) ਨਗਰ ਨਿਗਮ ਦੀ ਹੱਦ ਅੰਦਰ ਹੈ, ਬਹੁਤ ਹੀ ਖਸਤਾ ਹਾਲਤ ’ਚ ਹੈ। ਸੜਕ 'ਤੇ ਵੱਡੇ-ਵੱਡੇ ਟੋਏ ਪਏ ਹਨ, ਜਿਸ ਕਾਰਨ ਪਾਣੀ ਦਾ ਨਿਕਾਸੀ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ, ਜਿਸ ਕਾਰਨ ਹਲਕੀ ਬਾਰਿਸ਼ ਦੌਰਾਨ ਵੀ ਪਾਣੀ ਭਰ ਜਾਂਦਾ ਹੈ। ਸੈਂਟਰਲ ਵਰਜ ਟੁੱਟ ਗਈ ਹੈ ਤੇ ਸਾਈਡਾਂ ਦੀ ਮੁਰੰਮਤ ਨਹੀਂ ਕੀਤੀ ਗਈ ਹੈ। ਕਈ ਖੇਤਰਾਂ ਵਿੱਚ ਸਟਰੀਟ ਲਾਈਟਾਂ ਮਹੀਨਿਆਂ ਤੋਂ ਬੰਦ ਹਨ। ਸਰਵਿਸ ਰੋਡ ਨਾਲ ਲੱਗਦੀਆਂ 40-50 ਕਾਲੋਨੀਆਂ ਦੇ ਲੋਕ ਹਰ ਸਾਲ ਪਾਣੀ ਭਰਨ ਤੇ ਆਉਣ-ਜਾਣ ਦੀਆਂ ਮੁਸ਼ਕਲਾਂ ਨਾਲ ਜੂਝਦੇ ਹਨ। ਫੋਕਲ ਪੁਆਇੰਟ, ਇੰਡਸਟਰੀਅਲ ਅਸਟੇਟ, ਇੰਡਸਟਰੀਅਲ ਏਰੀਆ, ਗਦਈਪੁਰ, ਰਾਜਾ ਗਾਰਡਨ ਤੇ ਲੰਮਾ ਪਿੰਡ ਤੋਂ ਜੰਡੂ ਸਿੰਘਾ ਰੋਡ ਦੇ ਹਿੱਸੇ ਵਿੱਚ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਲਗਭਗ 100,000 ਲੋਕਾਂ ਨੂੰ ਹਾਈਵੇਅ ਦੀ ਹਾਲਾਤ ਕਾਰਨ ਹਰ ਮੌਨਸੂਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਣੀ ਭਰਨ ਤੇ ਟੋਇਆਂ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਕਾਬਿਲੇਗ਼ੌਰ ਹੈ ਕਿ ਮੇਅਰ ਨੇ ਬੀਤੀ 28 ਅਗਸਤ 2025 ਨੂੰ ਵੀ ਕੌਮੀ ਰਾਜ ਮਾਰਗ ਅਥਾਰਿਟੀ ਨੂੰ ਅਜਿਹੀ ਚਿੱਠੀ ਲਿਖੀ ਸੀ ਅਤੇ ਉਸ ਦੀ ਕਾਪੀ ਕੇਂਦਰੀ ਮੰਤਰੀ ਗਡਕਰੀ ਨੂੰ ਵੀ ਭੇਜੀ ਸੀ ਪਰ ਇਸ ਦੇ ਬਾਵਜੂਦ ਕੋਈ ਉਸਾਰੂ ਕਦਮ ਨਹੀਂ ਚੁੱਕਿਆ ਗਿਆ।
---
ਕੇਂਦਰੀ ਮੰਤਰੀ ਕੋਲ ਪ੍ਰਗਟਾਈ ਹੈ ਉਦਾਸੀਨਤਾ ਬਾਰੇ ਨਾਰਾਜ਼ਗੀ
ਮੇਅਰ ਨੇ ਚਿੱਠੀ ’ਚ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਸਥਿਤੀ ਨੂੰ ਸੁਧਾਰਨ ਲਈ ਪਿਛਲੇ ਸਾਲ ਐੱਨਐੱਚਏਆਈ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ , ਫਿਰ ਵੀ ਹਾਈਵੇਅ ਟੀਮ ਨੇ ਕੋਈ ਕਾਰਵਾਈ ਨਹੀਂ ਕੀਤੀ। ਸ਼ੁੱਕਰਵਾਰ ਨੂੰ ਭੇਜੀ ਗਈ ਚਿੱਠੀ ’ਚ ਮੇਅਰ ਵਨੀਤ ਧੀਰ ਨੇ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨੂੰ ਅਧਿਕਾਰੀਆਂ ਦੀ ਉਦਾਸੀਨਤਾ ਬਾਰੇ ਆਪਣੀ ਨਾਰਾਜ਼ਗੀ ਵੀ ਪ੍ਰਗਟ ਕੀਤੀ। ਮੇਅਰ ਨੇ ਕਿਹਾ ਕਿ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਐੱਨਐੱਚਏਆਈ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ ਹਨ, ਜਦਕਿ ਅੱਗੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਸਿਰਫ਼ ਇੱਕ ਘੰਟੇ ਦੀ ਬਾਰਿਸ਼ ਤੋਂ ਬਾਅਦ ਵੀ ਸਰਵਿਸ ਰੋਡ 'ਤੇ ਪਾਣੀ ਭਰ ਜਾਂਦਾ ਹੈ ਤੇ ਨਿਕਾਸੀ ਨਾ ਹੋਣ ਕਾਰਨ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਜਨਤਾ ਲਈ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਪਿਛਲੇ ਸਾਲ ਖਰਾਬ ਸਰਵਿਸ ਰੋਡ 'ਤੇ ਪਾਣੀ ਭਰਨ ਕਾਰਨ ਕਈ ਹਾਦਸੇ ਹੋਏ। ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਸੁਰੱਖਿਆ ਦੇ ਹਿੱਤ ਵਿੱਚ ਤੁਰੰਤ ਦਖਲ ਦੇਣ ਤੇ ਕੰਮ ਸ਼ੁਰੂ ਕਰਨਾ ਯਕੀਨੀ ਬਣਾਉਣ। ਮੇਅਰ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਉਕਤ ਕੌਮੀ ਰਾਜ ਮਾਰਗ ਤੋਂ ਕਈ ਧਾਰਮਿਕ ਅਸਥਾਨਾਂ ਨੂੰ ਰਸਤਾ ਜਾਂਦਾ ਹੈ। ਮੁੱਖ ਤੌਰ ’ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਮਰਨਾਥ ਧਾਰਮ ਯਾਤਰਾ ਤੇ ਮਾਤਾ ਵੈਸਨੋ ਦੇਵੀ ਦੇ ਦਰਸ਼ਨਾਂ ਲਈ ਲੋਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੌਮੀ ਰਾਜ ਮਾਰਗ ’ਤੇ ਲੋਕ ਟੋਲ ਦੀ ਅਦਾਇਗੀ ਕਰਦੇ ਹਨ ਫਿਰ ਵੀ ਸੜਕਾਂ ਦੀ ਹਾਲਤ ਮਾੜੀ ਕਿਉਂ ਹੈ।
ਉਨ੍ਹਾਂ ਲਿਖਿਆ ਹੈ ਕਿ ਪਿਛਲੇ ਸਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਐੱਨਐੱਚਏਆਈ ਡਰੇਨਾਂ ’ਚ ਪਾਈਪ ਲਾਈਨਾਂ ਲਗਾਏਗਾ ਤੇ ਕਾਲਾ ਸੰਘਿਆਂ ਡਰੇਨ ’ਚ ਪਾਣੀ ਛੱਡਣ ਲਈ ਪੰਪਿੰਗ ਯੂਨਿਟ ਸਥਾਪਤ ਕਰੇਗਾ ਪਰ ਪਿਛਲੇ ਸਾਲ ਕੋਈ ਕਦਮ ਨਹੀਂ ਚੁੱਕਿਆ ਗਿਆ। ਮੇਅਰ ਧੀਰ ਨੇ ਜ਼ਿਕਰ ਕੀਤਾ ਕਿ ਜਦਕਿ ਇਸ ਮੁੱਦੇ ਬਾਰੇ ਐੱਨਐੱਚਏਆਈ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ, ਨਤੀਜਾ ਸਿਫ਼ਰ ਰਿਹਾ। ਨਗਰ ਨਿਗਮ ਨੂੰ ਰੋਜ਼ਾਨਾ ਸ਼ਿਕਾਇਤਾਂ ਮਿਲਦੀਆਂ ਹਨ, ਕਿਉਂਕਿ ਹਾਈਵੇਅ ਐੱਨਐੱਚਏਆਈ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ, ਇਸ ਲਈ ਨਿਗਮ ਖੁਦ ਮੁਰੰਮਤ ਨਹੀਂ ਕਰ ਸਕਦੀ।
---
ਮੇਅਰ ਨੇ ਟੋਏ ਨੂੰ ਭਰਨ ਦੇ ਹੁਕਮ ਦਿੱਤੇ
ਮੇਅਰ ਵਨੀਤ ਧੀਰ ਨੇ ਸਰਵਿਸ ਲੇਨ ’ਤੇ ਟੋਏ ਨੂੰ ਭਰਨ ਅਤੇ ਸਰਫੇਜ਼ ਵਾਟਰ ਪ੍ਰੋਜੈਕਟ ਲਈ ਪੁੱਟੇ ਗਏ ਸੜਕ ਦੇ ਹਿੱਸਿਆਂ ਨੂੰ ਪੱਧਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਮੰਤਵ ਲਈ ਸੀ ਐਂਡ ਡੀ ਮਲਬੇ ਦੇ ਪਲਾਂਟ ਤੋਂ ਮਲਬਾ ਲਿਆ ਕੇ ਟੇੲੋ ਭਰੇ ਜਾਣਗੇ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ। ਨਗਰ ਨਿਗਮ ਨੇ ਠੇਕੇਦਾਰ ਗੌਰਵ ਗੁਪਤਾ ਨੂੰ ਸੜਕ ਤੋਂ ਮਿੱਟੀ ਹਟਾਉਣ ਦਾ ਕੰਮ ਸੌਂਪਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੋਪਹੀਆ ਵਾਹਨ ਚਾਲਕਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸੁਰੱਖਿਅਤ ਜਨਤਕ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸੜਕ ਦੇ ਨੁਕਸਾਨੇ ਗਏ ਹਿੱਸਿਆਂ ਦੇ ਆਲੇ-ਦੁਆਲੇ ਬੈਰੀਕੇਡਿੰਗ ਵੀ ਲਾਈ ਜਾਵੇਗੀ।