- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਦਨ ਭਾਰਦਵਾਜ, ਪੰਜਾਬੀ ਜਾਗਰਣ,

ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਨੂੰ ਲੈ ਕੇ ਇਸ ਦੀ ਸ਼ੁਰੂਆਤ ਕੰਡਮ ਰੇਲਵੇ ਕੁਆਰਟਰਾਂ ਨੂੰ ਢਾਹੁਣ ਤੋਂ ਸ਼ੁਰੂ ਹੋ ਗਈ ਹੈ ਤੇ ਇਸ ਦੇ ਨਾਲ ਹੀ ਜੀਆਰਪੀ ਥਾਣੇ ਦੇ ਮੁਲਾਜ਼ਮਾਂ ਨੂੰ ਅਲਾਟ ਹੋਏ ਕੁਆਰਟਰ ਵੀ ਖਾਲੀ ਕਰਵਾ ਲਏ ਗਏ ਹਨ। ਜਲੰਧਰ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਭਾਵੇਂ ਆਉਂਦੇ ਜੁਲਾਈ ਮਹੀਨੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਪਰ ਇਸ ਦਾ ਕੰਮ ਡੀਐੱਮਯੂ ਸ਼ੈੱਡ ਵਲੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਦੀ ਸ਼ੁਰੂਆਤ ਲਗਪਗ ਹੋ ਗਈ ਹੈ। ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਦੋ ਪੜਾਵਾਂ ’ਚ ਕੀਤਾ ਜਾਣਾ ਹੈ ਤੇ ਪਹਿਲੇ ਪੜਾਅ ’ਚ 95.08 ਕਰੋੜ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਰੇਲਵੇ ਦੇ ਅਧਿਕਾਰਤ ਸੂਤਰਾਂ ਅਨੁਸਾਰ ਸਟੇਸ਼ਨ ਦੇ ਨਵੀਨੀਕਰਨ ਸੰਬਧੀ ਕੰਸਟ੍ਰੱਕਸ਼ਨ ਵਿਭਾਗ ਵੱਲੋਂ ਇਸ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਸਬੰਧੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ। ਰੇਲਵੇ ਕੁਆਰਟਰਾਂ ਨੂੰ ਢਾਹੁਣ ਦੇ ਨਾਲ-ਨਾਲ ਚੀਫ ਹੈਲਥ ਇੰਸਪੈਕਟਰ ਦਾ ਦਫਤਰ, ਸੀਆਈਟੀ (ਚੀਫ ਇੰਸਪੈਕਟਰ ਟਿਕਟ) ਦਾ ਦਫਤਰ, ਜੀਆਰਪੀ ਦਾ ਕੰਟਰੋਲ ਰੂਮ ਤੇ ਡਾਕ ਘਰ ਦੀ ਬਿਲਡਿੰਗ ਨੂੰ ਵੀ ਢਾਉਣਾ ਸ਼ਾਮਲ ਹੈ। ਜਦੋਂਕਿ ਇਸ ਮਗਰੋਂ ਜੀਆਰਪੀ ਤੇ ਐੱਸਐੱਚਓ ਦਾ ਕੁਆਰਟਰ ਤੇ ਯੂਨੀਅਨਾਂ ਦੇ ਦਫਤਰ ਵੀ ਢਾਹੁਣ ਦੀ ਯੋਜਨਾ ਹੈ, ਜਿਹੜੇ ਰੇਲਵੇ ਕੁਆਰਟਰਾਂ ਤੋੜੇ ਜਾ ਰਹੇ ਹਨ, ਉਨ੍ਹਾਂ ਦਾ ਮਲਬਾ ਨਾਲੋਂ-ਨਾਲ ਉਠਾਏ ਜਾਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਕਤ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਿਛਲੇ ਮਈ ਮਹੀਨੇ ਦੇ ਆਖਰੀ ਹਫਤੇ ਦੌਰਾਨ ਫਿਰੋਜ਼ਪੁਰ ਰੇਲਵੇ ਮੰਡਲ ਦੇ ਪ੍ਰਬੰਧਕ ਸੰਜੀਵ ਕੁਮਾਰ ਤੇ ਕੰਸਟ੍ਰੱਕਸ਼ਨ ਕੰਪਨੀ ਦੇ ਅਧਿਕਾਰੀਆਂ ਨੇ ਸਾਂਝੇ ਤੌਰ ’ਤੇ ਸਟੇਸ਼ਨ ਦਾ ਮੁਆਇਨਾ ਵੀ ਕੀਤਾ ਸੀ। ਇਸ ਤੋਂ ਇਲਾਵਾ ਪਾਰਕਿੰਗ ਦੀ ਵਿਵਸਥਾ ਵੀ ਆਸਾਨ ਬਣਾਈ ਜਾਵੇਗੀ ਤੇ ਇਕ ਪਾਸੇ ਤੋਂ ਜਿਹੜੀ ਗੱਡੀ ਆਵੇਗੀ ਉਹ ਯਾਤਰੀਆਂ ਨੂੰ ਉਤਾਰ ਕੇ ਸਿੱਧੇ ਅੱਗੇ ਨਿਕਲ ਜਾਵੇਗੀ।
---
ਰੋਜ਼ਾਨਾ 150 ਗੱਡੀਆਂ ਦੀ ਹੁੰਦੀ ਹੈ ਆਵਾਜਾਈ
ਮੌਜੂਦਾ ਸਿਟੀ ਰੇਲਵੇ ਸਟੇਸ਼ਨ ਦੇ 3 ਪਲੇਟ ਫਾਰਮਾਂ ’ਤੇ ਜਿਥੇ 30 ਹਜ਼ਾਰ ਯਾਤਰੀਆਂ ਦੀ ਵੱਖ-ਵੱਖ ਰੇਲ ਗੱਡੀਆਂ ਰਾਹੀਂ ਆਵਾਜਾਈ ਹੈ, ਉਥੇ ਲਗਪਗ 150 ਰੇਲ ਗੱਡੀਆਂ ਦਾ ਵੀ ਰੋਜ਼ਾਨਾ ਅੰਮ੍ਰਿਤਸਰ ਤੋਂ ਦਿੱਲੀ ਸਮੇਤ ਹੋਰ ਸ਼ਹਿਰਾਂ ਵੱਲ ਆਉਣਾ-ਜਾਣਾ ਰਹਿੰਦਾ ਹੈ। ਹੁਣ ਸਟੇਸ਼ਨ ਦੇ ਨਵੀਨੀਕਰਨ ਦਾ ਜਿਹੜਾ ਖਰੜਾ ਤਿਆਰ ਕੀਤਾ ਗਿਆ ਹੈ, ਉਸ ਲਈ 6 ਪਲੇਟ ਫਾਰਮਾਂ ਦੀ ਵਿਵਸਥਾ ਕੀਤੀ ਗਈ ਹੈ। ਹੁਣ ਬਾਕੀ ਕੰਮ ਦਿੱਲੀ ਤੋਂ ਆਉਣ ਵਾਲੀ ਕੰਸਟ੍ਰੱਕਸ਼ਨ ਟੀਮ ’ਤੇ ਨਿਰਭਰ ਕਰਦਾ ਹੈ।