- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਦੀ ਅਗਵਾਈ ਹੇਠ ਪੰਜਾਬ ‘ਚ ਰੇਲਵੇ ਬੁਨਿਆਦੀ ਢਾਂਚੇ ਤੇ ਸੁਰੱਖਿਆ ਪ੍ਰਾਜੈਕਟ ਲਗਾਏ ਜਾ ਰਹੇ ਹਨ, ਬਿੱਟੂ

-ਰਵਨੀਤ ਸਿੰਘ ਨੇ ਦੋ ਅਹਿਮ ਆਰਓਬੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
-ਸਾਬਕਾ ਮੰਤਰੀ ਕਾਲੀਆ ਦੀ ਹਾਲਤ ਵਿਗੜੀ, ਹਸਪਤਾਲ ਦਾਖ਼ਲ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਕੇਂਦਰੀ ਰੇਲ ਤੇ ਫੂਡ ਪ੍ਰਾਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ’ਚ ਰੇਲਵੇ ਦੇ ਬੁਨਿਆਦੀ ਢਾਂਚੇ ਤੇ ਸੁਰੱਖਿਆ ਪ੍ਰੋਜੈਕਟ ਲਾਏ ਜਾ ਰਹੇ ਹਨ। ਰੇਲ ਰਾਜ ਮੰਤਰੀ ਬੁੱਧਵਾਰ ਨੂੰ ਗੁਰੂ ਨਾਨਕਪੁਰਾ ਤੇ ਗੜ੍ਹਾ ਰੋਡ ’ਚ ਰੇਲ ਓਂਵਰਬ੍ਰਿਜ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਮਗਰੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਟੀਚਾ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਤੇ ਲੋਕਾਂ ਨੂੰ ਸੁਚਾਰੂ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਜਲੰਧਰ ਸਿਟੀ–ਜਲੰਧਰ ਕੈਂਟ ਸੈਕਸ਼ਨ ਉੱਤੇ ਲੈਵਲ ਕਰਾਸਿੰਗ ਨੰਬਰ ਬੀ-67ਏ ਦੇ ਬਦਲੇ ਬਣਾਇਆ ਜਾਣ ਵਾਲਾ ਗੁਰੂ ਨਾਨਕਪੁਰਾ ਆਰਓਬੀ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਹੱਲ ਤੇ ਰੇਲਵੇ ਫਾਟਕ ਦੇ ਵਾਰ-ਵਾਰ ਬੰਦ ਹੋਣ ਕਾਰਨ ਹੋਣ ਵਾਲੀ ਦੇਰੀ ਨੂੰ ਖਤਮ ਕਰੇਗਾ।
ਸਾਹਨੇਵਾਲ-ਅੰਮ੍ਰਿਤਸਰ ਰੂਟ ’ਤੇ ਸਥਿਤ ਇਸ ਫਾਟਕ ’ਤੇ 4.66 ਲੱਖ ਤੋਂ ਵੱਧ ਟ੍ਰੈਫਿਕ ਵਹੀਕਲ ਯੂਨਿਟ (ਟੀਵੀਯੂ) ਦਰਜ ਕੀਤਾ ਗਿਆ ਹੈ। ਪਹਿਲਾਂ ਸਾਂਝੀ ਲਾਗਤ ਦੇ ਆਧਾਰ ’ਤੇ ਮਨਜ਼ੂਰ ਕੀਤੇ ਗਏ ਇਸ ਪ੍ਰੋਜੈਕਟ ਨੂੰ ਹੁਣ ਪੂਰੀ ਤਰ੍ਹਾਂ ਰੇਲਵੇ ਵੱਲੋਂ ਲਗਪਗ 48.95 ਕਰੋੜ ਰੁਪਏ ਨਾਲ ਬਣਾਇਆ ਜਾਵੇਗਾ। ਰੇਲ ਰਾਜ ਮੰਤਰੀ ਨੇ ਜਲੰਧਰ ਸਿਟੀ–ਨਕੋਦਰ ਸੈਕਸ਼ਨ ’ਤੇ ਲੈਵਲ ਕਰਾਸਿੰਗ ਨੰਬਰ ਐੱਸ-4 ਦੇ ਬਦਲੇ ਗੜ੍ਹਾ ਰੋਡ ’ਚ ਟੂ-ਲੇਨ ਆਰਓਬੀ ਦਾ ਨੀਂਹ ਪੱਥਰ ਵੀ ਰੱਖਿਆ। ਇਸ ਫਾਟਕ ’ਤੇ 2.13 ਲੱਖ ਤੋਂ ਵੱਧ ਟੀਵੀਯੂ ਦੇ ਨਾਲ ਭਾਰੀ ਆਵਾਜਾਈ ਹੁੰਦੀ ਹੈ। ਇਸ ਪ੍ਰੋਜੈਕਟ ਨੂੰ ਵੀ ਸਮੇਂ ਸਿਰ ਮੁਕੰਮਲ ਕਰਨ ਲਈ 100 ਫੀਸਦੀ ਰੇਲਵੇ ਫੰਡਿੰਗ ਵਾਲੇ ਪ੍ਰੋਜੈਕਟ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਲਗਪਗ 63.98 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਗੜ੍ਹਾ ਰੋਡ ਆਰਓਬੀ ਜਲੰਧਰ ਸਿਟੀ, ਜਮਸ਼ੇਰ ਖਾਸ, ਨਕੋਦਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚਾਲੇ ਨਿਰਵਿਘਨ ਸੰਪਰਕ ਨੂੰ ਯਕੀਨੀ ਬਣਾਏਗਾ। ਇਸ ਨਾਲ ਸੁਰੱਖਿਆ ’ਚ ਵਾਧਾ ਹੋਵੇਗਾ ਤੇ ਟ੍ਰੈਫਿਕ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਬੁੱਧਵਾਰ ਰੱਖੇ ਗਏ ਉਕਤ ਨੀਂਹ ਪੱਥਰ ਜਲੰਧਰ ਦੇ ਹਜ਼ਾਰਾਂ ਵਸਨੀਕਾਂ ਲਈ ਸੁਰੱਖਿਅਤ ਸੜਕਾਂ, ਤੇਜ਼ ਆਵਾਜਾਈ ਤੇ ਬਿਹਤਰ ਸੰਪਰਕ ਦਾ ਰਾਹ ਪੱਧਰਾ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਹਰ ਨਾਗਰਿਕ ਤੱਕ ਇਸ ਦੇ ਲਾਭ ਪਹੁੰਚਾਉਣ ਲਈ ਵਚਨਬੱਧ ਹੈ। ਰੇਲ ਰਾਜ ਮੰਤਰੀ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਰੇਲਵੇ ਅਧਿਕਾਰੀਆਂ, ਇੰਜੀਨੀਅਰਾਂ, ਸਥਾਨਕ ਪ੍ਰਸ਼ਾਸਨ ਅਤੇ ਹੋਰ ਸਾਰੇ ਹਿੱਸੇਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਪ੍ਰਗਟਾਇਆ ਕਿ ਦੋਵੇਂ ਆਰਓਬੀ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ ਸਾਬਕਾ ਮੇਅਰ ਤੇ ਭਾਜਪਾ ਦੇ ਸੀਨੀਅਰ ਆਗੂ ਰਾਕੇਸ਼ ਰਾਠੋਰ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਸਾਬਕਾ ਵਿਧਾਇਕ ਸਰਵਜੀਤ ਸਿੰਘ ਮੱਕੜ, ਸ਼ੀਤਲ ਅੰਗੂਰਾਲ, ਜਗਬੀਰ ਸਿੰਘ ਬਰਾੜ, ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਸਤਨਾਮ ਸਿੰਘ ਬਿੱਟਾ ਤੇ ਹੋਰ ਭਾਜਪਾ ਦੇ ਆਗੂ ਤੇ ਮਹਿਲਾ ਮੋਰਚਾ ਦੀਆਂ ਔਰਤਾਂ ਹਾਜ਼ਰ ਸਨ।
---------------------------
ਸ਼ੀਤਲ ਅੰਗੂਰਾਲ ਨੇ ਦਿੱਤਾ ਮੰਗ ਪੱਤਰ
ਇਸ ਦੌਰਾਨ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਨੇ ਰੇਲ ਰਾਜ ਮੰਤਰੀ ਨੂੰ ਮੰਗ ਪੱਤਰ ਭੇਟ ਕਰਕੇ ਹੋਰ ਰੇਲਵੇ ਅੰਡਰਪਾਸ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਗ ਪੱਤਰ ’ਚ ਸ਼ਹੀਦ ਬਾਬੂ ਲਾਭ ਸਿੰਘ ਨਗਰ, ਸ਼ੀਤਲ ਨਗਰ, ਨਿਊ ਅਮਨ ਨਗਰ,ਗੁਰਨਾਨਕ ਨਗਰ, ਸ਼ਾਮ ਨਗਰ,ਸ਼ਿਵ ਨਗਰ ਰੇਲਵੇ ਕ੍ਰਾਸਿੰਗਾਂ ਤੇ ਅੰਡਰਪਾਸ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨਾਲ ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ,ਸਾਬਕਾ ਵਿਧਾਇਕ ਕੇਡੀ ਭੰਡਾਰੀ ਵੀ ਮੌਜੂਦ ਸਨ।
--------------------------
ਕਾਲੀਆ ਦੀ ਸਿਹਤ ਵਿਗੜੀ
ਗੁਰੂ ਨਾਨਕਪੁਰਾ ਰੇਲਵੇ ਫਾਟਕ ਤੇ ਆਰਓਬੀ ਦੇ ਨੀਂਹ ਪੱਥਰ ਦੇ ਮੌਕੇ ’ਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਸਵਾਗਤ ਲਈ ਪੁੱਜੇ ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆਂ ਦੀ ਹਾਲਤ ਰੇਲ ਮੰਤਰੀ ਦੇ ਆਉਣ ਤੋਂ ਪਹਿਲਾਂ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਕੇ ਡਿੱਗ ਪਏ, ਜਿਨ੍ਹਾਂ ਨੂੰ ਤੁਰੰਤ ਉੁਠਾ ਕੇ ਕਾਰ ’ਚ ਪਾ ਕੇ ਨੇੜੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਸੀ। ਇਸ ਦੌਰਾਨ ਰੇਲ ਰਾਜ ਮੰਤਰੀ ਨੇ ਕਿਹਾ ਕਿ ਕਾਲੀਆ ਨੂੰ ਬੁਖਾਰ ਸੀ ਤੇ ਉਨ੍ਹਾਂ ਨੂੰ ਨਾ ਆਉਣ ਲਈ ਕਿਹਾ ਸੀ ਪਰ ਉਹ ਫਿਰ ਵੀ ਆਏ ਤੇ ਉਨ੍ਹਾਂ ਦੀ ਹਾਲਤ ਵਿਗੜ ਗਈ। ਪਾਰਟੀ ਦੇ ਕਰਮਠ ਆਗੂ ਹੋਣ ਦੇ ਨਾਤੇ ਅਜਿਹੇ ਆਗੂ ਨਹੀਂ ਰੁਕਦੇ।