- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਨਾਨਕ ਨਗਰ ’ਚ ਪਾਣੀ ਦੀ ਸਮੱਸਿਆ ਤੇ ਟ੍ਰਾਂਸਪੋਰਟ ਨਗਰ ਸੀਵਰੇਜ ਬੰਦ, ਗਲੀਆਂ ‘ਚ ਖੜਾ ਗੰਦਾ ਪਾਣੀ

-ਗੁਰੂ ਨਾਨਕ ਨਗਰ ’ਚ ਪਾਣੀ ਪੀਣ ਲਈ ਤਰਸੇ ਲੋਕ ਤੇ ਟ੍ਰਾਂਸਪੋਰਟ ਨਗਰ ’ਚ ਭਰਿਆ ਗੰਦਾ ਪਾਣੀ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਅੱਤ ਦੀ ਗਰਮੀ ਤੇ ਦੂਜੇ ਪਾਸੇ ਟਿਊਬਵੈੱਲ ਖ਼ਰਾਬ ਹੋਣ ਕਾਰਨ ਪੀਣਯੋਗ ਪਾਣੀ ਨਾ ਮਿਲਣ ਕਾਰਨ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ ਤੇ ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੀ ਪਾਈਪ ਲੀਕ ਹੋਣ ਕਾਰਨ ਗਲੀਆਂ ’ਚ ਭਰੇ ਗੰਦੇ ਪਾਣੀ ਤੋਂ ਲੋਕ ਪਰੇਸ਼ਾਨ ਹਨ ਪਰ ਨਿਗਮ ਪ੍ਰਸ਼ਾਸਨ ਸ਼ਿਕਾਇਤ ਦੇ ਬਾਵਜੂਦ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਪਾਣੀ ਦੀ ਸਮੱਸਿਆ ਵਾਰਡ-61 ਦੇ ਗੁਰੂ ਨਾਨਕ ਨਗਰ ਤੇ ਅਮਨ ਨਗਰ ਦੀ ਹੈ ਜਿੱਥੇ ਟਿਊਬਵੈੱਲ ਦੀ ਮੋਟਰ ਖਰਾਬ ਹੋਣ ਕਾਰਨ ਟਿਊਬਵੈੱਲ ਬੰਦ ਹੈ ਜਿਸ ਕਾਰਨ ਲੋਕਾਂ ਦਾ ਨਹਾਉਣਾ ਤਾਂ ਦੂਰ ਦੀ ਗੱਲ, ਸਗੋਂ ਪੀਣ ਲਈ ਵੀ ਪਾਣੀ ਨਹੀਂ ਮਿਲ ਰਿਹਾ ਤੇ ਲੋਕ ਪਾਣੀ ਲਈ ਤਰਸ ਰਹੇ ਹਨ। ਨਿਗਮ ਪ੍ਰਸ਼ਾਸਨ ਨੇ ਮੋਟਰ ਖ਼ਰਾਬ ਹੋਣ ਦੇ ਬਾਵਜੂਦ ਉਥੇ ਪਾਣੀ ਦੇ ਟੈਂਕਰ ਨਹੀਂ ਭੇਜੇ ਜਿਸ ਕਾਰਨ ਲੋਕ ਬਾਜ਼ਾਰ ਤੋਂ ਪਾਣੀ ਦੀਆਂ ਬੋਤਲਾਂ ਖ਼ਰੀਦਣ ਲਈ ਮਜਬੂਰ ਹਨ। ਅਮਨ ਨਗਰ ਦੇ ਟਿਊਬਵੈੱਲ ਦੇ ਮੋਟਰ ਦੀਆਂ ਤਾਰਾਂ ਚੋਰੀ ਹੋ ਜਾਣ ਕਾਰਨ ਉਥੇ ਦੀ ਮੋਟਰ ਬੰਦ ਹੋ ਗਈ ਜਿਸ ਕਾਰਨ ਪੀਣਯੋਗ ਪਾਣੀ ਦੀ ਸਪਲਾਈ ਬੰਦ ਹੈ। ਇਲਾਕੇ ਦੀ ਸਮਾਜ ਸੇਵਿਕਾ ਬਲਬੀਰ ਕੌਰ ਨੇ ਦੋਸ਼ ਲਾਇਆ ਕਿ ਨਿਗਮ ਅਧਿਕਾਰੀਆਂ ਨੂੰ ਟਿਊਬਵੈੱਲਾਂ ਦੇ ਬੰਦ ਹੋਣ ਸਬੰਧੀ ਸੂਚਨਾ ਦੇਣ ਦੇ ਬਾਵਜੂਦ ਉਨ੍ਹਾਂ ਨੇ ਨਾ ਮੋਟਰ ਠੀਕ ਕਰਵਾ ਕੇ ਪਾਣੀ ਦੀ ਸਪਲਾਈ ਬਹਾਲ ਕੀਤੀ ਤੇ ਨਾ ਹੀ ਚੋਰੀ ਹੋਈਆਂ ਮੋਟਰ ਦੀਆਂ ਤਾਰਾਂ ਪਾ ਕੇ ਮੋਟਰ ਨੂੰ ਹੀ ਚਾਲੂ ਕੀਤਾ ਜਾ ਸਕਿਆ ਹੈ। ਇਸੇ ਤਰ੍ਹਾਂ ਹੀ ਵਾਰਡ-2 ਦੇ ਫੋਕਲ ਪੁਆਇੰਟ ਅਤੇ ਟ੍ਰਾਂਸਪੋਰਟ ਨਗਰ ’ਚ ਸੀਵਰੇਜ ਸਮੱਸਿਆ ਪੈਦਾ ਹੋ ਗਈ ਹੈ ਤੇ ਸੀਵਰੇਜ ਦਾ ਪਾਣੀ ਗਲੀਆਂ ’ਚ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਤੇ ਬਦਬੂ ਵਾਲੇ ਮਾਹੌਲ ’ਚ ਰਹਿਣ ਲਈ ਮਜੁਬੂਰ ਹੋਣਾ ਪੈ ਰਿਹਾ ਹੈ।
ਵਾਰਡ-2 ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਦੋਸ਼ ਲਾਇਆ ਕਿ ਪਿਛਲੇ ਕਈ ਦਿਨਾਂ ਤੋਂ ਟ੍ਰਾਂਸਪੋਰਟ ਨਗਰ ’ਚ ਸੀਵਰੇਜ ਦੀ ਪਾਈਪ ਲੀਕ ਹੋਣ ਕਾਰਨ ਗਲੀਆਂ ’ਚ ਗੰਦਾ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਤੇ ਉਨ੍ਹਾਂ ਨੂੰ ਬਦਬੂ ਭਰੇ ਮਾਹੌਲ ’ਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ੳਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਕਾਇਦਾ ਸ਼ਿਕਾਇਤ ਵੀ ਨਿਗਮ ਦੇ ਓਐਂਡਐੱਮ ਬਰਾਂਚ ਨੂੰ ਕੀਤੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਜਿਸ ਤਰ੍ਹਾਂ ਗਲੀਆਂ ’ਚ ਸੀਵਰੇਜ ਦਾ ਪਾਣੀ ਭਰਿਆ ਹੈ, ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਤੇ ਉਤੋਂ ਅੱਤ ਦੀ ਗਰਮੀ ਹੋਣ ਕਾਰਨ ਮੱਛਰਾਂ ਦੀ ਭਰਮਾਰ ਹੋ ਗਈ ਹੈ, ਜਿਸ ਨਾਲ ਮਹਾਮਾਰੀ ਫੈਲਣ ਦੀ ਸੰਭਾਵਨਾ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ। ਰਾਮ ਬਾਗ, ਪੁੰਨ ਵਿਹਾਰ ਆਦਿ ਵਿਖੇ ਵੀ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਦੀ ਸ਼ਿਕਾਇਤ ਮਿਲੀ ਹੈ। ਇਕ ਹੋਰ ਸੂਚਨਾ ਅਨੁਸਾਰ ਮਿਲਾਪ ਚੌਕ ਜਿਸ ਦਾ ਨਾਮ ਹੁਣ ਲਵ ਕੁਸ਼ ਚੌਕ ਹੈ, ਦੀ ਲੰਮੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਚਲ ਰਹੀ ਹੈ ਪਰ ਕਿਸੇ ਨੇ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਸਮਝੀ। ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਪਰੇਸ਼ਾਨੀ ਨੂੰ ਦੂਰ ਕਰਕੇ ਲੋਕਾਂ ’ਚ ਪ੍ਰਤੀ ਭਰੋਸੇ ਦੀ ਭਾਵਨਾ ਪੈਦਾ ਕਰੇ।