- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਜਾਇਜ਼ ਕਲੋਨੀਆਂ ਬਾਰੇ ਕਾਰਵਾਈ ਕਰਨ ਲਈ ਪੁੱਡਾ ਦੇ ਮੁੱਖ ਪ੍ਰਸ਼ਾਸਕ ਨੂੰ ਲਿਖੀ ਜਾਏਗੀ ਚਿੱਠੀ=ਮੇਅਰ

-ਕਿਹਾ, ਹਾਲੇ ਤਕ ਕਾਲੋਨਾਈਜ਼ਰਾਂ ਖ਼ਿਲਾਫ਼ ਵੀ ਦਰਜ ਨਹੀਂ ਹੋਈ ਐੱਫਆਈਆਰ
ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ
ਨਾਜਾਇਜ਼ ਕਾਲੋਨੀਆਂ ਵਿਰੁੱਧ ਕਾਰਵਾਈ ਕਰਨ ਲਈ ਪੁੱਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖਿਆ ਜਾਵੇਗਾ, ਜਿਸ ਵਿਚ ਡਿਫਾਲਟਰ ਕਾਲੋਨਾਈਜ਼ਰਾਂ ਵਿਰੁੱਧ ਤੁਰੰਤ ਐਕਸ਼ਨ ਲੈਣ ਲਈ ਕਿਹਾ ਜਾਵੇਗਾ। ਇਸ ਸਬੰਧੀ ਮੇਅਰ ਵਨੀਤ ਧੀਰ ਨੇ ਕਿਹਾ ਕਿ ਉਹ ਉਕਤ ਸਬੰਧੀ ਪੁੱਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਪੁੱਡਾ ਅਪਰੂਵ ਕਾਲੋਨੀਆਂ ਸਨ ਤੇ ਉਨ੍ਹਾਂ ਨੇ ਨਿਗਮ ਨੂੰ ਕਾਲੋਨੀ ਕੱਟਣ ਤੋਂ ਪਹਿਲਾਂ ਉਸਦੀ ਬਣਦੀ ਫ਼ੀਸ ਦੀ ਇਕ ਕਿਸ਼ਤ ਜਮ੍ਹਾਂ ਕਰਵਾਉਣ ਤੋਂ ਬਾਅਦ ਬਾਕੀ ਕਿਸ਼ਤਾਂ ਅਜੇ ਤਕ ਜਮ੍ਹਾਂ ਨਹੀਂ ਕਰਵਾਈਆਂ ਤੇ ਇਨ੍ਹਾਂ ਦਾ ਕਿਸ਼ਤਾਂ ਦੇ ਰੂਪ ’ਚ ਕਰੋੜਾਂ ਰੁਪਏ ਦਾ ਭੁਗਤਾਨ ਹਾਲੇ ਤਕ ਬਕਾਇਆ ਰਹਿੰਦਾ ਹੈ, ਉਨ੍ਹਾਂ ਵਿਰੁੱਧ ਕਾਰਵਾਈ ਦੇ ਰੂਪ ’ਚ ਉਨ੍ਹਾਂ ਨੂੰ ਦਿੱਤੀ ਅਪਰੂਵਲ ਰੱਦ ਕੀਤੀ ਜਾਵੇ ਤੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਵਜੋਂ ਉਨ੍ਹਾਂ ਦੀਆਂ ਨਾਜਾਇਜ਼ ਕਾਲੋਨੀਆਂ ਵੀ ਅਟੈਚ ਕੀਤੀਆਂ ਜਾਣ ਤਾਂ ਜੋ ਉਨ੍ਹਾਂ ਤੋਂ ਬਣਦੀ ਨਿਗਮ ਦੀਆਂ ਕਾਲੋਨੀਆਂ ਦੀਆਂ ਬਣਦੀਆਂ ਬਾਕੀ ਕਿਸ਼ਤਾਂ ਦੀ ਵਸੂਲੀ ਕੀਤੀ ਜਾ ਸਕੇ।
-ਨਗਰ ਨਿਗਮ ਵੱਲੋਂ ਵੀ ਅਜੇ ਤਕ ਐੱਫਆਈਆਰ ਨਹੀਂ ਹੋਈ
ਨਗਰ ਨਿਗਮ ਨੇ ਲਗਪਗ ਡੇਢ ਮਹੀਨਾ ਪਹਿਲਾਂ ਇਕ ਦਰਜਨ ਦੇ ਲਗਪਗ ਡਿਫਾਲਟਰ ਕਾਲੋਨਾਈਜ਼ਰਾਂ ਦੀ ਲਿਸਟ ਬਕਾਇਦਾ ਇਸ਼ਤਿਹਾਰ ਦੇ ਕੇ ਅਖਬਾਰਾਂ ’ਚ ਜਾਰੀ ਕੀਤੀ ਸੀ, ਜਿਨ੍ਹਾਂ ਦੇ ਖ਼ਿਲਾਫ਼ ਉਹ ਐੱਫਆਈਆਰ ਦਰਜ ਕਰਾਉਣ ਦੀ ਚਿਤਾਵਨੀ ਦਿੱਤੀ ਸੀ ਤੇ ਡਿਫਾਲਟਰਾਂ ਨੂੰ ਕੱਟੀਆਂ ਕਾਲੋਨੀਆਂ ਦੀਆਂ ਬਕਾਇਆ ਰਹਿੰਦੀਆਂ ਕਿਸ਼ਤਾਂ ਇਕ ਹਫ਼ਤੇ ਅੰਦਰ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਸੀ, ਪਰ ਇਸ ਦੌਰਾਨ ਇਕ-ਦੋ ਨੂੰ ਛੱਡ ਕੇ ਬਾਕੀ ਕਿਸੇ ਵੀ ਕਾਲੋਨਾਈਜ਼ਰ ਨੇ ਬਾਕੀ ਰਹਿੰਦੀਆਂ ਕਾਲੋਨੀਆਂ ਦੀਆਂ ਕਿਸ਼ਤਾਂ ਜਮ੍ਹਾਂ ਨਹੀਂ ਕਰਵਾਈਆਂ।
ਇਸ ਸਬੰਧੀ ਮੇਅਰ ਨੇ ਡਿਫਾਲਟਰਾਂ ਵਿਰੁੱਧ ਐੱਫਆਈਆਰ ਦਰਜ ਕਰਵਾਉਣ ਲਈ ਨਿਗਮ ਕਮਿਸ਼ਨਰ ਨੂੰ ਪੱਤਰ ਵੀ ਲਿਖਿਆ ਸੀ, ਪਰ ਅੱਜ ਤਕ ਕਮਿਸ਼ਨਰ ਵੱਲੋਂ ਡਿਫਾਲਟਰ ਕਾਲੋਨਾਈਜ਼ਰਾਂ ਵਿਰੁੱਧ ਐੱਫਆਈਆਰ ਦਰਜ ਨਹੀਂ ਕਰਵਾਈ ਗਈ, ਜਿਸ ਕਾਰਨ ਹੁਣ ਮੇਅਰ ਨੇ ਪੁੱਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖਣ ਦਾ ਫ਼ੈਸਲਾ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਲਗਪਗ 4 ਮਹੀਨੇ ਪਹਿਲਾਂ ਨਗਰ ਨਿਗਮ ਦੇ 18 ਫੋਰਵ੍ਹੀਲਰ ਜਿਹੜੇ ਕਿ ਗੈਸ ਨਾਲ ਚੱਲਣ ਵਾਲੇ ਸਨ, ਦੀਆਂ ਬੈਟਰੀਆਂ ਚੋਰੀ ਹੋ ਗਈਆਂ ਸਨ ਤੇ ਉਨ੍ਹਾਂ ਦੀ ਅੱਜ ਤਕ ਨਿਗਮ ਵੱਲੋਂ ਕੋਈ ਐੱਫਆਈਆਰ ਦਰਜ ਨਹੀਂ ਕਰਵਾਈ ਗਈ। ਜਦਕਿ ਮੇਅਰ ਨੇ ਐੱਫਆਈਆਰ ਲਈ ਨਗਰ ਨਿਗਮ ਕਮਿਸ਼ਨਰ ਨੂੰ ਮੋਬਾਈਲ ’ਤੇ ਹਦਾਇਤ ਕੀਤੀ ਸੀ, ਪਰ ਇਸ ਦੇ ਬਾਵਜੂਦ ਐੱਫਆਈਆਰ ਦਰਜ ਨਹੀਂ ਹੋ ਸਕੀ।