- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਟੀਬੀ ਨਗਰ ਦੇ ਟੀ ਪੁਆਇੰਟ ਦੀ ਸੜਕ ਦਾ ਥਿਆੜਾ ਵਲੋਂ ਉਦਘਾਟਨ ਦੇ ਬਾਅਦ ਵਰ੍ਹੇ ਮੀਂਹ ਨੇ ਕੀਤਾ ਕੰਮ ਖਰਾਬ

-ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਮੀਂਹ ਦੌਰਾਨ ਸੜਕ ਬਣਾਉਣ ਦਾ ਲਾਇਆ ਦੋਸ਼
ਮਦਨ ਭਾਰਦਵਾਜ, ਜਲੰਧਰ, ਪੰਜਾਬੀ ਜਾਗਰਣ : ਕੈਂਟ ਹਲਕੇ ਦੇ ਵਾਰਡ-35 ਦੀ ਜੀਟੀਬੀ ਨਗਰ, ਗੁਰੂ ਤੇਗ ਬਹਾਦਰ ਨਗਰ ਤੇ ਮੈਨਬ੍ਰੋ ਚੌਕ ਤੋਂ ਟੀ ਪੁਆਇੰਟ ਤਕ ਬਣੀ ਸੜਕ ਦਾ ਜਿਵੇਂ ‘ਆਪ’ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਤੇ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਉਦਘਾਟਨ ਕੀਤਾ ਤਾਂ ਉਸ ਦੇ ਬਾਅਦ ਤੁਰੰਤ ਬਰਸਾਤ ਸ਼ੁਰੂ ਹੋ ਗਈ ਜਿਸ ਨਾਲ ਸੜਕ ਨੂੰ ਨੁਕਸਾਨ ਪੁੱਜਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਹਿੰਦੇ ਹਨ ਕਿ ਲੁੱਕ ਤੇ ਪਾਣੀ ਦਾ ਵੈਰ ਹੁੰਦਾ ਹੈ। ਜੇ ਨਵੀਂ ਬਣੀ ਸੜਕ ਤੇ ਪਾਣੀ ਦਾ ਛਿੱਟਾ ਵੀ ਪੈ ਜਾਏ ਤਾਂ ਸੜਕ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਸੜਕ ਮੁਸ਼ਕਲ ਨਾਲ ਹੀ ਬਣੀ ਸੀ ਕਿ ਮੀਂਹ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਹਲਕਾ ਇੰਚਾਰਜ ਬੀਬੀ ਥਿਆੜਾ ਨੇ ਕਿਹਾ ਕਿ ਉਕਤ ਸੜਕ ਬੜੀ ਮੁਸ਼ਕਲ ਨਾਲ ਬਣੀ ਹੈ ਤੇ ਇਹ ਸੜਕ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਕਾਰਨ ਤੋੜੀ ਗਈ। ਇਸ ਮੌਕੇ ਕੋਂਸਲਰ ਹਰਸ਼ਰਨ ਕੌਰ ਹੈਪੀ ਤੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਨੇ ਸੜਕ ਬਣਾਉਣ ਲਈ ਮੇਅਰ ਵਨੀਤ ਧੀਰ ਤੇ ਕਮਿਸ਼ਨਰ ਸੰਦੀਪ ਰਿਸ਼ੀ ਦਾ ਧੰਨਵਾਦ ਕੀਤਾ ਹੈ।
-ਬੇਰੀ ਵੱਲੋਂ ਮੀਂਹ ’ਚ ਸੜਕ ਬਣਾਉਣ ਦਾ ਦੋਸ਼
ਇਸ ਦੌਰਾਨ ਸਾਬਕਾ ਵਿਧਾਇਕ ਤੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਾਜਿੰਦਰ ਬੇਰੀ ਨੇ ਦੋਸ਼ ਲਾਇਆ ਹੈ ਕਿ ਨਿਗਮ ਨੇ ਮੀਂਹ ’ਚ ਸੜਕ ਬਣਾ ਕੇ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਹੈ। ਉਹ ਉਸ ਪਾਸੇ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਮੀਂਹ ਦੌਰਾਨ ਬਣ ਰਹੀ ਸੜਕ ’ਤੇ ਇਤਰਾਜ਼ ਪ੍ਰਗਟਾਉਂਦਿਆਂ ਠੇਕੇਦਾਰ ਦੇ ਕਰਿੰਦਿਆਂ ਨੂੰ ਸੜਕ ਦੇ ਕੰਮ ਨੂੰ ਬੰਦ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਕੰਮ ਜਾਰੀ ਰੱਖਿਆ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਮੀਂਹ ਦੌਰਾਨ ਸੜਕਾਂ ਬਣਾ ਕੇ ਲੋਕਾਂ ਦਾ ਟੈਕਸ ਵਜੋਂ ਆਇਆ ਪੈਸਾ ਬਰਬਾਦ ਕਰ ਰਿਹਾ ਹੈ। ਮੀਂਹ ਦੌਰਾਨ ਬਣਾਈ ਗਈ ਸੜਕ ਛੇਤੀ ਟੁੱਟ ਜਾਂਦੀ ਹੈ। ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ਤੇ ਦੋਸ਼ ਲਾਇਆ ਕਿ ਉਹ ਲੋਕਾਂ ਵੱਲੋਂ ਟੈਕਸ ਦੇ ਰੂਪ ’ਚ ਦਿੱਤਾ ਗਿਆ ਪੈਸਾ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਮਿਸ਼ਨਰ ਨੂੰ ਫੋਨ ਕਰਕੇ ਕੰਮ ਰੋਕਣ ਲਈ ਕਿਹਾ ਸੀ ਕਿਉਂਕਿ ਮੌਕੇ ’ਤੇ ਨਾ ਕੋਈ ਐਕਸੀਅਨ, ਐੱਸਡੀਓ ਤੇ ਜੇਈ ਨਹੀਂ ਹੈ ਅਤੇ ਕਿਸੇ ਨੂੰ ਵੀ ਭੇਜੋ। ਉਨ੍ਹਾਂ ਕਿਹਾ ਕਿ ਮੀਂਹ ਦੌਰਾਨ ਸੜਕ ਬਣਾਉਣਾ ਬੜੀ ਮੰਦਭਾਗੀ ਵਾਲੀ ਗੱਲ ਹੈ।
-ਥੋੜ੍ਹੇ ਜਿਹਾ ਮੀਂਹ ਪੈਣ ਨਾਲ ਸੜਕ ਦਾ ਨੁਕਸਾਨ ਨਹੀਂ : ਐੱਸਈ
ਇਸ ਦੌਰਾਨ ਨਿਗਮ ਦੇ ਬੀਐਂਡਆਰ ਬਰਾਂਚ ਦੇ ਐੱਸਈ ਰਜਨੀਸ਼ ਡੋਗਰਾ ਨੇ ਕਿਹਾ ਕਿ ਸੜਕ ਬਣਨ ਦੌਰਾਨ ਅਚਾਨਕ ਮੀਂਹ ਪੈ ਗਿਆ ਅਤੇ ਉਥੇ ਮੌਕੇ ’ਤੇ ਜੇਈ ਪਰਿਤੋਸ਼ ਮੌਜੂਦ ਸੀ ਜਿਸ ਨੇ ਤੁਰੰਤ ਕੰਮ ਬੰਦ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਥੋੜ੍ਹੇ ਜਿਹੇ ਮੀਂਹ ਨਾਲ ਸੜਕ ਖ਼ਰਾਬ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਤਕ ਉਕਤ ਸੜਕ ਦੇ ਠੇਕੇਦਾਰ ਨੂੰ ਕੋਈ ਭੁਗਤਾਨ ਤਕ ਨਹੀਂ ਕੀਤਾ ਹੈ ਤੇ ਜੇ ਕੋਈ ਖਰਾਬੀ ਆਉਂਦੀ ਤਾਂ ਉਸ ਨੂੰ ਬਕਾਇਦਾ ਮੁੜ ਠੀਕ ਕੀਤਾ ਜਾਏਗਾ।