- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਸਰਵਿਸ ਲੇਨ 'ਤੇ ਟ੍ਰੈਫਿਕ

-ਸਰਵਿਸ ਲੇਨ 'ਤੇ ਟ੍ਰੈਫਿਕ ਠੱਪ, ਨੈਸ਼ਨਲ ਹਾਈਵੇ ’ਤੇ ਹਾਦਸੇ ਵਾਪਰਨ ਦਾ ਵਧਿਆ ਖ਼ਤਰਾ
ਜਾਗਰਣ ਸੰਵਾਦਦਾਤਾ, ਜਲੰਧਰ : ਵੀਰਵਾਰ ਰਾਤ ਨੂੰ ਪਏ ਮੀਂਹ ਦਾ ਸਭ ਤੋਂ ਵੱਧ ਪ੍ਰਭਾਵ ਨੈਸ਼ਨਲ ਹਾਈਵੇ 'ਤੇ ਦੇਖਣ ਨੂੰ ਮਿਲਿਆ। ਸਭ ਤੋਂ ਬੁਰੇ ਹਾਲਾਤ ਨੈਸ਼ਨਲ ਹਾਈਵੇ ’ਤੇ ਇਸ ਦੀ ਸਰਵਿਸ ਲੇਨ 'ਤੇ ਸਾਫ਼ ਨਜ਼ਰ ਆਏ। ਰਾਮਾ ਮੰਡੀ ਤੋਂ ਲੈ ਕੇ ਵੇਰਕਾ ਮਿਲਕ ਪਲਾਂਟ ਤੱਕ ਪਾਣੀ ਭਰ ਜਾਣ ਤੇ ਟੁੱਟੀਆਂ ਸੜਕਾਂ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਿਹਾ। ਵਾਹਨ ਚਾਲਕਾਂ ਨੂੰ ਘੰਟਿਆਂਬੱਧੀ ਜਾਮ ਤੇ ਚਿੱਕੜ ਨਾਲ ਜੂਝਣਾ ਪਿਆ।
ਹਾਲਾਤ ਇਸ ਕਦਰ ਖ਼ਰਾਬ ਹੋ ਗਏ ਕਿ ਫੋਕਲ ਪੁਆਇੰਟ ਤੋਂ ਲੈ ਕੇ ਪਠਾਨਕੋਟ ਚੌਕ ਤੱਕ ਦੀ ਸਰਵਿਸ ਲੇਨ 'ਤੇ ਟ੍ਰੈਫਿਕ ਬੰਦ ਹੋ ਗਿਆ। ਗਿਣਤੀ ਦੇ ਲੋਕ ਹੀ ਖ਼ਤਰੇ ਮੁੱਲ ਲੈ ਕੇ ਇਸ ਰੋਡ ਤੋਂ ਨਿਕਲ ਰਹੇ ਸਨ, ਕਿਉਂਕਿ ਕਾਰਾਂ ਚਿੱਕੜ ’ਚ ਫਸਣ ਦਾ ਖ਼ਤਰਾ ਸੀ ਤੇ ਸਕੂਟਰ-ਮੋਟਰਸਾਈਕਲ ਸਲਿੱਪ ਹੋ ਸਕਦੇ ਸਨ। ਫੋਕਲ ਪੁਆਇੰਟ ਮੋੜ ਤੋਂ ਪਠਾਨਕੋਟ ਚੌਕ ਤੱਕ ਸਰਵਿਸ ਲੇਨ 'ਤੇ ਸਰਫੇਸ ਵਾਟਰ ਪ੍ਰੋਜੈਕਟ ਲਈ ਪਾਈਪਲਾਈਨ ਪਾਈ ਗਈ ਹੈ ਤੇ ਇੱਥੇ ਸੜਕ ਦਾ ਇਕ ਹਿੱਸਾ ਤੋੜਿਆ ਗਿਆ ਹੈ। ਸੜਕ ਪੁੱਟਣ ਨਾਲ ਨਿਕਲੀ ਮਿੱਟੀ ਪੂਰੀ ਸੜਕ 'ਤੇ ਫੈਲ ਗਈ ਹੈ।
ਲੰਮਾ ਪਿੰਡ ਚੌਕ, ਸੁੱਚੀ ਪਿੰਡ, ਫੋਕਲ ਪੁਆਇੰਟ, ਰਾਮਾ ਮੰਡੀ ਤੋਂ ਪੀਏਪੀ ਤੱਕ ਪਾਣੀ ਭਰ ਜਾਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਕਈ ਵਾਰ ਤਾਂ ਇਕ ਵਾਰੀ ਪਾਣੀ ਭਰ ਜਾਣ 'ਤੇ ਕਈ ਦਿਨਾਂ ਤੱਕ ਨਿਕਾਸੀ ਨਹੀਂ ਹੁੰਦੀ। ਸਰਵਿਸ ਲੇਨ ਦੀ ਹਾਲਤ ਪਹਿਲਾਂ ਹੀ ਖਰਾਬ ਸੀ ਤੇ ਮੇਅਰ ਵਨੀਤ ਧੀਰ ਨੇ ਕਈ ਵਾਰੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਨੂੰ ਪੱਤਰ ਲਿਖੇ ਤੇ ਅਧਿਕਾਰੀਆਂ ਨੂੰ ਸੱਦ ਕੇ ਸਰਵਿਸ ਲੇਨ ਦੇ ਨਿਰਮਾਣ, ਪਾਣੀ ਦੀ ਨਿਕਾਸੀ ਦੇ ਪ੍ਰਬੰਧ ਤੇ ਸਟਰੀਟ ਲਾਈਟਾਂ ਨੂੰ ਠੀਕ ਕਰਨ ਦੇ ਨਿਰਦੇਸ਼ ਦਿੱਤੇ, ਪਰ ਹਾਲੇ ਤੱਕ ਕੋਈ ਕੰਮ ਨਹੀਂ ਹੋਇਆ।
ਮੇਅਰ ਨੇ ਪਿਛਲੇ ਸਾਲ ਹਾਈਵੇ ਅਥਾਰਟੀ ਨੂੰ ਸਰਵਿਸ ਲੇਨ ਦੇ ਨਿਰਮਾਣ ਤੇ ਪਾਣੀ ਦੀ ਨਿਕਾਸੀ ਲਈ ਡ੍ਰੇਨ ’ਚ ਪਾਈਪ ਪਾਉਣ ਦੇ ਨਿਰਦੇਸ਼ ਦਿੱਤੇ ਸਨ, ਪਰ ਕੋਈ ਕਾਰਵਾਈ ਨਹੀਂ ਹੋਈ। ਨੈਸ਼ਨਲ ਹਾਈਵੇ 'ਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਹਾਈਵੇ 'ਤੇ ਦੋਵੇਂ ਪਾਸੇ ਪਾਣੀ ਦੀ ਨਿਕਾਸੀ ਲਈ ਡ੍ਰੇਨ ਬਣਾਈ ਗਈ ਹੈ, ਪਰ ਇਸ ਡ੍ਰੇਨ ਤੋਂ ਪਾਣੀ ਦੀ ਨਿਕਾਸੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਇਸ ਕਾਰਨ ਸਰਵਿਸ ਲੇਨ ਅਤੇ ਮੇਨ ਰੋਡ 'ਤੇ ਪਾਣੀ ਭਰ ਜਾਂਦਾ ਹੈ। ਵੀਰਵਾਰ ਨੂੰ ਪਏ ਮੀਂਹ ਤੋਂ ਬਾਅਦ ਜਿਹੜੇ ਹਾਲਾਤ ਬਣੇ ਹਨ, ਉਹ ਇਸ ਗੱਲ ਨੂੰ ਸਾਫ਼ ਕਰਦੇ ਹਨ ਕਿ ਇਸ ਵਾਰ ਮੌਨਸੂਨ ’ਚ ਸਰਵਿਸ ਲੇਨ ਦੇ ਹਾਲਾਤ ਪਿਛਲੇ ਸਾਲ ਤੋਂ ਵੀ ਖ਼ਰਾਬ ਹੋਣਗੇ। ਸ਼ੁੱਕਰਵਾਰ ਨੂੰ ਦਲਦਲ ਜਿਹੇ ਹਾਲਾਤ ਹੋਣ ਦੇ ਬਾਅਦ ਰਾਹਗੀਰਾਂ ਨੂੰ ਸੜਕ ਪਾਰ ਕਰਨ ਲਈ ਸੁਰੱਖਿਅਤ ਰਸਤਾ ਲੱਭਣਾ ਪਿਆ। ਕੋਈ ਈ-ਰਿਕਸ਼ਾ ਚਾਲਕ ਕਿਰਾਇਆ ਪੁੱਛ ਕੇ ਚਿੱਕੜ ਤੋਂ ਬਚਣ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ, ਤਾਂ ਕੋਈ ਪੈਦਲ, ਦੋਪਹੀਆ ਜਾਂ ਚਾਰਪਹੀਆ ਵਾਹਨ ਲੈ ਕੇ ਪਾਣੀ ਅਤੇ ਦਲਦਲ ਨਾਲ ਜੂਝਦੇ ਹੋਏ ਆਪਣੀ ਮੰਜਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ।
-ਨੈਸ਼ਨਲ ਹਾਈਵੇ ਦੇ ਨਾਲ-ਨਾਲ ਨਿਗਮ ਦੇ ਇਲਾਕਿਆਂ ’ਚ ਵੀ ਮੁਸੀਬਤ
ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਾਈਵੇਅ ਨਾਲ ਜੁੜੀਆਂ ਕਾਲੋਨੀਆਂ ’ਚ ਹਾਲਾਤ ਖ਼ਰਾਬ ਹੋ ਗਏ ਹਨ। ਐੱਨਐੱਚਏਆਈ ਦੀ ਲਾਪਰਵਾਹੀ ਦਾ ਖਮਿਆਜ਼ਾ ਨਗਰ ਨਿਗਮ ਦੇ ਇਲਾਕਿਆਂ ’ਚ ਵੀ ਲੋਕ ਭੁਗਤ ਰਹੇ ਹਨ। ਲੰਮਾ ਪਿੰਡ ਚੌਕ ਦੇ ਆਲੇ-ਦੁਆਲੇ ਕਈ ਕਾਲੋਨੀਆਂ ਤਕ ਪਾਣੀ ਭਰ ਗਿਆ ਹੈ। ਫੋਕਲ ਪੁਆਇੰਟ, ਸੁੱਚੀ ਪਿੰਡ ਦੇ ਨੇੜੇ ਵੀ ਇਹੋ ਜਿਹੀ ਸਥਿਤੀ ਬਣੀ ਹੋਈ ਹੈ। ਸਰਵਿਸ ਲੇਨ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਇੰਡਸਟ੍ਰੀਅਲ ਜ਼ੋਨ ਹਨ ਤੇ ਹਜ਼ਾਰਾਂ ਦੀ ਗਿਣਤੀ ’ਚ ਕਾਰਖ਼ਾਨਿਆਂ ’ਚ ਮਜ਼ਦੂਰ ਕੰਮ ਲਈ ਜਾਂਦੇ ਹਨ। ਇਨ੍ਹਾਂ ਸਾਰਿਆਂ ਲਈ ਆਉਣਾ ਜਾਣਾ ਮੁਸ਼ਕਲ ਹੋ ਗਿਆ ਹੈ।
-ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਸੱਦਿਆ ਜਾਵੇਗਾ, ਇਕ ਸਾਲ ਤੋਂ ਗੁਮਰਾਹ ਕਰ ਰਹੇ ਹਨ : ਮੇਅਰ
ਮੇਅਰ ਵਨੀਤ ਧੀਰ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਹਾਈਵੇ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਮੇਅਰ ਵਨੀਤ ਧੀਰ ਦੇ ਨਾਲ ਕਈ ਸਥਾਨਕ ਠੇਕੇਦਾਰ ਵੀ ਸਨ, ਜਿਨ੍ਹਾਂ ਨਾਲ ਲੋਕਾਂ ਨੂੰ ਰਾਹਤ ਪਹੁੰਚਾਉਣ 'ਤੇ ਚਰਚਾ ਕੀਤੀ। ਮੇਅਰ ਅਨੁਸਾਰ ਇਸ ਵਾਰ ਹੋਏ ਪਾਣੀ ਭਰਾਵ ਲਈ ਪੂਰੀ ਤਰ੍ਹਾਂ ਐੱਨਐੱਚਏਆਈ ਜ਼ਿੰਮੇਵਾਰ ਹੈ। ਐੱਨਐੱਚਏਆਈ ਦੇ ਕਾਰਨ ਨਗਰ ਨਿਗਮ ਤੇ ਪੰਜਾਬ ਸਰਕਾਰ ਦਾ ਅਕਸ ਵੀ ਖਰਾਬ ਹੋ ਰਹੀ ਹੈ, ਜਦਕਿ ਇਸ ਦੀ ਪੂਰੀ ਜ਼ਿੰਮੇਵਾਰੀ ਹਾਈਵੇ ਅਥਾਰਟੀ ਦੀ ਹੈ। ਮੇਅਰ ਅਨੁਸਾਰ ਇਕ ਸਾਲ ਵਿਚ ਕਈ ਵਾਰੀ ਐੱਨਐੱਚਏਆਈ ਨੂੰ ਪੱਤਰ ਲਿਖੇ, ਪਰ ਇਕ ਵਾਰੀ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਐੱਨਐੱਚਏਆਈ ਦੇ ਕਾਰਨ ਲੋਕਾਂ ਦੀ ਜ਼ਿੰਦਗੀ ਖਤਰੇ ’ਚ ਹੈ। ਹੁਣ ਉਹ ਕਾਨੂੰਨੀ ਸਲਾਹ ਲੈ ਕੇ ਹਾਈਵੇ ਦੇ ਅਧਿਕਾਰੀਆਂ 'ਤੇ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਰਹੇ ਹਨ।