ਆਪਣੇ ਚੋਣ ਹੱਕਾਂ ਲਈ ਚੌਕਸੀ ਜ਼ਰੂਰੀ : ਮਾਣਕ
-‘ਵੋਟਰ ਸੂਚੀਆਂ ਦੀ ਵਿਸ਼ੇਸ਼
Publish Date: Tue, 09 Jun 2026 07:48 PM (IST)
Updated Date: Wed, 10 Jun 2026 04:09 AM (IST)

-‘ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ ਮਹਿੰਦਰ ਰਾਮ ਫੁੱਗਲਾਣਾ ਜਲੰਧਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਨੇ ਇਤਿਹਾਸਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਵਿਸ਼ੇ ਤੇ ਸੈਮੀਨਾਰ ਕਰਵਾਇਆ। ਸੈਮੀਨਾਰ ਦੇ ਮੁੱਖ ਬੁਲਾਰੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਭਾਸ਼ਣ ’ਚ ਕਿਹਾ ਕਿ ਦੇਸ਼ ਦੀ ਮੌਜੂਦਾ ਸਥਿਤੀ ਬਹੁਤ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸਰਕਾਰ ਐੱਸਆਈਆਰ ਦੀ ਆੜ ’ਚ ਆਪਣੇ ਵਿਰੋਧੀਆਂ ਦੀਆਂ ਵੋਟਾਂ ਕੱਟ ਰਹੀ ਹੈ, ਜਿਸ ਦੀਆਂ ਤਾਜ਼ਾ ਉਦਾਹਰਣਾਂ ਬਿਹਾਰ ਅਤੇ ਪੱਛਮੀ ਬੰਗਾਲ ਹਨ। ਜੇਕਰ ਅਸੀਂ ਅਜੇ ਵੀ ਸੁਚੇਤ ਨਾ ਹੋਏ, ਤਾਂ ਸਾਡੀਆਂ ਵੋਟਾਂ ਕੱਟ ਦਿੱਤੀਆਂ ਜਾਣਗੀਆਂ ਤੇ ਅਸੀਂ ਸਾਰੇ ਬੁਨਿਆਦੀ ਜਮਹੂਰੀ ਹੱਕਾਂ ਤੋਂ ਵਾਂਝੇ ਰਹਿ ਜਾਵਾਂਗੇ। ਇਸ ਲਈ, ਸਾਨੂੰ ਸਾਰਿਆਂ ਨੂੰ ਇਕ ਸਾਂਝਾ ਮੋਰਚਾ ਬਣਾਉਣਾ ਚਾਹੀਦਾ ਹੈ। ਆਪਣੇ ਭਾਸ਼ਣ ’ਚ ਸੇਵਾਮੁਕਤ ਪ੍ਰਿੰਸੀਪਲ ਡਾ. ਕੁਲਵੰਤ ਸਿੰਘ ਫੁੱਲ ਨੇ ਐੱਸਆਈਆਰ ਬਾਰੇ ਜਾਣਕਾਰੀ ਦਿੱਤੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਦੇਸ਼ ’ਚ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾ ਰਹੀ ਹੈ। ਇਸ ਲਈ, ਸਾਨੂੰ ਚੌਕਸ ਰਹਿਣਾ ਚਾਹੀਦਾ ਹੈ, ਤਾਂ ਜੋ ਅਸੀਂ ਬਾਬਾ ਸਾਹਿਬ ਡਾ. ਅੰਬੇਡਕਰ ਦੁਆਰਾ ਬਹੁਤ ਸੰਘਰਸ਼ ਤੇ ਮਿਹਨਤ ਨਾਲ ਦਿੱਤੇ ਲੋਕਤੰਤਰੀ ਅਧਿਕਾਰਾਂ ਨੂੰ ਗੁਆ ਨਾ ਦੇਈਏ। ਧੱਮਾ ਵੇਵਜ਼ ਦੇ ਸੰਸਥਾਪਕ ਮੈਂਬਰ ਤੇ ‘ਫੈਡਰੇਸ਼ਨ ਆਫ਼ ਅੰਬੇਡਕਰਾਈਟ ਐਂਡ ਬੁੱਧਿਸਟ ਆਰਗੇਨਾਈਜ਼ੇਸ਼ਨਜ਼’ (ਐੱਫਏਬੀਓ) ਦੇ ਅੰਤਰਰਾਸ਼ਟਰੀ ਧਰਮ ਪ੍ਰਚਾਰਕ ਡਾ. ਹਰਬੰਸ ਵਿਰਦੀ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਮਿਸ਼ਨ ਦੀ ਦੁਨੀਆ ਭਰ ’ਚ ਚੱਲ ਰਹੀ ਲਹਿਰ ਤੇ ਚਾਨਣਾ ਪਾਇਆ। ਅੰਬੇਡਕਰ ਭਵਨ ਟਰੱਸਟ ਦੇ ਵਾਈਸ ਚੇਅਰਮੈਨ ਅਤੇ ਅੰਬੇਡਕਰ ਬਿਸ਼ਨ ਸੁਸਾਇਟੀ ਦੇ ਸਰਪ੍ਰਸਤ ਡਾ. ਜੀ.ਸੀ. ਕੌਲ ਨੇ ਅੰਬੇਡਕਰ ਭਵਨ ਤੇ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਅੰਬੇਡਕਰ ਮਿਸ਼ਨ ’ਚ ਪਾਏ ਯੋਗਦਾਨ ਬਾਰੇ ਦੱਸਿਆ। ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਭਾਸ਼ਣ ’ਚ ਕਿਹਾ ਕਿ ਪਹਿਲਾਂ ਚੋਣ ਕਮਿਸ਼ਨ ਵੋਟਾਂ ਬਣਾਉਣ ਦਾ ਕੰਮ ਕਰਦਾ ਸੀ ਪਰ ਹੁਣ ਸੱਤਾਧਾਰੀ ਸਰਕਾਰ ਨੇ ਵਿਰੋਧੀ ਧਿਰ ਦੀਆਂ ਵੋਟਾਂ ਕੱਟਣ ਲਈ ਇਸਦੀ ਵਰਤੋਂ ਸ਼ੁਰੂ ਕੀਤੀ ਹੈ। ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਡਾ. ਮਹਿੰਦਰ ਸੰਧੂ, ਤਿਲਕ ਰਾਜ, ਪਰਮਿੰਦਰ ਸਿੰਘ ਖੁੱਤਣ, ਜਸਵਿੰਦਰ ਵਰਿਆਣਾ, ਹਰਮੇਸ਼ ਜੱਸਲ, ਐਡਵੋਕੇਟ ਹਰਭਜਨ ਸਾਂਪਲਾ, ਪਰਮਜੀਤ ਜੱਸਲ, ਮਨਜੀਤ ਸਿੰਘ, ਕਮਲ ਕੁਮਾਰ, ਨਿਰਮਲ ਬਿਨਜੀ, ਜੋਤਿ ਪ੍ਰਕਾਸ਼, ਮੇਹਰ ਮਲਿਕ, ਸਾਬਕਾ ਰਾਜਦੂਤ ਰਮੇਸ਼ ਚੰਦਰ, ਪਰਮਜੀਤ ਮਹੇ, ਮਲਕੀਤ ਸਿੰਘ, ਚਮਨ ਸਾਂਪਲਾ, ਪ੍ਰੋ. ਅਰਿੰਦਰ ਸਿੰਘ , ਵੀ ਕੇ ਸਾਰੰਗਲ, ਮਦਨ ਲਾਲ, ਸੰਗਤ ਰਾਮ, ਡਾ. ਸਤਪਾਲ, ਅਸ਼ੋਕ ਪ੍ਰਿਯਦਰਸ਼ੀ, ਓਮ ਪ੍ਰਕਾਸ਼, ਨਰਿੰਦਰ ਲੇਖ, ਤੀਰਥ ਭਾਰਦਵਾਜ, ਚਰਨਜੀਤ ਸਿੰਘ, ਜਗਦੀਸ਼ ਡਾਲੀਆ, ਜੀ. ਲਾਲ, ਡਾ. ਮਦਨ ਲਾਲ, ਸੁਖਦੇਵ ਕੁਮਾਰ, ਵਾਸੂ ਦੇਵ, ਕਸ਼ਮੀਰੀ ਲਾਲ, ਸੁਖਦੇਵ ਸਿੰਘ ਤੇ ਹੋਰ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪੱਤਰਕਾਰਾਂ ਨੂੰ ਦਿੱਤੀ।