- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਕਿਹਾ, ਮਿੱਥੇ ਸਮੇਂ ’ਚ

-ਕਿਹਾ, ਮਿੱਥੇ ਸਮੇਂ ’ਚ ਪ੍ਰਸ਼ਾਸਨ ਨੇ ਮਸਲੇ ਨੂੰ ਹੱਲ ਨਾ ਕੀਤਾ ਤਾਂ ਲਾਇਆ ਜਾਵੇਗਾ ਪੱਕਾ ਧਰਨਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣਸ, ਜਲੰਧਰ : ਸੰਜੈ ਗ੍ਰੇਨ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਮੰਡ ਦੇ ਹਿੱਸੇਦਾਰਾਂ, ਮਾਲਕਾਂ ਵਲੋਂ ਸਹਾਇਕ ਲੇਬਰ ਕਮਿਸ਼ਨਰ ਕੁੰਵਰ ਡਾਬਰ ਅਤੇ ਲੇਬਰ ਇੰਸਪੈਕਟਰ ਚੰਦਨ ਗਿੱਲ ਦੇ ਦਫ਼ਤਰ ਵਿਖੇ ਬੁਲਾਈ ਤਿੰਨ ਧਿਰੀਂ ਬੈਠਕ ਵਿੱਚ ਅੱਜ ਵੀ ਹਾਜ਼ਰ ਨਾ ਹੋਣ ਕਾਰਨ ਮੁੱਖ ਮੰਤਰੀ ਦੀ ‘ਮੇਰੀ ਰਸੋਈ’ ਸਕੀਮ ਤਹਿਤ ਰਾਸ਼ਨ ਕਿੱਟਾਂ ਭਰਨ ਵਾਲੇ ਕੰਮ ਤੋਂ ਕੱਢੇ ਮਜ਼ਦੂਰਾਂ ਨੂੰ ਬਹਾਲ ਕਰਨ ਦਾ ਕੋਈ ਵੀ ਫ਼ੈਸਲਾ ਨਾ ਹੋ ਸਕਿਆ। ਜਿਸ ਖ਼ਿਲਾਫ਼ ਪੀੜਤ ਮਜ਼ਦੂਰਾਂ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਫੈਕਟਰੀ ਦਾ ਘਿਰਾਓ ਕੀਤਾ। ਜੋ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਚਲਿਆ। ਮੌਕੇ ਉੱਤੇ ਨਾਇਬ ਤਹਿਸੀਲਦਾਰ ਕਰਤਾਰਪੁਰ ਦਮਨਪ੍ਰੀਤ ਸਿੰਘ, ਡੀਐੱਸਪੀ ਨਰਿੰਦਰ ਸਿੰਘ ਔਜਲਾ, ਜਨਰਲ ਮੈਨੇਜਰ ਮਾਰਕਫੈੱਡ ਜਗਦੀਪ ਸਿੰਘ ਨੇ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਕੱਲ੍ਹ ਤੱਕ ਦਾ ਸਮਾਂ ਮੰਗਿਆ, ਜਿਸ ਤਹਿਤ ਸ਼ਾਮ 6 ਵਜੇ ਘਿਰਾਓ ਖ਼ਤਮ ਕਰਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਯੂਨੀਅਨ ਦੇ ਸੂਬਾ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਐਲਾਨ ਕੀਤਾ ਕਿ ਜੇਕਰ ਮਿੱਥੇ ਸਮੇਂ ਅੰਦਰ ਹੁਣ ਵੀ ਕੰਮ ਤੋਂ ਮਜ਼ਦੂਰਾਂ ਨੂੰ ਬਹਾਲ ਨਾ ਕੀਤਾ ਗਿਆ ਤੇ ਟੁੱਟੇ ਦਿਨਾਂ ਦਾ ਮਜ਼ਦੂਰਾਂ ਨੂੰ ਮੁਆਵਜ਼ਾ ਨਾ ਦਿੱਤਾ ਤਾਂ 11 ਜੂਨ ਤੋਂ ਫੈਕਟਰੀ ਅੱਗੇ ਪੱਕਾ ਧਰਨਾ ਮੁਜ਼ਾਹਰਾ ਸ਼ੁਰੂ ਕੀਤਾ ਜਾਵੇਗਾ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਯੂਨੀਅਨ ਦੇ ਸੂਬਾ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਦੱਸਿਆ ਕਿ ਸੰਜੈ ਗ੍ਰੇਨ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਕਪੂਰਥਲਾ ਜਲੰਧਰ ਰੋਡ 'ਤੇ ਪਿੰਡ ਮੰਡ ਵਿਖੇ ਮੁੱਖ ਮੰਤਰੀ ਦੀ ‘ਮੇਰੀ ਰਸੋਈ’ ਸਕੀਮ ਤਹਿਤ ਨੀਲੇ ਕਾਰਡ ਧਾਰਕਾਂ ਨੂੰ ਦਿੱਤੇ ਜਾਣ ਵਾਲੀਆਂ ਰਾਸ਼ਨ ਕਿੱਟਾਂ ਤਿਆਰ ਕਰਦੀ ਹੈ।
ਇਸ ਕੰਪਨੀ ਵਲੋਂ ਕਿੱਟਾਂ ਭਰਨ ਦਾ ਕੰਮ ਕਰਦੇ 160 ਤੋਂ ਵੱਧ ਸਥਾਨਕ ਮਜ਼ਦੂਰਾਂ ਦੇ ਹੱਥਾਂ ਚੋਂ ਰੋਜ਼ੀ ਰੋਟੀ ਖੋਂਹਦੇ ਹੋਏ ਗ਼ੈਰ-ਕਾਨੂੰਨੀ ਢੰਗ ਨਾਲ ਕੰਮ ਤੋਂ ਕੱਢ ਦਿੱਤਾ ਗਿਆ। ਇਸ ਅਦਾਰੇ ਦੇ ਹਿੱਸੇਦਾਰਾਂ, ਮਾਲਕਾਂ ਵਲੋਂ ਸ਼ਰੇਆਮ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਅਦਾਰੇ ਦੇ ਹਿੱਸੇਦਾਰਾਂ, ਮਾਲਕਾਂ ਦੀ ਪਿੱਠ ਥਾਪੜ ਰਹੇ ਹਨ ਤੇ ਮਜ਼ਦੂਰਾਂ ਨੇ ਕਾਨੂੰਨੀ ਹੱਕ ਪਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ।
ਇੱਥੇ ਜ਼ਿਕਰਯੋਗ ਹੈ ਕਿ ਲੇਬਰ ਦਫ਼ਤਰ ਵਿਖੇ ਤਿੰਨ ਧਿਰੀਂ ਗੱਲਬਾਤ ਚ ਫੈਕਟਰੀ ਮਾਲਕਾਂ ਵੱਲੋਂ ਹਾਜ਼ਰ ਨਾ ਹੋਣ ਕਾਰਨ ਮਸਲੇ ਦਾ ਹੱਲ ਨਾ ਹੋਣ ਕਰਕੇ ਗੁੱਸੇ ਵਿੱਚ ਆਏ ਮਜ਼ਦੂਰਾਂ ਵੱਲੋਂ ਫੈਕਟਰੀ ਦੇ ਕੀਤੇ ਘਿਰਾਓ ਕਾਰਨ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਦਾਖ਼ਲਾ ਨਾ ਮਿਲਣ ਕਾਰਨ ਸਾਰਾ ਦਿਨ ਮੁੱਖ ਸੜਕ ਉੱਤੇ ਖੜ੍ਹ ਕੇ ਉਡੀਕ ਕਰਨੀਂ ਪਈ। ਇਸ ਮੌਕੇ ਵੱਡੀ ਗਿਣਤੀ ਮਜ਼ਦੂਰ ਔਰਤਾਂ ਤੇ ਪੁਰਸ਼ ਹਾਜ਼ਰ ਸਨ।