- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਵਾਹਨਾਂ ਨੂੰ 3 ਕਿਲੋਮੀਟਰ

-ਵਾਹਨਾਂ ਨੂੰ 3 ਕਿਲੋਮੀਟਰ ਘੁੰਮ ਕੇ ਨਹੀਂ ਆਉਣਾ ਪਵੇਗਾ, ਮਿਲੇਗੀ ਰਾਹਤ, ਨਵਾਂ ਰੈਂਪ ਅੰਡਰਪਾਸ ਨੇੜੇ ਪੁਰਾਣੇ ਫਲਾਈਓਵਰ ’ਤੇ ਜਾ ਕੇ ਮਿਲੇਗਾ
ਜਾਗਰਣ ਸੰਵਾਦਦਾਤਾ, ਜਲੰਧਰ : ਅਮ੍ਰਿਤਸਰ ਦੀਆਂ ਸੜਕਾਂ 'ਤੇ ਆਉਣ ਵਾਲੇ ਵਾਹਨਾਂ ਲਈ ਛੇ ਮਹੀਨਿਆਂ ’ਚ ਸਿੱਧਾ ਰਾਹ ਮਿਲਣ ਜਾ ਰਿਹਾ ਹੈ। ਦੋ ਮਹੀਨੇ ਪਹਿਲਾਂ 4.60 ਕਰੋੜ ਦੀ ਲਾਗਤ ਨਾਲ ਪੀਏਪੀ ਫਲਾਈਓਵਰ ਦੇ ਨਾਲ ਨਵੇਂ ਰੈਂਪ ਦੀ ਉਸਾਰੀ ਦਾ ਪ੍ਰੋਜੈਕਟ ਸ਼ੁਰੂ ਹੋਇਆ ਸੀ। ਇਸ ਦੀ ਮੰਗ ਲਗਪਗ ਸੱਤ ਸਾਲ ਤੋਂ ਕੀਤੀ ਜਾ ਰਹੀ ਸੀ। ਮੌਜੂਦਾ ਸਮੇਂ ’ਚ, ਸ਼ਹਿਰ ਤੋਂ ਨਿਕਲਣ ਵਾਲੇ ਵਾਹਨ, ਬੱਸ ਅੱਡੇ ਤੋਂ ਨਿਕਲਣ ਵਾਲੀਆਂ ਬੱਸਾਂ ਸਮੇਤ, ਬੀਐੱਸਐੱਫ ਚੌਕ ਤੋਂ ਪੀਏਪੀ ਚੌਕ ਰਾਹੀਂ ਰਾਮਾਮੰਡੀ ਜਾ ਕੇ ਯੂ-ਟਰਨ ਲੈ ਕੇ ਅਮ੍ਰਿਤਸਰ ਜਾਣ ਲਈ ਮਜਬੂਰ ਹਨ। ਨਵੇਂ ਰੈਂਪ ਦੇ ਬਣਨ ਨਾਲ, ਡਰਾਈਵਰਾਂ ਨੂੰ ਇਸ ਤਿੰਨ ਕਿਲੋਮੀਟਰ ਦੇ ਵਾਧੂ ਸਫ਼ਰ ਤੋਂ ਰਾਹਤ ਮਿਲੇਗੀ। ਇਸ ਚੱਕਰ ’ਚ ਸਮੇਂ ਦੀ ਬਰਬਾਦੀ, ਪੈਟਰੋਲ-ਡੀਜ਼ਲ ਦੀ ਵਾਧੂ ਖ਼ਪਤ ਤੇ ਰਾਮਾਮੰਡੀ ਵਿਚ ਟ੍ਰੈਫਿਕ ਜਾਮ ਤੋਂ ਵੀ ਬਚਾਅ ਹੋਵੇਗਾ।
ਨਿਰਮਾਣ ਏਜੰਸੀ ਰਾਮਕੁਮਾਰ ਕੰਸਟ੍ਰੱਕਸ਼ਨ ਦੇ ਸੀਨੀਅਰ ਇੰਜੀਨੀਅਰ ਤਰੁਣ ਪੁਰੀ ਨੇ ਕਿਹਾ ਕਿ ਨਿਰਮਾਣ ਕਾਰਜ ਦੌਰਾਨ ਹਾਈਵੇ ਦੇ ਟ੍ਰੈਫਿਕ ਨੂੰ ਡਾਇਵਰਟ ਕਰਨ ਦੀ ਲੋੜ ਨਹੀਂ ਪਵੇਗੀ। ਨੈਸ਼ਨਲ ਹਾਈਵੇ ਪਹਿਲਾਂ ਵਾਂਗ ਚੱਲਦਾ ਰਹੇਗਾ। ਪੀਏਪੀ ਸ਼ੂਟਿੰਗ ਰੇਂਜ, ਗੋਲਫ ਕੋਰਸ ਤੇ ਹਾਕੀ ਮੈਦਾਨ ਵਾਲੀ ਸਾਈਡ ਤੋਂ 300 ਮੀਟਰ ਲੰਬਾ ਤੇ 5.5 ਮੀਟਰ ਚੌੜਾ ਰੈਂਪ ਬਣਾਇਆ ਜਾਵੇਗਾ। ਇਹ ਰੈਂਪ ਚੁਗਿੱਟੀ ਵੱਲ ਚੜ੍ਹੇਗਾ, ਜਿੱਥੇ ਪਹਿਲਾਂ ਤੋਂ ਇਕ ਅੰਡਰਪਾਸ ਬਣਿਆ ਹੋਇਆ ਹੈ। ਨਵਾਂ ਰੈਂਪ ਅੰਡਰਪਾਸ ਨੇੜੇ ਪੁਰਾਣੇ ਫੋਰਲੇਨ ਫਲਾਈਓਵਰ 'ਤੇ ਜਾ ਕੇ ਮਿਲੇਗਾ। ਇਸ ਲਈ ਰੇਲਵੇ ਲਾਈਨ ਦੇ ਉੱਪਰ ਸਲੈਬ ਨਹੀਂ ਪਾਉਣੀ ਪਵੇਗੀ। ਰੈਂਪ ਦੇ ਨਾਲ ਸਰਵਿਸ ਰੋਡ ਬਣਾਉਣ ਲਈ ਪੀਏਪੀ ਕੈਂਪਸ ਤੋਂ ਪਹਿਲਾਂ ਹੀ ਜ਼ਮੀਨ ਦਾ ਅਧਿਗ੍ਰਹਣ ਕੀਤਾ ਜਾ ਚੁੱਕਾ ਹੈ, ਜਿਸ ਲਈ ਪੀਏਪੀ ਦੀ ਚਾਰਦੀਵਾਰੀ ਨੂੰ ਸ਼ਿਫਟ ਕਰਨ ਦਾ ਕੰਮ ਹੋ ਚੁੱਕਾ ਹੈ। ਚਾਰਦੀਵਾਰੀ ਦੇ ਨਾਲ ਬਰਸਾਤੀ ਪਾਣੀ ਦੇ ਨਿਕਾਸ ਲਈ ਡਰੇਨ ਨੂੰ ਕਵਰ ਕਰਨ ਦਾ ਕੰਮ ਆਖ਼ਰੀ ਗੇੜ ’ਚ ਹੈ। ਇਸ ਦੇ ਪੂਰੇ ਹੋਣ 'ਤੇ ਜੁਲਾਈ ’ਚ ਰੈਂਪ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਇਸ ਨਾਲ ਹੀ ਸਰਵਿਸ ਰੋਡ ਨੂੰ ਵੀ ਚੌੜਾ ਕੀਤਾ ਜਾਵੇਗਾ। ਇੰਜੀਨੀਅਰ ਤਰੁਣ ਪੁਰੀ ਅਨੁਸਾਰ ਪ੍ਰੋਜੈਕਟ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇਕ ਸਾਲ ਦਾ ਸਮਾਂ ਨਿਰਧਾਰਿਤ ਕੀਤਾ ਹੈ, ਪਰ ਪੂਰੀ ਉਮੀਦ ਹੈ ਕਿ ਅਗਲੇ ਛੇ ਮਹੀਨਿਆਂ ’ਚ ਕੰਮ ਪੂਰਾ ਕਰ ਲਿਆ ਜਾਵੇਗਾ।
-ਰੈਂਪ ਬਣਨ ਨਾਲ ਕਈ ਇਲਾਕਿਆਂ ਨੂੰ ਫਾਇਦਾ, ਜਾਮ ਤੋਂ ਮਿਲੇਗਾ ਛੁਟਕਾਰਾ
ਅਮ੍ਰਿਤਸਰ ਵੱਲ ਜਾਣ ਵਾਲੇ ਟ੍ਰੈਫਿਕ ਦੇ ਨਾਲ ਸ਼ਹਿਰ ਦੇ ਕਈ ਇਲਾਕਿਆਂ ਨੂੰ ਨਵੇਂ ਰੈਂਪ ਦੇ ਬਣਨ ਨਾਲ ਫ਼ਾਇਦਾ ਹੋਵੇਗਾ ਤੇ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਇਸ ਵਿਚ ਚੁਗਿੱਟੀ, ਲੰਮਾ ਪਿਡ, ਜਲੰਧਰ ਇੰਪਰੂਵਮੈਂਟ ਟਰੱਸਟ ਦੀਆਂ ਸਾਰੀਆਂ ਕਾਲੋਨੀਆਂ, ਗੁਰੂ ਨਾਨਕਪੁਰਾ, ਰੇਲ ਵਿਹਾਰ, ਮਹਾਰਾਜਾ ਗਾਰਡਨ, ਇੰਡੀਅਨ ਆਇਲ ਕੰਪਲੈਕਸ, ਲੱਦੇਵਾਲੀ ਦੇ ਨਾਲ ਹੀ ਪੀਏਪੀ ਤੋਂ ਵੇਰਕਾ ਮਿਲਕ ਪਲਾਂਟ ਖੇਤਰ, ਮਕਸੂਦਾਂ, ਐੱਨਆਈਟੀ, ਵਿਧੀਪੁਰ ਤੇ ਕਰਤਾਰਪੁਰ ਵੱਲ ਜਾਣ ਵਾਲਿਆਂ ਨੂੰ ਰਾਹਤ ਮਿਲੇਗੀ। ਇਸ ਪ੍ਰੋਜੈਕਟ ਲਈ ਕਿਸੇ ਪ੍ਰਾਪਰਟੀ ਨੂੰ ਹਟਾਉਣ ਜਾਂ ਤੋੜਨ ਦੀ ਲੋੜ ਨਹੀਂ ਪਵੇਗੀ।
-ਫਲਾਈਓਵਰ ਸ਼ੁਰੂ ਹੋਣ ਨਾਲ ਵਾਪਰੇ ਹਾਦਸੇ, ਉਦੋਂ ਤੋਂ ਰਸਤਾ ਬੰਦ
ਪੀਏਪੀ ਫਲਾਈਓਵਰ ਦੀ ਸ਼ੁਰੂਆਤ ਤੋਂ ਹੀ ਅਮ੍ਰਿਤਸਰ ਵੱਲ ਜਾਣ ਵਾਲਾ ਰਾਹ ਬੰਦ ਹੋ ਗਿਆ ਸੀ। ਸਾਲ 2019 ’ਚ ਫਲਾਈਓਵਰ ਵਾਲਾ ਰਾਹ ਖੋਲ੍ਹਣ ਤੋਂ ਕੁਝ ਮਿੰਟਾਂ ਬਾਅਦ ਸ਼ਹਿਰ ਦੀ ਸਰਵਿਸ ਲੇਨ ਤੋਂ ਅਮ੍ਰਿਤਸਰ ਵੱਲ ਜਾਣ ਵਾਲੇ ਕਈ ਵਾਹਨ ਸਾਹਮਣੇ ਤੋਂ ਆ ਰਹੇ ਵਾਹਨਾਂ ਨਾਲ ਟਕਰਾਅ ਗਏ ਸਨ। ਉਸ ਸਮੇਂ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਨਾਰਾਜ਼ਗੀ ਪ੍ਰਗਟਾਉਂਦਿਆਂ ਵੈਰੀਕੇਡਜ਼ ਲਗਵਾ ਕੇ ਰਾਹ ਨੂੰ ਬੰਦ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਲੋਕਾਂ ਨੂੰ ਰਾਮਾਮੰਡੀ ਤੋਂ ਯੂ-ਟਰਨ ਲੈ ਕੇ ਆਉਣਾ ਪੈ ਰਿਹਾ ਹੈ। ਉਦੋਂ ਤੋਂ ਹੀ ਰੈਂਪ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ।