- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਸੋਸ਼ਲ ਮੀਡੀਆ ’ਤੇ ਪੋਸਟ

-ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਦਿੱਤੀ ਸੀ ਧਮਕੀ, ਗੈਂਗਸਟਰ ਐਂਗਲ ਤੋਂ ਜਾਂਚ ਕਰ ਰਹੀ ਪੁਲਿਸ
ਜਾਗਰਣ ਸੰਵਾਦਦਾਤਾ, ਜਲੰਧਰ : ਇੱਥੋਂ ਦੇ ਬਸਤੀ ਸ਼ੇਖ ਸਥਿਤ ਨਿਊ ਦਸਮੇਸ਼ ਨਗਰ ’ਚ ਹੋਏ ਪ੍ਰਸਿੱਧ ਦੋਹਰੇ ਕਤਲ ਕਾਂਡ ਨੇ ਨਵਾਂ ਮੋੜ ਲੈ ਲਿਆ ਹੈ। ਇਸ ਦੀ ਜ਼ਿੰਮੇਵਾਰੀ ਵਿਦੇਸ਼ ’ਚ ਬੈਠੇ ਗੈਂਗਸਟਰ ਜੋਗਾ ਫੋਲੜੀਵਾਲ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਹੈ। ਜੋਗਾ ਫੋਲੜੀਵਾਲ ਨੇ ਇੰਸਟਾਗ੍ਰਾਮ ਸਟੋਰੀ ’ਚ ਦਾਅਵਾ ਕੀਤਾ ਕਿ ਸੌਰਭ ਦਾ ਕਤਲ ਉਸਦੇ ਇਸ਼ਾਰੇ 'ਤੇ ਕੀਤਾ ਹੈ ਤੇ ਇਹ ਕਾਰਵਾਈ ਉਸਦੇ ਸਾਥੀ ਸੁਖਮਨ ਬਰਾੜ 'ਤੇ ਜੇਲ੍ਹ ’ਚ ਹੋਏ ਹਮਲੇ ਦਾ ਬਦਲਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ ’ਚ ਜੋਗਾ ਫੋਲੜੀਵਾਲ ਨੇ ਲਿਖਿਆ ਕਿ ਕੁਝ ਦਿਨ ਪਹਿਲਾਂ ਉਸਦੇ ਸਾਥੀ ਸੁਖਮਨ ਬਰਾੜ 'ਤੇ ਜੇਲ੍ਹ ਅੰਦਰ ਹਮਲਾ ਕੀਤਾ ਗਿਆ ਸੀ ਤੇ ਹੁਣ ਉਸਦਾ ਜਵਾਬ ਦਿੱਤਾ ਹੈ। ਉਸਨੇ ਦਾਅਵਾ ਕੀਤਾ ਕਿ ਮਰਿਆ ਪੱਪੂ (ਸਿਮਰਨਜੀਤ) ਉਸਦਾ ਸਾਥੀ ਸੀ। ਪੋਸਟ ’ਚ ਉਸਨੇ ਵਿਰੋਧੀ ਧੜੇ ਦੇ ਹੋਰ ਲੋਕਾਂ ਨੂੰ ਵੀ ਖੁੱਲ੍ਹੀ ਧਮਕੀ ਦਿੰਦਿਆਂ ਲਿਖਿਆ ਹੈ ਕਿ "ਹੁਣ ਉਨ੍ਹਾਂ ਦੀ ਵਾਰੀ ਹੈ ਤੇ ਵੈਟ ਐਂਡ ਵਾਚ।"
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਨਿਊ ਦਸਮੇਸ਼ ਨਗਰ ’ਚ ਹੋਈ ਗੋਲ਼ੀਬਾਰੀ ’ਚ ਸਿਮਰਨਜੀਤ ਸਿੰਘ ਉਰਫ਼ ਪੱਪੂ ਤੇ ਸੌਰਭ ਗੰਭੀਰ ਜ਼ਖ਼ਮੀ ਹੋ ਗਏ ਸਨ। ਸਿਮਰਨਜੀਤ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ, ਜਦਕਿ ਸੌਰਭ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਤੋਂ ਬਾਅਦ ਮਾਮਲਾ ਦੋਹਰੇ ਕਤਲ ’ਚ ਬਦਲ ਗਿਆ। ਜਾਂਚ ’ਚ ਸਾਹਮਣੇ ਆਇਆ ਸੀ ਕਿ ਦੋਵਾਂ ਧਿਰਾਂ ’ਚ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਕੁਝ ਦਿਨ ਪਹਿਲਾਂ ਹੋਈ ਮਾਰਕੁੱਟ ਤੇ ਉਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਬਾਅਦ ਤਣਾਅ ਵਧ ਗਿਆ ਸੀ। ਹੁਣ ਗੈਂਗਸਟਰ ਜੋਗਾ ਫੋਲੜੀਵਾਲ ਦੀ ਪੋਸਟ ਸਾਹਮਣੇ ਆਉਣ ਨਾਲ ਪੁਲਿਸ ਗੈਂਗਵਾਰ ਤੇ ਸੰਗਠਿਤ ਅਪਰਾਧੀ ਨੈੱਟਵਰਕ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਜੋਗਾ ਫੋਲੜੀਵਾਲ ਦਾ ਨਾਂ ਇਸ ਤੋਂ ਪਹਿਲਾਂ ਬਹੁ-ਚਰਚਿਤ ਲੱਕੀ ਕਤਲ ਕਾਂਡ ਵਿਚ ਵੀ ਸਾਹਮਣੇ ਆ ਚੁੱਕਾ ਹੈ। ਉਸ ਮਾਮਲੇ ਵਿਚ ਵੀ ਉਸਨੇ ਸੋਸ਼ਲ ਮੀਡੀਆ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ਵਿਚ ਰੁੱਝ ਗਈ ਹੈ ਕਿ ਦੋਹਰੇ ਕਤਲ ਦੀ ਵਾਰਦਾਤ ਵਿਚ ਕਿਨ੍ਹਾਂ ਲੋਕਾਂ ਨੇ ਭੂਮਿਕਾ ਨਿਭਾਈ ਤੇ ਕੀ ਇਸਦੇ ਤਾਰ ਵਿਦੇਸ਼ ਬੈਠੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ। ਇਸ ਮਾਮਲੇ ’ਚ ਕਈ ਸ਼ੱਕੀ ਲੋਕਾਂ ਦੀ ਪਛਾਣ ਹੋ ਚੁੱਕੀ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।