- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਸਬੰਧੀ ਵਿਸ਼ੇਸ਼ ਮਿਲਣੀ ਨੇ ਕੀਤੀ ਵਿਚਾਰ-ਚਰਚਾ

-ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਮਨਾਉਣ ਸਬੰਧੀ ਕੀਤੀ ਵਿਚਾਰ-ਚਰਚਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ (1926-2026) ਮਨਾਉਣ ਲਈ ਪ੍ਰਭਾਵਸ਼ਾਲੀ ਜਨਤਕ ਲਾਮਬੰਦੀ ਕਰਨ, ਧਰਤੀ ਨਾਲ ਜੁੜੀ ਮੁਹਿੰਮ ਚਲਾਉਣ ਤੇ ਇਸ ਮੁਹਿੰਮ ਦੇ ਸਿਖ਼ਰ 'ਤੇ ਪਹਿਲੀ ਨਵੰਬਰ ਨੂੰ ਮੇਲਾ ਗ਼ਦਰੀ ਬਾਬਿਆਂ ਦਾ ਯਾਦਗਾਰੀ ਅੰਦਾਜ਼ ’ਚ ਮਨਾਉਣ ਲਈ ਵਿਚਾਰਾਂ ਸਾਂਝੀਆਂ ਕਰਨ ਵਾਸਤੇ ਅੱਜ ਦੇਸ਼ ਭਗਤ ਯਾਦਗਾਰ ਹਾਲ 'ਚ ਪਰਿਵਾਰਾਂ, ਸੰਸਥਾਵਾਂ ਤੇ ਬੱਬਰਾਂ ਦੇ ਨਗਰਾਂ ਦੇ ਪ੍ਰਤੀਨਿਧੀਆਂ ਦੀ ਵਿਸ਼ੇਸ਼ ਮਿਲਣੀ ਕੀਤੀ।
ਇਸ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਬੱਬਰ ਲਹਿਰ ਦੇ ਸੂਰਮੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਸ਼ਬਦ ਕਹੇ ਤੇ ਬੱਬਰ ਸ਼ਹੀਦਾਂ ਨੂੰ ਸਿਜਦਾ ਕੀਤਾ। ਜਨਰਲ ਸਕੱਤਰ ਨੇ ਅਪੀਲ ਕੀਤੀ ਕਿ ਤੁਹਾਡੇ ਸਹਿਯੋਗ ਨਾਲ ਹੀ ਸ਼ਤਾਬਦੀ ਸਫ਼ਲਤਾ ਪੂਰਵਕ ਨੇਪਰੇ ਚਾੜ੍ਹੀ ਜਾ ਸਕਦੀ ਹੈ। ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੀਟਿੰਗ ਦਾ ਮੰਤਵ, ਕਾਰਜ ਤੇ ਇਸ ਮੁਹਿੰਮ ’ਚ ਕਮੇਟੀ, ਬੱਬਰਾਂ ਦੇ ਪਿੰਡਾਂ, ਪਰਿਵਾਰਾਂ ਦੀ ਜੋਟੀ ਸਦਕਾ ਸਾਹਮਣੇ ਆਉਣ ਵਾਲੀ ਇਤਿਹਾਸਕ ਭੂਮਿਕਾ ਬਾਰੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਲੋਕਾਂ ਦੀ ਭਰਵੀਂ ਸ਼ਮੂਲੀਅਤ ਨਾਲ ਹੀ ਹੋਏਗੀ ਮੇਲੇ ਦੀ ਵਿਲੱਖਣ ਪ੍ਰਾਪਤੀ। ਬੱਬਰਾਂ ਦੇ ਵੱਖ-ਵੱਖ ਪਿੰਡਾਂ ਤੋਂ ਆਏ 50 ਤੋਂ ਵੱਧ ਪ੍ਰਤੀਨਿਧੀਆਂ ਨੇ ਵਿਚਾਰ ਸਾਂਝੇ ਕਰਦਿਆਂ ਠੋਸ ਰਾਹਾਂ ਤੇ ਸੁਝਾਅ ਦਿੱਤੇ।
ਉਨ੍ਹਾਂ ਕਿਹਾ ਕਿ ਉਹ ਜੀਅ ਜਾਨ ਲਾ ਕੇ ਬੱਬਰਾਂ ਦੇ ਚੌਮੁਖੀਆ ਚਿਰਾਗ਼ ਨੂੰ ਜਗਦਾ ਰੱਖਣਗੇ। ਦੁੱਖ ਦੀ ਗੱਲ ਹੈ ਕਿ ਅੱਜ 100 ਵਰ੍ਹੇ ਮਗਰੋਂ ਬਦੇਸ਼ੀ ਸਾਮਰਾਜੀਏ, ਕਾਰਪੋਰੇਟ ਘਰਾਣੇ ਤੇ ਵੰਨ-ਸੁਵੰਨੀਆਂ ਲੋਟੂ ਹਾਕਮ ਜਮਾਤਾਂ ਲੋਕਾਂ ਦੇ ਮੋਢਿਆਂ ’ਤੇ ਸਵਾਰ ਹਨ। ਬੁਲਾਰਿਆਂ ਅਨੁਸਾਰ ਲੋਕਾਂ ਉਪਰ ਕਹਿਰ ਬਣ ਕੇ ਵਰ੍ਹ ਰਿਹਾ ਫਾਸ਼ੀ ਹੱਲਾ, ਲੋਕਾਂ ਦੇ ਮੁੱਢਲੇ ਹੱਕਾਂ ’ਤੇ ਬੁਲਡੋਜ਼ਰ ਚਾੜ੍ਹ ਰਿਹੈ, ਦੋਮ ਦਰਜੇ ਦੇ ਮੁੱਦੇ ਜਾਣ ਬੁੱਝ ਕੇ ਉਭਾਰ ਰਿਹਾ ਹੈ। ਅਸਲ ਗੱਲ ਇਹ ਹੈ ਕਿ ਉਹ ਜਿਸ ਮਿਸ਼ਨ ਆਜ਼ਾਦੀ, ਜਮਹੂਰੀਅਤ, ਬਰਾਬਰੀ, ਸਾਂਝੀਵਾਲਤਾ ਤੇ ਨਿਆਂ ਲਈ ਲੜੇ ਉਸਦੀ ਪੂਰਤੀ ਲਈ ਲੱਕ ਬੰਨ੍ਹ ਕੇ ਤੁਰਿਆ ਜਾਵੇ। ਵਿਚਾਰ-ਚਰਚਾ ਉਪਰੰਤ ਸਾਰ-ਤੱਤ ਪੇਸ਼ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ ਕਿਹਾ ਕਿ ਬੱਬਰ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਲਈ ਕੁਝ ਠੋਸ ਕਦਮ ਚੁੱਕਣ ਦੀ ਲੋੜ ਹੈ। ਢੁੱਕਵੀਆਂ ਪ੍ਰਚਾਰ ਸਮੱਗਰੀ ਲੋਕਾਂ 'ਚ ਲਿਜਾਈ ਜਾਏ। ਗ਼ਦਰੀ ਬਾਬਿਆਂ ਦੇ ਮੇਲੇ 'ਚ ਲੰਗਰ, ਵਲੰਟੀਅਰ ਅਤੇ ਲੋਕ-ਸ਼ਮੂਲੀਅਤ ਵੱਡੀ ਪੱਧਰ 'ਤੇ ਕਰਾਉਣ ਲਈ ਬੱਬਰਾਂ ਦੇ ਪਿੰਡ ਅਤੇ ਸੰਸਥਾਵਾਂ ਅੱਗੇ ਆਉਣ।
ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ, ਵਿਜੈ ਬੰਬੇਲੀ, ਡਾ. ਸੈਲੇਸ਼ ਤੋਂ ਇਲਾਵਾ ਪੰਜ ਦਰਜਨ ਪ੍ਰਤੀਨਿਧੀਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਮਿਲਣੀ ਨੂੰ ਸਫ਼ਲ ਕਰਨ ਲਈ ਠੋਸ ਸੁਝਾਅ ਦਿੱਤੇ। ਜਿਹਨਾਂ ਲਈ ਕਮੇਟੀ ਆਗੂਆਂ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਜੈ ਬੰਬੇਲੀ ਦੀ ਪੁਸਤਕ 'ਬੱਬਰ ਅਕਾਲੀ ਲਹਿਰ ਨੂੰ ਮੁੜ ਫਰੋਲਦਿਆਂ' ਬੱਬਰਾਂ ਦੇ ਪਰਿਵਾਰਾਂ ਤੇ ਸੰਸਥਾਵਾਂ ਦੇ ਨੁੰਮਾਇੰਦਿਆਂ ਨੂੰ ਭੇਂਟ ਕੀਤੀ।