- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਅਰਸ਼ੀ, ਜਗਰੂਪ, ਮਾੜੀਮੇਘਾ, ਸੋਹਲ,

-ਅਰਸ਼ੀ, ਜਗਰੂਪ, ਮਾੜੀਮੇਘਾ, ਸੋਹਲ, ਪਾਸਲਾ, ਸੰਧੂ ਤੇ ਹੋਰਨਾਂ ਨੇ ਸੰਘਰਸ਼ਾਂ ਦੇ ਸਾਥੀ ਨੂੰ ਕੀਤਾ ਯਾਦ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਦੇਸ਼ ਭਗਤ ਯਾਦਗਾਰ ਕੰਪਲੈਕਸ ’ਚ ਸਥਿਤ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ’ਚ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਐਡਵੋਕੇਟ ਰਜਿੰਦਰ ਸਿੰਘ ਮੰਡ ਨੂੰ ਭਾਵਪੂਰਤ ਸ਼ਰਧਾਂਜਲੀਆਂ ਭੇਟ ਕੀਤੀਆਂ। ਮੰਡ ਤੇ ਉਨ੍ਹਾਂ ਦੇ ਪਰਿਵਾਰ ਦਾ ਸਮਾਜ ਦੇ ਹਰ ਖੇਤਰ ’ਚ ਵਿਚਰਨ-ਵਰਤਾਰਾ ਤੇ ਮਿਲੇ ਪਿਆਰ ਤੇ ਸਤਿਕਾਰ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਹਾਲ ਨੱਕੋ-ਨੱਕ ਭਰ ਗਿਆ।
ਸੀਪੀਆਈ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਐਡਵੋਕੇਟ ਰਜਿੰਦਰ ਮੰਡ ਵੱਲੋਂ 'ਨਵਾਂ ਜ਼ਮਾਨਾ', ਦੇਸ਼ ਭਗਤ ਯਾਦਗਾਰ ਕਮੇਟੀ, ਵਕਾਲਤ ਤੇ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਨਿਭਾਈਆਂ ਸੁਹਿਰਦ ਜ਼ਿੰਮੇਵਾਰੀਆਂ ਨੂੰ ਯਾਦ ਕੀਤਾ। ਉਨ੍ਹਾਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੇ ਇਕ ਸਾਲ ਪਹਿਲਾਂ ਦਿੱਤੇ ਵਿਛੋੜੇ ਨੂੰ ਯਾਦ ਕਰਦਿਆਂ ਕਿਹਾ ਕਿ ਪਰਵਾਰ ਨੂੰ ਦੋਹਰੇ ਸਦਮੇ ਵਿੱਚੋਂ ਲੰਘਣਾ ਪੈ ਰਿਹਾ ਹੈ।
'ਬਨੇਗਾ' ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਤੇ ਸੀਪੀਆਈ ਦੇ ਸਾਬਕਾ ਸੂਬਾ ਸਕੱਤਰ ਕਾਮਰੇਡ ਜਗਰੂਪ ਨੇ ਐਡਵੋਕੇਟ ਰਜਿੰਦਰ ਮੰਡ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਸੀਂ ਸਭ ਇੱਕ ਅਣਕਿਆਸੇ ਦਰਦ ਦੇ ਦਰਿਆ ਨੂੰ ਪਾਰ ਕਰ ਰਹੇ ਹਾਂ। ਰਜਿੰਦਰ ਮੰਡ ਸ਼ਾਨਦਾਰ ਕਮਿਊਨਿਸਟ ਸੀ। ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਐਡਵੋਕੇਟ ਰਜਿੰਦਰ ਮੰਡ ਦਾ ਵੱਡਮੁੱਲਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸ਼ਬਦਾਂ ਦੀ ਗੱਲ ਤਾਂ ਕੀਤੀ ਜਾ ਸਕਦੀ ਹੈ ਪਰ ਦਿਲ ਅੰਦਰਲੇ ਦਰਦ ਦਾ ਵਰਣਨ ਮੁਸ਼ਕਲ ਹੈ। ਰਜਿੰਦਰ ਮੰਡ ਦੀ ਥੋੜ੍ਹੇ ਚਿਰ ਦੀ ਦੋਸਤੀ ਲੰਮਾ ਪਸਾਰ ਲੈ ਗਈ ਹੈ। ਹਲਕਾ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਆਪਣੇ ਮਿੱਤਰ ਐਡਵੋਕੇਟ ਰਜਿੰਦਰ ਮੰਡ ਨੂੰ ਜਜ਼ਬਾਤੀ ਤੇ ਇਨਕਲਾਬੀ ਸ਼ਰਧਾਂਜਲੀ ਭੇਟ ਕੀਤੀ।
‘ਆਪ’ ਦੇ ਸੀਨੀਅਰ ਆਗੂ ਡਾ. ਜਗਤਾਰ ਸਿੰਘ ਸੰਘੇੜਾ ਨੇ ਐਡਵੋਕੇਟ ਮੰਡ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਸਮਾਜ ਦੇ ਪਹਿਰੇਦਾਰ ਸਨ। ਉਨ੍ਹਾ ਕਿਹਾ ਕਿ ਖੱਬੀ ਲਹਿਰ ਦੀ ਇਹ ਵਿਲੱਖਣਤਾ ਤੇ ਵਿਸ਼ੇਸ਼ਤਾ ਹੈ ਕਿ ਇਸ ਨਾਲ ਜੁੜੇ ਲੋਕ ਸਮਾਜ ਦੀ ਬਿਹਤਰੀ ਲੋਚਦੇ ਹਨ। ਉੱਘੇ ਲੇਖਕ ਤੇ ਬੁੱਧੀਜੀਵੀ ਸਤਨਾਮ ਚਾਨਾ ਨੇ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਕਿਹਾ ਕਿ ਜਿਹੜੀ ਫੁੱਲ ਮਾਲਾ ਮੰਡ ਨੇ ਪਾਉਣੀ ਸੀ, ਉਹ ਅਸੀਂ ਪਾ ਰਹੇ ਹਾਂ, ਇਹ ਔਖਾ ਲੱਗ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਹ ਕਹਾਵਤ ਸਾਰੇ ਜਾਣਦੇ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਬੋਝ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਹੁੰਦਾ ਹੈ। ਐਡਵੋਕੇਟ ਰਜਿੰਦਰ ਮੰਡ ਦੀ ਮਾਤਾ ਦਾ ਹਾਲ ਅਸੀਂ ਦੇਖ ਰਹੇ ਹਾਂ। ਖੱਬੀ ਲਹਿਰ ਨੇ ਇਕ ਹੀਰਾ ਗੁਆ ਲਿਆ ਹੈ।
ਸੀਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਦੇਸ਼ ਭਗਤ ਯਾਦਗਾਰ ਹਾਲ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੇ ਹਵਾਲੇ ਤੋਂ ਕਿਹਾ ਕਿ ਇਸ ਉਤਸਵ ਦੀ ਸਫਲਤਾ ’ਚ ਵੱਡਾ ਯੋਗਦਾਨ ਐਡਵੋਕੇਟ ਰਜਿੰਦਰ ਸਿੰਘ ਮੰਡ ਦਾ ਰਿਹਾ ਹੈ। ਲੇਖਕਾ ਬਲਜੀਤ ਕੌਰ ਬੱਲ ਨੇ ਰਜਿੰਦਰ ਮੰਡ ਨੂੰ ਆਪਣਾ ਮਾਂ-ਪਿਉ ਜਾਇਆ ਦੱਸਿਆ।
ਸਮਾਗਮ ’ਚ 'ਨਵਾਂ ਜ਼ਮਾਨਾ' ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਪ੍ਰਧਾਨ ਕਾਮਰੇਡ ਰਛਪਾਲ ਸਿੰਘ ਬੜਾ ਪਿੰਡ, 'ਨਵਾਂ ਜ਼ਮਾਨਾ' ਦੇ ਸੰਪਾਦਕ ਚੰਦ ਫਤਿਹਪੁਰੀ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਉਚੇਚੇ ਤੌਰ 'ਤੇ ਸ਼ਾਮਲ ਸਨ।
ਸ਼ਰਧਾਂਜਲੀ ਭੇਟ ਕਰਨ ਵਾਲਿਆਂ ’ਚ ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਕਾਮਰੇਡ ਨਰਿੰਦਰ ਸੋਹਲ, ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਰੋਡਵੇਜ਼ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਵੱਡੇ ਆਗੂ ਜਗਦੀਸ਼ ਸਿੰਘ ਚਾਹਲ, ਐਡਵੋਕੇਟ ਗੁਰਜੀਤ ਸਿੰਘ ਕਾਹਲੋਂ, ਬਾਰ ਕੌਂਸਲ ਚੰਡੀਗੜ੍ਹ ਤੋਂ ਲੇਖ ਰਾਜ ਸ਼ਰਮਾ, ਐਡਵੋਕੇਟ ਮੰਡ ਦੇ ਛੋਟੇ ਭਰਾਤਾ ਰਮਨਜੀਤ ਮੰਡ ਤੇ ਮੰਡ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਦਾਤਾਰ ਸਿੰਘ ਸੰਘਵਾਲ ਆਦਿ ਸ਼ਾਮਲ ਸਨ।
ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਸਵਰਨ ਸਿੰਘ ਟਹਿਣਾ ਨੇ ਚਲਾਈ।
ਡਾ. ਜਸ ਮੰਡ ਨੇ ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਹੋਣ ਲਈ ਸਭ ਦਾ ਧੰਨਵਾਦ ਕੀਤਾ। ਐਡਵੋਕੇਟ ਰਜਿੰਦਰ ਮੰਡ ਦੇ ਸਨੇਹੀ ਕਾਮਰੇਡ ਇੰਦਰਜੀਤ ਚੁਗਾਵਾਂ (ਅਮਰੀਕਾ) ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਕਈ ਸ਼ੋਕ ਸੁਨੇਹੇ ਆਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਕਾਮਰੇਡ ਅਮਲੋਕ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਸਾਹਿਤਕਾਰ ਮੱਖਣ ਮਾਨ, ਐਡਵੋਕੇਟ ਰੋਹਿਤ ਗੰਭੀਰ, ਐਡਵੋਕੇਟ ਦੀਪਕ ਸ਼ਰਮਾ (ਮਲਸੀਆਂ), ਸੇਵਾਮੁਕਤ ਐੱਸਐੱਸਪੀ ਤੇ ਕਾਂਗਰਸ ਇੰਚਾਰਜ ਹਲਕਾ ਕਰਤਾਰਪੁਰ ਰਜਿੰਦਰ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਸੂਰਤ ਸਿੰਘ ਧਰਮਕੋਟ, ਸੀਪੀਆਈ ਦੇ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਸੁਖਚੈਨ ਸਿੰਘ, ਨਵਾਂ ਜ਼ਮਾਨਾ ਦੇ ਟਰੱਸਟੀ ਐਡਵੋਕੇਟ ਰਜਿੰਦਰ ਸਿੰਘ ਰਾਣਾ, ਬਲਕਾਰ ਵਲਟੋਹਾ, ਪੱਤਰਕਾਰ ਨਰਿੰਦਰ ਸੋਨੀਆ, ਅਰੁਣਦੀਪ, ਕਾਮਰੇਡ ਸੰਦੀਪ ਦੌਲੀਕੇ, ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਰਜਿੰਦਰ ਪਾਲ ਕੌਰ, ਜ਼ਿਲ੍ਹਾ ਜਲੰਧਰ ਦੀ ਇਸਤਰੀ ਆਗੂ ਕਾਮਰੇਡ ਸੰਤੋਸ਼ ਬਰਾੜ, ਮਾਤਾ ਮਹਿੰਦਰ ਕੌਰ, ਐਡਵੋਕੇਟ ਮੰਡ ਦੀ ਪਤਨੀ ਹਰਦੀਪ ਕੌਰ ਮੰਡ, ਬੇਟਾ ਮਨਰਾਜ ਮੰਡ, ਰੀਟਾ ਸੁਆਮੀ, ਸੀਪੀਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ, ਪੱਤਰਕਾਰ ਅਵਤਾਰ ਕਲੇਰ ਤੇ ਵੱਡੀ ਗਿਣਤੀ ’ਚ ਵਕੀਲ ਭਾਈਚਾਰਾ ਸ਼ਾਮਲ ਸੀ।