- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਪੰਜਾਬ ਦੇ ਪ੍ਰਧਾਨ ਕੇਵਲ

-ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ’ਚ ਹਰਵਿੰਦਰ ਸਿੰਘ ਡੱਲੀ ਦੀ ਮੌਜੂਦਗੀ ’ਚ ਭੱਟੀ ਨੇ ਫੜਿਆ ਭਾਜਪਾ ਦਾ ਪੱਲਾ
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ
ਵਿਧਾਨ ਸਭਾ ਹਲਕਾ ਆਦਮਪੁਰ ਦੀ ਸਿਆਸਤ ’ਚ ਸ਼ਨਿੱਚਰਵਾਰ ਨੂੰ ਉਦੋਂ ਅਹਿਮ ਮੋੜ ਆਇਆ, ਜਦੋਂ ‘ਆਪ’ ਦੇ ਸਾਬਕਾ ਹਲਕਾ ਇੰਚਾਰਜ ਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ 'ਆਪ' ਦੇ ਉਮੀਦਵਾਰ ਤੇ ਡਾਇਰੈਕਟਰ ਪਨਬਸ ਪੰਜਾਬ ਜੀਤ ਲਾਲ ਆਪਣੇ ਹਮਾਇਤੀਆਂ ਦੇ ਇਕੱਠ ਨਾਲ ਪੰਜਾਬ ਭਾਜਪਾ ਦੇ ਚੰਡੀਗੜ੍ਹ ਦਫਤਰ ’ਚ ਭਾਜਪਾ ਵਿੱਚ ਸ਼ਾਮਲ ਹੋ ਗਏ। ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਕਰਵਾਇਆ। ਇਸ ਮੌਕੇ ਹਲਕਾ ਆਦਮਪੁਰ ਦੇ ਇੰਚਾਰਜ ਸੀਨੀਅਰ ਆਗੂ ਹਰਵਿੰਦਰ ਸਿੰਘ ਡੱਲੀ ਭਾਜਪਾ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਜਨਰਲ ਸਕੱਤਰ ਮਨਮੀਤ ਵਿੱਕੀ ਤੇ ਹੋਰ ਸੀਨੀਅਰ ਭਾਜਪਾ ਆਗੂ ਮੌਜੂਦ ਸਨ। ਸਿਆਸੀ ਹਲਕਿਆਂ ’ਚ ਇਹ ਵੀ ਚਰਚਾ ਹੈ ਕਿ ਜੀਤ ਲਾਲ ਕਾਫ਼ੀ ਸਮੇਂ ਤੋਂ ‘ਆਪ’ ’ਚ ਖ਼ੁਦ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਸਨ। ਸੂਤਰਾਂ ਮੁਤਾਬਕ ਇਸੇ ਨਾਰਾਜ਼ਗੀ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਪਾਰਟੀ ਦੇ ਵੱਖ-ਵੱਖ ਪ੍ਰੋਗਰਾਮਾਂ ਤੋਂ ਵੀ ਦੂਰੀ ਬਣਾਈ ਬੈਠੇ ਸਨ। ਸੰਗਠਨ ਵਿੱਚ ਲਗਾਤਾਰ ਘਟ ਰਹੀ ਅਹਿਮੀਅਤ ਅਤੇ ਆਪਣੀ ਗੱਲ ਨੂੰ ਤਵੱਜੋ ਨਾ ਮਿਲਣ ਦੀ ਭਾਵਨਾ ਨੂੰ ਵੀ ਉਨ੍ਹਾਂ ਦੇ ਭਾਜਪਾ ਵਿੱਚ ਜਾਣ ਦਾ ਇੱਕ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ।
ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਜੀਤ ਲਾਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਦੇ ਕਈ ਕਰੀਬੀ ਅਤੇ ਸਰਗਰਮ ਸਮਰਥਕ ਵੀ ਭਵਿੱਖ ’ਚ ਆਪਣਾ ਸਿਆਸੀ ਰੁਖ ਬਦਲ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਆਦਮਪੁਰ ਹਲਕੇ ਵਿੱਚ ‘ਆਪ’ ਦੀ ਸੰਗਠਨਾਤਮਕ ਮਜ਼ਬੂਤੀ 'ਤੇ ਅਸਰ ਪੈ ਸਕਦਾ ਹੈ, ਜਦਕਿ ਭਾਜਪਾ ਨੂੰ ਇਸ ਦਾ ਸਿਆਸੀ ਲਾਭ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਭਾਜਪਾ ਆਗੂਆਂ ਨੇ ਜੀਤ ਲਾਲ ਦਾ ਪਾਰਟੀ ’ਚ ਸਵਾਗਤ ਕਰਦਿਆਂ ਭਰੋਸਾ ਜਤਾਇਆ ਕਿ ਉਨ੍ਹਾਂ ਦੇ ਤਜਰਬੇ, ਲੋਕਾਂ ਨਾਲ ਜੁੜਾਅ ਅਤੇ ਸੰਗਠਨਾਤਮਕ ਸਮਰੱਥਾ ਦਾ ਲਾਭ ਭਾਜਪਾ ਨੂੰ ਆਦਮਪੁਰ ਹਲਕੇ ਵਿੱਚ ਜ਼ਰੂਰ ਮਿਲੇਗਾ। ਦੂਜੇ ਪਾਸੇ, ਇਸ ਸ਼ਮੂਲੀਅਤ ਨੂੰ ਲੈ ਕੇ ਆਦਮਪੁਰ ਦੀ ਸਿਆਸਤ ਵਿੱਚ ਨਵੇਂ ਸਮੀਕਰਨਾਂ ਦੀ ਚਰਚਾ ਤੇਜ਼ ਹੋ ਗਈ ਹੈ ਤੇ ਇਸ ਨੂੰ ਭਵਿੱਖ ’ਚ ਹਲਕੇ ਦੀ ਸਿਆਸਤ ਲਈ ਇਕ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਮੌਕੇ ਜੀਤ ਲਾਲ ਭੱਟੀ ਨਾਲ ਰਾਬਤਾ ਕਾਇਮ ਉਹਨਾਂ ਕਿਹਾ ਕਿ ਭਾਜਪਾ ਇਮਾਨਦਾਰ ਪਾਰਟੀ ਹੈ ਇਸ ਵਿੱਚ ਹਰੇਕ ਵਰਗ ਅਤੇ ਹਰੇਕ ਵਰਕਰ ਨੂੰ ਸਮਾਨਤਾ ਨਾਲ ਦੇਖਿਆ ਜਾਂਦਾ ਹੈ। ਭਾਜਪਾ ਹੀ ਦੇਸ਼ ਦਾ ਵਿਕਾਸ ਕਰ ਸਕਦੀ ਹੈ ਪੰਜਾਬ ਦੇ ਵਿਕਾਸ ਲਈ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣਾ ਬਹੁਤ ਹੀ ਜਰੂਰੀ ਹੈ ਇਸ ਲਈ ਉਹਨਾਂ ਨੇ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।