‘ਆਪ’ ਨੇ ਮੁਸਲਿਮ ਭਾਈਚਾਰੇ ਨੂੰ ਨੁਮਾਇੰਦਗੀ ਦੇ ਕੇ ਰਚਿਆ ਇਤਿਹਾਸ : ਸਲਮਾਨੀ
-ਸਰਕਾਰ ਦੀਆਂ ਲੋਕ ਭਲਾਈ
Publish Date: Sat, 13 Jun 2026 08:38 PM (IST)
Updated Date: Sun, 14 Jun 2026 04:07 AM (IST)

-ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦੇ ਬਲਬੂਤੇ ਮੁੜ ਬਹੁਮਤ ਨਾਲ ਸੱਤਾ ’ਚ ਆਉਣ ਦਾ ਦਾਅਵਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਮੁਸਲਿਮ ਡਿਵੈੱਲਪਮੈਂਟ ਬੋਰਡ ਦੇ ਸਟੇਟ ਮੈਂਬਰਾਂ, ਜ਼ਿਲ੍ਹਾ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦੀ ਪਹਿਲੀ ਜਾਣ-ਪਛਾਣ ਤੇ ਸੰਗਠਨਾਤਮਕ ਮੀਟਿੰਗ ਅੱਜ ਸਥਾਨਕ ਸਰਕਟ ਹਾਊਸ, ਜਲੰਧਰ ਵਿੱਚ ਕਰਵਾਈ ਗਈ। ਮੀਟਿੰਗ ਦੀ ਅਗਵਾਈ ਪੰਜਾਬ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਬਦੁਲਬਾਰੀ ਸਲਮਾਨੀ ਨੇ ਕੀਤੀ, ਜਦਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੇ ਭਰਪੂਰ ਹਿੱਸਾ ਲਿਆ। ਮੀਟਿੰਗ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਹੁਦੇਦਾਰਾਂ ਨੇ ਆਪਣੇ-ਆਪਣੇ ਖੇਤਰਾਂ ’ਚ ਕੀਤੇ ਸਮਾਜਿਕ ਤੇ ਲੋਕ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਮੁਸਲਿਮ ਭਾਈਚਾਰੇ ਸਮੇਤ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਭਵਿੱਖੀ ਕਾਰਜ-ਯੋਜਨਾ ਉੱਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਬਦੁਲਬਾਰੀ ਸਲਮਾਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ਮੁਸਲਿਮ ਭਾਈਚਾਰੇ ਨੂੰ ਇੰਨੀ ਵੱਡੀ ਗਿਣਤੀ ਵਿੱਚ ਨੁਮਾਇੰਦਗੀ ਦਿੱਤੀ ਹੈ। ਸਰਕਾਰ ਦਾ ਉਦੇਸ਼ ਅਜਿਹੇ ਵਰਕਰਾਂ ਨੂੰ ਅੱਗੇ ਲਿਆਉਣਾ ਹੈ ਜੋ ਲੋਕਾਂ ’ਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਤੇ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਵਿਅਕਤੀ ਤੱਕ ਪਹੁੰਚਾਉਣ। ਅਬਦੁਲਬਾਰੀ ਸਲਮਾਨੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਛੋਟੇ-ਛੋਟੇ ਅਹੁਦਿਆਂ ਲਈ ਵੀ ਸਿਫਾਰਸ਼ ਅਤੇ ਪੈਸੇ ਦਾ ਬੋਲਬਾਲਾ ਹੁੰਦਾ ਸੀ, ਜਦਕਿ ‘ਆਪ’ ਨੇ ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ, ਇਮਾਨਦਾਰੀ ਤੇ ਲੋਕ ਸੇਵਾ ਦੇ ਆਧਾਰ ਤੇ ਜ਼ਿੰਮੇਵਾਰੀਆਂ ਸੌਂਪੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ’ਚ ਸਿਫ਼ਾਰਸ਼ ਜਾਂ ਨਿੱਜੀ ਪ੍ਰਭਾਵ ਦੀ ਕੋਈ ਥਾਂ ਨਹੀਂ, ਸਗੋਂ ਸਿਰਫ਼ ਕੰਮ ਤੇ ਲੋਕ ਸੇਵਾ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਆਪਣੀ ਪਹਿਲੀ ਤਰਜੀਹ ਬਣਾਉਣ ਅਤੇ ਇਮਾਨਦਾਰੀ, ਪਾਰਦਰਸ਼ਤਾ ਅਤੇ ਸੇਵਾ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਭਲਾਈ ਯੋਜਨਾਵਾਂ ਦੇ ਕਾਰਨ ਆਮ ਆਦਮੀ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਵੀ ਭਾਰੀ ਬਹੁਮਤ ਨਾਲ ਮੁੜ ਸੱਤਾ ਵਿੱਚ ਆਵੇਗੀ। ਮੀਟਿੰਗ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਵਿੱਚ ਅਬਦੁਲਬਾਰੀ ਸਲਮਾਨੀ ਨੇ ਮੀਡੀਆ ਦੇ ਵੱਖ-ਵੱਖ ਸਵਾਲਾਂ ਦੇ ਤਰਕਸੰਗਤ ਅਤੇ ਪ੍ਰਭਾਵਸ਼ਾਲੀ ਜਵਾਬ ਦਿੱਤੇ ਅਤੇ ਮੁਸਲਿਮ ਭਾਈਚਾਰੇ ਸਮੇਤ ਸਾਰੇ ਵਰਗਾਂ ਦੇ ਵਿਕਾਸ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।