- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਕਿਸਾਨ ਗੁਰਮੁਖ ਸਿੰਘ ਵੱਲੋਂ

-ਕਿਸਾਨ ਗੁਰਮੁਖ ਸਿੰਘ ਵੱਲੋਂ ਜ਼ਮੀਨ ਦੇਣ ਨਾਲ ਨਵੀਂ ਨੋਚ ਲਾਉਣ ਦਾ ਮਸਲਾ ਹੱਲ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ :
ਪਿੰਡ ਮੰਡਾਲਾ ਛੰਨਾ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਸੁਰੱਖਿਆ ਲਈ ਨਵੀਂ ਨੋਚ ਲਗਾਉਣ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਮਸਲਾ ਹੱਲ ਹੋ ਗਿਆ ਹੈ। ਕਿਸਾਨ ਗੁਰਮੁੱਖ ਸਿੰਘ ਨੇ ਦਲੇਰੀ ਅਤੇ ਲੋਕ ਹਿੱਤ ਨੂੰ ਪਹਿਲ ਦਿੰਦਿਆਂ ਆਪਣੀ ਜ਼ਮੀਨ ਵਿੱਚ ਨੋਚ ਲਗਾਉਣ ਲਈ ਸਹਿਮਤੀ ਦਿੱਤੀ, ਜਿਸ ਤੋਂ ਬਾਅਦ ਡਰੇਨੇਜ ਅਤੇ ਮਾਲ ਵਿਭਾਗ ਤੁਰੰਤ ਸਰਗਰਮ ਹੋ ਗਏ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪਹਿਲਕਦਮੀ ਅਤੇ ਯਤਨਾਂ ਸਦਕਾ ਇਸ ਮਸਲੇ ਦਾ ਹੱਲ ਸੰਭਵ ਹੋ ਸਕਿਆ। ਸੰਤ ਸੀਚੇਵਾਲ ਨੇ ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ, ਡਰੇਨੇਜ ਵਿਭਾਗ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੌਕੇ ਦਾ ਦੌਰਾ ਕਰਕੇ ਜ਼ਮੀਨ ਦੀ ਮਿਣਤੀ ਕਰਵਾਈ। ਇਸ ਦੇ ਨਾਲ ਹੀ ਡਰੇਨੇਜ ਵਿਭਾਗ ਵੱਲੋਂ ਸਰਵੇਖਣ ਕਰਕੇ ਪ੍ਰੋਜੈਕਟ ਦਾ ਅਨੁਮਾਨਿਤ ਖ਼ਰਚਾ ਤਿਆਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੈ।
ਸੰਤ ਸੀਚੇਵਾਲ ਨੇ ਕਿਸਾਨ ਗੁਰਮੁੱਖ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਡੇ ਯੋਗਦਾਨ ਨਾਲ ਇਲਾਕੇ ਨੂੰ ਭਵਿੱਖ ’ਚ ਆਉਣ ਵਾਲੇ ਹੜ੍ਹਾਂ ਦੇ ਖ਼ਤਰੇ ਤੋਂ ਵੱਡੀ ਰਾਹਤ ਮਿਲੇਗੀ। ਇਸ ਵਾਰ ਪੰਜਾਬ ਸਰਕਾਰ ਵੱਲੋਂ ਡਰੇਨਜ਼ ਵਿਭਾਗ ਦੀ ਮਿਹਨਤ ਸਦਕਾ ਤਕਰੀਬਨ 18 ਕਰੋੜ ਦੀ ਲਾਗਤ ਨਾਲ ਪੱਥਰ ਲਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪਿਛਲੇ ਸਾਲ ਇਸ ਇਲਾਕੇ ਵਿੱਚ ਦਰਿਆ ਦੇ ਕੰਢੇ ਵੱਡੀ ਢਾਅ ਲੱਗੀ ਸੀ ਤੇ ਬੰਨ੍ਹ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਦਰਿਆ ਦੇ ਪਾਣੀ ਨੂੰ ਬੰਨ੍ਹ ਤੋਂ ਦੂਰ ਰੱਖਣ ਲਈ ਨੋਚਾਂ ਲਗਾਉਣੀਆਂ ਬਹੁਤ ਜ਼ਰੂਰੀ ਸਨ, ਪਰ ਇਸ ਲਈ ਲੁੜੀਂਦੀ ਜ਼ਮੀਨ ਦੀ ਪ੍ਰਾਪਤੀ ਵਿੱਚ ਰੁਕਾਵਟ ਆ ਰਹੀ ਸੀ। ਸੰਤ ਸੀਚੇਵਾਲ ਅਨੁਸਾਰ ਇਲਾਕੇ ਦੀ ਸੰਗਤ ਤੇ ਪੰਚਾਇਤਾਂ ਦੇ ਸਹਿਯੋਗ ਨਾਲ ਇਹ ਮਸਲਾ ਸੁਲਝਾਇਆ ਹੈ। ਕਿਸਾਨ ਗੁਰਮੁੱਖ ਸਿੰਘ ਨੇ ਇਲਾਕੇ ਦੀ ਭਲਾਈ ਨੂੰ ਪਹਿਲ ਦਿੰਦਿਆਂ ਨੋਚਾਂ ਲਾਉਣ ਲਈ ਆਪਣੀ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਗੁਰਮੁੱਖ ਸਿੰਘ ਦੀ ਪਹਿਲਾਂ ਹੀ 18 ਏਕੜ ਜ਼ਮੀਨ ਦਰਿਆ ਦੀ ਢਾਹ ਲੱਗਣ ਕਾਰਨ ਦਰਿਆ ਬੁਰਦ ਹੋ ਚੁੱਕੀ ਹੈ, ਫਿਰ ਵੀ ਉਨ੍ਹਾਂ ਨੇ ਵੱਡੇ ਦਿਲ ਦਾ ਪ੍ਰਗਟਾਵਾ ਕਰਦਿਆਂ ਲੋਕ ਹਿੱਤ ਵਿੱਚ ਇਹ ਕਦਮ ਚੁੱਕਿਆ ਹੈ। ਉਨ੍ਹਾਂ ਤਹਿਸੀਲਦਾਰ, ਡਰੇਨਜ਼ ਵਿਭਾਗ ਦੇ ਅਧਿਕਾਰੀਆਂ, ਇਲਾਕੇ ਦੇ ਸਰਪੰਚਾਂ ਅਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮਾਮਲੇ ਨੂੰ ਸਿਰੇ ਚੜ੍ਹਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਸੰਤ ਸੀਚੇਵਾਲ ਨੇ ਪ੍ਰਸ਼ਾਸਨ ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹ ਆਉਣ ਤੋਂ ਬਾਅਦ ਰਾਹਤ ਕਾਰਜ ਕਰਨ ਨਾਲੋਂ ਪਹਿਲਾਂ ਹੀ ਬਚਾਅ ਦੇ ਉਪਰਾਲੇ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਬਾਅਦ ਵਿੱਚ ਪ੍ਰਸ਼ਾਦਾ ਨਾ ਵੰਡ ਪਏ। ਉਨ੍ਹਾਂ ਦੱਸਿਆ ਕਿ ਡਰੇਨਜ਼ ਵਿਭਾਗ ਵੱਲੋਂ ਦਰਿਆ ਨੂੰ ਸਾਫ ਕਰਨ ਦੀ ਪ੍ਰਕਿਰਿਆ ਜਾਰੀ ਹੈ ਤੇ ਸਰਕਾਰ ਨੇ 30 ਜੂਨ ਤਕ ਲੋਕਾਂ ਨੂੰ ਉਥੋਂ ਮਿੱਟੀ ਕੱਢਣ ਦੀ ਆਗਿਆ ਦਿੱਤੀ ਹੈ ਤਾਂ ਜੋ ਪਾਣੀ ਦੇ ਵਹਾਅ ’ਚ ਕੋਈ ਰੁਕਾਵਟ ਨਾ ਆਵੇ। ਇਸ ਮੌਕੇ ਡਰੇਨੇਜ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸਰਵੇ ਦਾ ਸਾਰਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਪ੍ਰੋਜੈਕਟ ਮਨਜ਼ੂਰੀ ਲਈ ਅੱਗੇ ਭੇਜ ਦਿੱਤਾ ਗਿਆ ਹੈ। ਵਿਭਾਗ ਦੀ ਪੂਰੀ ਕੋਸ਼ਿਸ਼ ਹੈ ਕਿ ਬਾਰਿਸ਼ ਤੋਂ ਪਹਿਲਾਂ ਨੋਚਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇ ਤਾਂ ਜੋ ਬੰਨ ਨੂੰ ਮਜ਼ਬੂਤ ਕਰਕੇ ਇਲਾਕੇ ਨੂੰ ਹੜ੍ਹਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।