ਸਤਿਗੁਰੂ ਕਬੀਰ ਮਹਾਰਾਜ ਨੇ ਸਦਭਾਵਨਾ ਤੇ ਬਰਾਬਰੀ ਦਾ ਦਿੱਤਾ ਸੁਨੇਹਾ : ਮਹਿੰਦਰ ਭਗਤ ਪੰਜਾਬ ਸਰਕਾਰ ਨੇ 628ਵੇਂ ਪ੍ਰਕਾਸ਼ ਉਤਸਵ ਮੌਕੇ ਰਾਜ ਪੱਧਰੀ ਸਮਾਗਮ ਕਰਵਾਇਆ
Publish Date: Tue, 30 Jun 2026 08:59 PM (IST)
Updated Date: Tue, 30 Jun 2026 09:01 PM (IST)
-ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗੋ ਨਗਰ ’ਚ ਮਨਾਇਆ 628ਵਾਂ ਪ੍ਰਕਾਸ਼ ਉਤਸਵ -ਕੈਬਨਿਟ ਮੰਤਰੀ ਵੱਲੋਂ ਮੰਦਿਰ ਦੇ ਵਿਕਾਸ ਲਈ 40 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ --ਪੰਜਾਬ ਸਰਕਾਰ ਨੇ ਕਬੀਰ ਪੰਥੀ ਭਲਾਈ ਬੋਰਡ ਦੇ ਗਠਨ ਨੂੰ ਪ੍ਰਵਾਨਗੀ ਦਿੱਤੀ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਸਮਾਜਿਕ ਸਦਭਾਵਨਾ, ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਹਮੇਸ਼ਾ ਮਨੁੱਖਤਾ ਨੂੰ ਪ੍ਰੇਰਿਤ ਕਰਦਾ ਰਹੇਗਾ। ਸਤਿਗੁਰੂ ਕਬੀਰ ਮਹਾਰਾਜ ਜੀ ਦੇ 628ਵੇਂ ਪ੍ਰਕਾਸ਼ ਉਤਸਵ ਮੌਕੇ ਪੰਜਾਬ ਸਰਕਾਰ ਵੱਲੋਂ ਸਤਿਗੁਰੂ ਕਬੀਰ ਮੁੱਖ ਮੰਦਿਰ, ਭਾਰਗੋ ਨਗਰ ’ਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਤਿਗੁਰੂ ਕਬੀਰ ਜੀ ਨੇ ਆਪਣਾ ਜੀਵਨ ਸਮਾਜਿਕ ਬੁਰਾਈਆਂ ਨੂੰ ਮਿਟਾਉਣ ਅਤੇ ਸੱਚ, ਦਇਆ, ਵਿਸ਼ਵ ਭਾਈਚਾਰੇ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਆਦਰਸ਼ਾਂ ਨੂੰ ਫੈਲਾਉਣ ਲਈ ਸਮਰਪਿਤ ਕਰ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਪਵਿੱਤਰ ਬਾਣੀ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹੈ ਲੋਕਾਂ ਨੂੰ ਜਾਤ, ਨਸਲ ਤੇ ਧਰਮ ਦੀਆਂ ਵਲਗਣਾਂ ਤੋਂ ਉੱਪਰ ਉੱਠਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮਾਜ ਨੂੰ ਫਿਰਕੂ ਸਦਭਾਵਨਾ ਨੂੰ ਮਜ਼ਬੂਤ ਕਰਨ ਤੇ ਇਕ ਸਮਾਵੇਸ਼ੀ ਸਮਾਜਿਕ ਵਿਵਸਥਾ ਬਣਾਉਣ ਲਈ ਸਤਿਗੁਰੂ ਕਬੀਰ ਜੀ ਦੇ ਸਮਾਨਤਾ ਤੇ ਆਪਸੀ ਸਤਿਕਾਰ ਦੇ ਫਲਸਫੇ ਨੂੰ ਅਪਣਾਉਣਾ ਚਾਹੀਦਾ ਹੈ। ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਹਾਨ ਗੁਰੂਆਂ ਤੇ ਸੰਤਾਂ ਦੇ ਆਦਰਸ਼ਾਂ ਨੂੰ ਸਮਾਜਿਕ ਨਿਆਂ, ਸਮਾਵੇਸ਼ੀ ਵਿਕਾਸ ਤੇ ਸਮਾਜ ਦੇ ਹਰ ਵਰਗ ਦੀ ਭਲਾਈ ਤੇ ਕੇਂਦਰਿਤ ਨੀਤੀਆਂ ਰਾਹੀਂ ਅੱਗੇ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਕਮਜ਼ੋਰ ਵਰਗਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਸੁਧਾਰਣ ਲਈ ਕਈ ਭਲਾਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਮੌਕੇ ਕੈਬਨਿਟ ਮੰਤਰੀ ਨੇ ਮੰਦਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 40 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਨਿਰਮਾਣ ਕਾਰਜ ਦਾ ਅਨੁਮਾਨ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਤਿਆਰ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸ਼ੁੱਭ ਕਾਰਜ ਲਈ ਫੰਡਜ਼ ਦੀ ਕੋਈ ਕਮੀ ਨਹੀਂ ਹੈ ਅਤੇ ਜਦੋਂ ਵੀ ਕਮੇਟੀ ਨੂੰ ਲੋੜ ਹੋਵੇਗੀ, ਹੋਰ ਫੰਡ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ 50 ਲੱਖ ਰੁਪਏ ਦੇ ਵਾਧੂ ਫੰਡਜ਼ ਦੀ ਮੰਗ ਪਹਿਲਾਂ ਹੀ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਸਾਹਮਣੇ ਰੱਖੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਫੰਡ ਵੀ ਜਾਰੀ ਤਕਰ ਦਿੱਤਾ ਜਾਵੇਗੀ। ਕੈਬਨਿਟ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਬੀਰ ਪੰਥੀ ਭਲਾਈ ਬੋਰਡ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਨਾਲ ਭਾਈਚਾਰੇ ਦੀ ਵੱਡੀ ਮੰਗ ਪੂਰੀ ਹੋ ਗਈ ਹੈ ਤੇ ਇਹ ਬੋਰਡ ਸਮੁੱਚੇ ਭਾਈਚਾਰੇ ਦੀ ਭਲਾਈ ਅਤੇ ਤਰੱਕੀ ਲਈ ਕੰਮ ਕਰੇਗਾ। ਇਸ ਤੋਂ ਪਹਿਲਾਂ ਸਵੇਰੇ ਹੋਏ ਸਮਾਰੋਹ ਵਿੱਚ ਬੀਜਕ ਪਾਠ ਦੇ ਭੋਗ ਪਾਏ ਗਏ ਉਪਰੰਤ ਇਸਤਰੀ ਸਤਿਸੰਗ ਸਭਾ ਵੱਲੋਂ ਸਤਿਗੁਰੂ ਕਬੀਰ ਮਹਾਰਾਜ ਦੀ ਬਾਣੀ ਦਾ ਗੁਣਗਾਨ ਕੀਤਾ। ਇਸ ਮੌਕੇ ਕੇਕ ਕੱਟਣ ਦੀ ਰਸਮ ਅਚਾਰੀਆ ਜਗਦੀਸ਼ ਦਾਸ ਜੀ ਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਨਿਭਾਈ ਗਈ। ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਕਲੇਰ ਕੰਠ ਅਸੀਂ ਉਡੱਦੇ ਆਸਰੇ ਤੇਰੇ , ਵਿਹੜੇ ਸੰਤਾਂ ਦੇ ਨਿੰਮ ਨੂੰ ਪਤਾਸੇ ਲੱਗਦੇ , ਗੁਰਾਂ ਨੇ ਮੇਰੀ ਬਾਂਹ ਫੜ ਲਈ ਤੇ ਹੋਰ ਆਪਣੇ ਹਿੱਟ ਭਜਨਾਂ ਰਾਹੀਂ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪਵਨ ਸਲਾਰੀਆ, ਪੂਜਾ ਭਗਤ ਤੇ ਹੋਰ ਕਲਾਕਾਰਾਂ ਨੇ ਵੀ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਉਸਤਤ ਵਿੱਚ ਭਗਤੀ ਭਾਵਨਾ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ, ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ, ਐੱਸ.ਡੀ.ਐੱਮ. ਸ਼ਾਇਰੀ ਮਲਹੋਤਰਾ, ਅਚਾਰੀਆ ਜਗਦੀਸ਼ ਦਾਸ ਜੀ, ਪਾਠੀ ਰਾਮ ਲਾਲ, ਸਾਬਕਾ ਕੌਂਸਲਰ ਰਾਜੀਵ ਟਿੱਕਾ, ਸਤਿਗੁਰੂ ਕਬੀਰ ਸਭਾ ਭਾਰਗੋ ਨਗਰ ਦੇ ਚੇਅਰਮੈਨ ਸਤੀਸ਼ ਭਗਤ ਬਿੱਲਾ, ਪ੍ਰਧਾਨ ਰਾਕੇਸ਼ ਕੁਮਾਰ ਭਗਤ, ਮੀਤ ਪ੍ਰਧਾਨ ਰਵੀ ਕੁਮਾਰ, ਖਜ਼ਾਨਚੀ ਦੀਸ਼ਾਂਤ ਭਗਤ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਆਪ ਜਿਲਾ ਮਹਿਲਾ ਵਿੰਗ ਦੇ ਪ੍ਰਧਾਨ ਸ਼ੋਭਾ ਭਗਤ,ਕੋਸਲਰ ਤਰਸੇਮ ਸਿੰਘ ਲਖੋਤਰਾ, ਸਾਬਕਾ ਚੇਅਰਮੈਨ ਰਜਨੀਸ਼ ਚਾਚਾ, ਸ਼ੀਲਾ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਚੰਦਨ ਭਗਤ, ਯੁਵਾ ਆਪ ਆਗੂ ਅਤੁੱਲ ਭਗਤ, ਕੁਲਦੀਪ ਗਗਨ, ਸ਼੍ਰੋਮਣੀ ਸਤਿਗੁਰ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਬੋਬੀ, ਸਤਿਗੁਰੂ ਕਬੀਰ ਭਵਨ 120 ਫੁੱਟੀ ਰੋਡ ਦੇ ਚੇਅਰਮੈਨ ਕੁਲਦੀਪ ਦੀਪੂ ਭਗਤ ਕੌਂਸਲਰ ਅਜੇ ਬੱਬਲ, ਨਿਤਿਨ ਭਗਤ, ਵਿਜੇ ਮਿੰਟੂ, ਇੰਦਰਜੀਤ ਭਗਤ ਗੜਾ ਤੇ ਜਲੰਧਰ ਦੇ ਵੱਖ-ਵੱਖ ਮੰਦਰਾਂ ਦੇ ਚੇਅਰਮੈਨ ਤੇ ਸਮੂਹ ਅਹੁਦੇਦਾਰ ਮੌਜੂਦ ਸਨ।