- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਨਿਯਮਾਂ ਅਨੁਸਾਰ 21 ਮੀਟਰ ਤੋਂ ਵੱਧ ਉਚਾਈ ਵਾਲੀਆਂ ਸਾਰੀਆਂ ਇਮਾਰਤਾਂ ਵਿੱਚ ਬਣਾਈਆਂ ਗਈਆਂ ਪੌੜੀਆਂ ਨੂੰ 'ਫ਼ਾਇਰ ਐਗਜ਼ਿਟ' (ਅੱਗ ਤੋਂ ਬਚਾਅ ਦੇ ਰਸਤੇ) ਵਜੋਂ ਤਿਆਰ ਕਰਨਾ ਲਾਜ਼ਮੀ ਹੋਵੇਗਾ। ਇਸ ਦਾ ਮੁੱਖ ਉਦੇਸ਼ ਅੱਗ ਲੱਗਣ ਜਾਂ ਕਿਸੇ ਹੋਰ ਆਫ਼ਤ ਦੌਰਾਨ ਇਮਾਰਤ ਵਿੱਚ ਮੌਜੂਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ।

ਤੇਜਿੰਦਰ ਕੌਰ ਥਿੰਦ ,ਪੰਜਾਬੀ ਜਾਗਰਣ ਜਲੰਧਰ/ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿੱਚ ਘਰਾਂ, ਦੁਕਾਨਾਂ, ਬੂਥਾਂ ਅਤੇ ਹੋਰ ਵਪਾਰਕ ਤੇ ਰਿਹਾਇਸ਼ੀ ਇਮਾਰਤਾਂ ਦੀ ਉਸਾਰੀ ਨਾਲ ਸਬੰਧਤ ਨਿਯਮਾਂ ਵਿੱਚ ਵੱਡੇ ਅਤੇ ਅਹਿਮ ਬਦਲਾਅ ਕੀਤੇ ਹਨ। ਸਰਕਾਰ ਵੱਲੋਂ ‘ਪੰਜਾਬ ਸ਼ਹਿਰੀ ਨਿਯੋਜਨ ਅਤੇ ਬਿਲਡਿੰਗ (ਸੋਧ) ਨਿਯਮ, 2026’ ਨੂੰ ਆਮ ਜਨਤਾ ਲਈ ਲਾਗੂ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਦੇ ਤਹਿਤ ਇਮਾਰਤਾਂ ਵਿੱਚ ਅੱਗ ਤੋਂ ਸੁਰੱਖਿਆ (ਫ਼ਾਇਰ ਸੇਫ਼ਟੀ), ਪਾਰਕਿੰਗ, ਛੱਤਾਂ ਦੀ ਵਰਤੋਂ, ਸੋਲਰ ਪੈਨਲ, ਟਾਇਲਟ, ਲਿਫ਼ਟ ਅਤੇ ਹਾਈ ਟੈਂਸ਼ਨ ਬਿਜਲੀ ਤਾਰਾਂ ਤੋਂ ਸੁਰੱਖਿਆ ਸੰਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਸ਼ਾਮਲ ਕੀਤੇ ਗਏ ਹਨ।
ਨਵੇਂ ਨਿਯਮਾਂ ਅਨੁਸਾਰ 21 ਮੀਟਰ ਤੋਂ ਵੱਧ ਉਚਾਈ ਵਾਲੀਆਂ ਸਾਰੀਆਂ ਇਮਾਰਤਾਂ ਵਿੱਚ ਬਣਾਈਆਂ ਗਈਆਂ ਪੌੜੀਆਂ ਨੂੰ 'ਫ਼ਾਇਰ ਐਗਜ਼ਿਟ' (ਅੱਗ ਤੋਂ ਬਚਾਅ ਦੇ ਰਸਤੇ) ਵਜੋਂ ਤਿਆਰ ਕਰਨਾ ਲਾਜ਼ਮੀ ਹੋਵੇਗਾ। ਇਸ ਦਾ ਮੁੱਖ ਉਦੇਸ਼ ਅੱਗ ਲੱਗਣ ਜਾਂ ਕਿਸੇ ਹੋਰ ਆਫ਼ਤ ਦੌਰਾਨ ਇਮਾਰਤ ਵਿੱਚ ਮੌਜੂਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ।
ਇਮਾਰਤ ਦੀ ਉਸਾਰੀ ਦੌਰਾਨ ਓਵਰਹੈੱਡ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਤੋਂ ਨਿਰਧਾਰਤ ਸੁਰੱਖਿਅਤ ਦੂਰੀ ਬਣਾ ਕੇ ਰੱਖਣੀ ਲਾਜ਼ਮੀ ਹੋਵੇਗੀ। ਹਾਈ ਟੈਂਸ਼ਨ ਬਿਜਲੀ ਦੀਆਂ ਤਾਰਾਂ ਦੇ ਐਨ ਹੇਠਾਂ ਕਿਸੇ ਵੀ ਤਰ੍ਹਾਂ ਦੀ ਉਸਾਰੀ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸਰਕਾਰ ਨੇ ਇਹ ਫ਼ੈਸਲਾ ਬਿਜਲੀ ਦੇ ਸ਼ਾਰਟ ਸਰਕਟ ਅਤੇ ਕਰੰਟ ਲੱਗਣ ਨਾਲ ਹੋਣ ਵਾਲੇ ਹਾਦਸਿਆਂ ਦੇ ਜੋਖਮ ਨੂੰ ਘਟਾਉਣ ਲਈ ਲਿਆ ਹੈ।
ਦੁਕਾਨਾਂ ਅਤੇ ਬੂਥਾਂ ਵਿੱਚ ਬਣਾਏ ਜਾਣ ਵਾਲੇ ਮੇਜ਼ਨਾਈਨ ਫ਼ਲੋਰ ਨੂੰ ਲੈ ਕੇ ਨਿਯਮ ਸਪੱਸ਼ਟ ਕੀਤੇ ਗਏ ਹਨ। ਹੁਣ ਮੇਜ਼ਨਾਈਨ ਫ਼ਲੋਰ ਦੀ ਵਰਤੋਂ ਸਿਰਫ਼ ਸਾਮਾਨ ਰੱਖਣ (ਸਟੋਰੇਜ) ਲਈ ਕੀਤੀ ਜਾ ਸਕੇਗੀ। ਇੱਥੇ ਗਾਹਕਾਂ ਦੇ ਬੈਠਣ ਜਾਂ ਕਾਰੋਬਾਰੀ ਗਤੀਵਿਧੀਆਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਮੇਜ਼ਨਾਈਨ ਫ਼ਲੋਰ ਦਾ ਖੇਤਰਫ਼ਲ ਬੂਥ ਦੇ ਕੁੱਲ ਖੇਤਰਫ਼ਲ ਦੇ ਦੋ-ਤੀਹਾਈ (2/3) ਤੋਂ ਵੱਧ ਨਹੀਂ ਹੋਵੇਗਾ ਅਤੇ ਇਸ ਨੂੰ ਐਫ.ਏ.ਆਰ. (FAR) ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਛੱਤ 'ਤੇ ਸੋਲਰ ਪੈਨਲ ਲਗਾਉਣ ਵਾਲਿਆਂ ਲਈ ਨਵੇਂ ਨਿਯਮਾਂ 'ਚ ਰਾਹਤ ਦਿੱਤੀ ਗਈ ਹੈ। ਸੋਲਰ ਪੈਨਲ ਦੇ ਹੇਠਾਂ ਵੱਧ ਤੋਂ ਵੱਧ 2.4 ਮੀਟਰ (ਲਗਭਗ 8 ਫੁੱਟ) ਤੱਕ ਥਾਂ ਰੱਖੀ ਜਾ ਸਕੇਗੀ। ਸੋਲਰ ਪੈਨਲ ਅਤੇ ਇਸ ਦੇ ਢਾਂਚੇ ਨੂੰ ਇਮਾਰਤ ਦੀ ਕੁੱਲ ਉਚਾਈ ਅਤੇ FAR ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਹੁਣ ਛੱਤ 'ਤੇ ਵੱਧ ਤੋਂ ਵੱਧ 6 ਵਰਗ ਮੀਟਰ (ਲਗਭਗ 64.5 ਵਰਗ ਫੁੱਟ) ਖੇਤਰ ਵਿੱਚ ਟਾਇਲਟ ਬਣਾਇਆ ਜਾ ਸਕੇਗਾ, ਜਿਸ ਦੀ ਵੱਧ ਤੋਂ ਵੱਧ ਉਚਾਈ 2.75 ਮੀਟਰ ਹੋਵੇਗੀ। ਇਹ ਉਸਾਰੀ ਵੀ FAR ਅਤੇ ਇਮਾਰਤ ਦੀ ਕੁੱਲ ਉਚਾਈ ਦੀ ਗਿਣਤੀ ਵਿੱਚ ਨਹੀਂ ਆਵੇਗੀ।
ਰਿਹਾਇਸ਼ੀ ਅਤੇ ਵਪਾਰਕ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਇਮਾਰਤਾਂ ਵਿੱਚ ਲਿਫ਼ਟ ਨੂੰ ਸਿੱਧਾ ਛੱਤ ਤੱਕ ਲੈ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਹਾਲਾਂਕਿ, ਲਿਫ਼ਟ ਦਾ ਨਿਰਮਾਣ ਨਿਰਧਾਰਤ ਸੁਰੱਖਿਆ ਮਾਪਦੰਡਾਂ ਅਨੁਸਾਰ ਕਰਨਾ ਜ਼ਰੂਰੀ ਹੋਵੇਗਾ। ਇਸ ਨਾਲ ਬਜ਼ੁਰਗਾਂ, ਦਿਵਿਆਂਗਾਂ ਅਤੇ ਛੱਤ ਤੱਕ ਸਾਮਾਨ ਪਹੁੰਚਾਉਣ ਵਾਲਿਆਂ ਨੂੰ ਵੱਡੀ ਸੁਵਿਧਾ ਮਿਲੇਗੀ।
ਬਿਲਡਿੰਗ ਉਸਾਰੀ ਦੌਰਾਨ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਵੀ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਰਿਹਾਇਸ਼ੀ ਸੁਸਾਇਟੀਆਂ ਅਤੇ ਵੱਡੀਆਂ ਇਮਾਰਤਾਂ ਵਿੱਚ ਪਾਰਕਿੰਗ, ਸਟਿਲਟ (Stilt), ਲਿਫ਼ਟ ਅਤੇ ਕਲੱਬ ਹਾਊਸ ਨਾਲ ਸਬੰਧਤ ਸਰਕਾਰੀ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਬਣਾਇਆ ਗਿਆ ਹੈ।