- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੇ 'ਚ ਲੋਕਾਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਇਲਾਕੇ ਦੀ ਸਥਿਤੀ ਅਤੇ ਟ੍ਰੈਫਿਕ ਵਿਵਸਥਾ ਦੀ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ। ਬੰਦ ਦੌਰਾਨ ਹਸਪਤਾਲਾਂ, ਮੈਡੀਕਲ ਸਟੋਰਾਂ, ਐਂਬੂਲੈਂਸਾਂ ਅਤੇ ਹੋਰ ਜ਼ਰੂਰੀ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ।

ਪੰਜਾਬੀ ਜਾਗਰਣ ਟੀਮ: ਕੌਮੀ ਇਨਸਾਫ਼ ਮੋਰਚਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਜਿਸ ਦਾ ਅਸਰ ਸਵੇਰੇ ਸੱਤ ਵਜੇ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਦਾ ਪ੍ਰਸਤਾਵ ਹੈ। ਇਸ ਦਾ ਅਸਰ ਬਾਜ਼ਾਰਾਂ, ਵਪਾਰਕ ਅਦਾਰਿਆਂ, ਪ੍ਰਾਈਵੇਟ ਸਕੂਲਾਂ-ਕਾਲਜਾਂ ਅਤੇ ਪਬਲਿਕ ਟਰਾਂਸਪੋਰਟ 'ਤੇ ਨਜ਼ਰ ਆ ਰਿਹਾ ਹੈ।
ਅਜਿਹੇ 'ਚ ਲੋਕਾਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਇਲਾਕੇ ਦੀ ਸਥਿਤੀ ਅਤੇ ਟ੍ਰੈਫਿਕ ਵਿਵਸਥਾ ਦੀ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ। ਬੰਦ ਦੌਰਾਨ ਹਸਪਤਾਲਾਂ, ਮੈਡੀਕਲ ਸਟੋਰਾਂ, ਐਂਬੂਲੈਂਸਾਂ ਅਤੇ ਹੋਰ ਜ਼ਰੂਰੀ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਹਾਲਾਂਕਿ, ਬੱਸਾਂ ਅਤੇ ਜਨਤਕ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੜਕ ’ਤੇ ਪ੍ਰਦਰਸ਼ਨ ਜਾਂ ਧਰਨੇ ਦੀ ਸੂਰਤ ਵਿੱਚ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਮੋੜਿਆ ਜਾਵੇਗਾ।
ਖਰੜ-ਚੰਡੀਗੜ੍ਹ ਫਲਾਈਓਵਰ 'ਤੇ ਲੱਗਿਆ ਲੰਮਾ ਜਾਮ, ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਆਵਾਜਾਈ ਮੁਕੰਮਲ ਠੱਪ
ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਦਾ ਅਸਰ ਅੱਜ ਖਰੜ ਖੇਤਰ ਵਿੱਚ ਵਿਆਪਕ ਰੂਪ ਵਿੱਚ ਦੇਖਣ ਨੂੰ ਮਿਲਿਆ। ਮੋਰਚੇ ਦੇ ਸਮਰਥਕਾਂ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਦੇਸੂਮਾਜਰਾ ਵਿਖੇ ਖਰੜ-ਚੰਡੀਗੜ੍ਹ ਫਲਾਈਓਵਰ ਉੱਤੇ ਧਰਨਾ ਦੇ ਕੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ।
ਧਰਨੇ ਕਾਰਨ ਰੂਪਨਗਰ ਅਤੇ ਲੁਧਿਆਣਾ ਵੱਲੋਂ ਚੰਡੀਗੜ੍ਹ ਅਤੇ ਮੁਹਾਲੀ ਆਉਣ-ਜਾਣ ਵਾਲੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ ਹਨ, ਜਿਸ ਨਾਲ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸਿਹਤ ਸੇਵਾਵਾਂ ਵਾਲੇ ਵਾਹਨਾਂ ਨੂੰ ਹੀ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਮੌਕੇ 'ਤੇ ਮੌਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਕਾਬੂ ਵਿੱਚ ਰੱਖਣ ਅਤੇ ਟ੍ਰੈਫਿਕ ਨੂੰ ਬਦਲਵੇਂ ਰੂਟਾਂ 'ਤੇ ਮੋੜਨ ਦੇ ਯਤਨ ਕੀਤੇ ਜਾ ਰਹੇ ਹਨ।
ਰੋਡਵੇਜ਼ ਦੀਆਂ ਲਾਰੀਆਂ ਦਾ ਪਹੀਆ ਜਾਮ, ਚੰਡੀਗੜ੍ਹ ਤੋਂ ਪੰਜਾਬ ਲਈ ਨਹੀਂ ਜਾ ਰਹੀ ਕੋਈ ਬੱਸ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੀ ਕੀਤੀ ਗਈ ਅਪੀਲ ਦਾ ਟਰਾਂਸਪੋਰਟ ਉਤੇ ਅਸਰ ਦਿਖਾਈ ਦੇ ਰਿਹਾ ਹੈ। ਚੰਡੀਗੜ੍ਹ ਤੋਂ ਪੰਜਾਬ ਵਿੱਚ ਰੋਡਵੇਜ਼ ਦੀ ਕੋਈ ਲਾਰੀ ਨਹੀਂ ਜਾ ਰਹੀ ਹੈ।
ਪਟਿਆਲਾ ਤੋਂ ਸਵਾਰੀਆਂ ਨੂੰ ਲੈ ਕੇ ਚੰਡੀਗੜ੍ਹ ਪਹੁੰਚੀ ਇੱਕ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਜਾਗਰਣ ਟੀਮ ਨੂੰ ਦੱਸਿਆ ਕਿ ਜਦੋਂ ਉਹ ਪਟਿਆਲਾ ਤੋਂ ਆ ਰਿਹਾ ਸੀ ਤਾਂ ਅਜ਼ੀਜ਼ਪੁਰ ਟੋਲ ਪਲਾਜ਼ਾ ਉਤੇ ਕੁੱਝ ਕਿਸਾਨ ਅਤੇ ਹੋਰ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ। ਲੱਗਦਾ ਹੈ ਕਿ ਉਹ ਸੜਕ ਜਾਮ ਕਰ ਸਕਦੇ ਹਨ। ਇਸ ਤੋਂ ਬਾਅਦ ਉਹ ਸ਼ਿਮਲਾ ਲਈ ਰਵਾਨਾ ਹੋ ਗਿਆ।
ਉਧਰ, ਇਸ ਸਬੰਧੀ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਰਾਜੀਵ ਗੁਪਤਾ ਨੇ "ਪੰਜਾਬੀ ਜਾਗਰਣ" ਨੂੰ ਦੱਸਿਆ ਕਿ ਪੰਜਾਬ ਵਿੱਚ ਆਵਾਜਾਈ ਲਈ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਬਿਲਕੁਲ ਤਿਆਰ ਹਨ ਪ੍ਰੰਤੂ ਸਵਾਰੀਆਂ ਹੀ ਨਹੀਂ ਆ ਰਹੀਆਂ ਹਨ।
ਨਿਹੰਗ ਸਿੰਘਾਂ ਨੇ ਮੁਹਾਲੀ ਫੇਜ਼-7 ਲਾਲ ਬੱਤੀ ਚੌਂਕ 'ਤੇ ਲਾਇਆ ਜਾਮ
ਜਾਮ ਫੇਜ਼-7 ਚੌਕ, ਮੁਹਾਲੀ
ਮੁਹਾਲੀ ਅਤੇ ਹੋਰਨਾਂ ਥਾਵਾਂ ਉੱਤੇ ਬਾਜ਼ਾਰ ਬੰਦ ਜਾਂ ਖੁੱਲ੍ਹਣ ਬਾਰੇ ਸਹੀ ਤਸਵੀਰ 9-10 ਵਜੇ ਤੋਂ ਬਾਅਦ ਹੀ ਪਤਾ ਲੱਗ ਸਕੇਗੀ। ਕਿਉਂਕਿ ਅਕਸਰ ਮਾਰਕੀਟ/ਬਾਜ਼ਾਰ ਸਵੇਰੇ 9-10 ਵਜੇ ਤੋਂ ਬਾਅਦ ਹੀ ਖੁੱਲ੍ਹਦੇ ਹਨ।
ਮੁਹਾਲੀ ਦੇ ਫੇਜ਼-8 ਸਥਿਤ ਪੁਰਾਣਾ ਬੱਸ ਅੱਡੇ ਦੇ ਬਾਹਰ ਖਾਲੀ ਜਗ੍ਹਾ ਅਤੇ ਸੜਕ ਕਿਨਾਰੇ ਖੜ੍ਹੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ। ਬੱਸਾਂ ਦਾ ਪਹੀਆ ਜਾਮ। ਸਨਾਟਾ ਪਸਰਿਆ।
ਮੁਹਾਲੀ ਅਤੇ ਚੰਡੀਗੜ੍ਹ ਦੀਆਂ ਸਾਂਝੀਆਂ ਹੱਦਾਂ ਅਤੇ ਪ੍ਰਮੁੱਖ ਸੜਕਾਂ ਉੱਤੇ ਬੈਰੀਕੇਟ ਲਗਾਏ। ਪੁਲਿਸ ਤਾਇਨਾਤ। ਹਰ ਆਉਣ ਜਾਣ ਵਾਲੇ 'ਤੇ ਰੱਖੀ ਜਾ ਰਹੀ ਹੈ ਨਜ਼ਰ।
ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਫਿਰੋਜ਼ਪੁਰ ’ਚ ਬਾਜ਼ਾਰ ਤੇ ਬੈਂਕ ਰਹੇ ਮੁਕੰਮਲ ਬੰਦ
ਅੱਜ ਫਿਰੋਜ਼ਪੁਰ ਵਿਖੇ ਪੰਜਾਬ ਬੰਦ ਦੇ ਸੱਦੇ ’ਤੇ ਸਵੇਰ ਤੋਂ ਹੀ ਵੱਖ-ਵੱਖ ਸਿੱਖ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਦਿੱਲੀ ਗੇਟ ਸਥਿਤ ਪੁੱਡਾ ਮਾਰਕੀਟ ਵਿਖੇ ਇਕੱਤਰ ਹੋਏ ਆਗੂਆਂ ਵਿਚ ਲਖਬੀਰ ਸਿੰਘ ਮਹਾਲਮ, ਏਕਨੂਰ ਖਾਲਸਾ, ਮਿਸਲ ਸਤਲੁੱਜ ਦੀ ਜਨਰਲ ਸਕੱਤਰ ਮਨਦੀਪ ਕੌਰ, ਵਾਰਸ ਪੰਜਾਬ ਦੇ ਮਨਬੀਰ ਸਿੰਘ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਭਾਈ ਭਗਵਾਨ ਸਿੰਘ ਦੜਿਆਲਾ ਸ਼ਾਮਲ ਸਨ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ‘ਬੰਦੀ ਸਿੱਖਾਂ’ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਜਿਨ੍ਹਾਂ ਸਿੱਖ ਕੈਦੀਆਂ ਨੇ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਰੱਖਣਾ ਸਰਕਾਰਾਂ ਦਾ ਸ਼ਰੇਆਮ ਧੱਕਾ ਹੈ। ਇਸ ਤੋਂ ਬਾਅਦ ਜਥੇਬੰਦੀਆਂ ਦੇ ਆਗੂਆਂ ਅਤੇ ਸਮਰਥਕਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢ ਕੇ ਬਾਜ਼ਾਰਾਂ ਨੂੰ ਬੰਦ ਕਰਵਾਇਆ। ਫਿਰੋਜ਼ਪੁਰ ਦੇ ਟਾਹਲੀ ਮੁਹੱਲਾ, ਡਾਕਖਾਨਾ ਚੌਂਕ, ਬਗਦਾਦੀ ਗੇਟ, ਸਬਜ਼ੀ ਮੰਡੀ ਸਮੇਤ ਸ਼ਹਿਰ ਅਤੇ ਛਾਉਣੀ ਦੇ ਲਗਭਗ ਸਾਰੇ ਬਾਜ਼ਾਰ ਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਬੰਦ ਦੇ ਸਮਰਥਨ ’ਚ ਬੈਂਕਾਂ ਦੀਆਂ ਸ਼ਾਖਾਵਾਂ ਵੀ ਬੰਦ ਰਹੀਆਂ। ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਕਿਸਾਨ ਸੰਗਠਨਾਂ ਨੇ ਵੀ ਇਸ ਪ੍ਰਦਰਸ਼ਨ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਕਿਸਾਨਾਂ ਅਤੇ ਸਿੱਖ ਆਗੂਆਂ ਨੇ ਮਿਲ ਕੇ ਫਿਰੋਜ਼ਪੁਰ ਦੇ 7 ਨੰਬਰ ਚੁੰਗੀ ’ਤੇ ਵਿਸ਼ਾਲ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ।
ਧਰਨੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੀਕੇਯੂ) ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ, ਬਲਾਕ ਪ੍ਰਧਾਨ ਗੁਰਮੀਤ ਸਿੰਘ ਘੱਲਖੁਰਦ, ਵਾਰਸ ਪੰਜਾਬ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਾਬਕਾ ਐੱਮਪੀ ਭਾਈ ਧਿਆਨ ਸਿੰਘ ਮੰਡ, ਅਕਾਲੀ ਦਲ ਅੰਮ੍ਰਿਤਸਰ ਦੇ ਗੁਰਚਰਨ ਸਿੰਘ ਭੁੱਲਰ ਤੇ ਜਸਬੀਰ ਸਿੰਘ ਭੁੱਲਰ, ਰਾਵਣ ਸੈਨਾ ਦੇ ਦੀਪ ਦਸ਼ਾਨੰਦ, ਇੰਟਰਨੈਸ਼ਨਲ ਪੰਥਕ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਿੰਘ, ਆਮ ਆਦਮੀ ਪਾਰਟੀ ਦੇ ਸੁਖਰਾਜ ਗੋਰਾ, ਕ੍ਰਾਂਤੀਕਾਰੀ ਫੂਲ ਗਰੁੱਪ ਦੇ ਗੁਰਪ੍ਰੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਕਿਸਾਨ ਪੱਦੀ ਗਰੁੱਪ) ਦੇ ਜ਼ੋਨ ਪ੍ਰਧਾਨ ਸੁਰਜੀਤ ਸਿੰਘ ਸਮੇਤ ਕਈ ਪ੍ਰਮੁੱਖ ਆਗੂ ਸ਼ਾਮਲ ਹੋਏ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਬੰਦੀ ਸਿੰਘਾਂ ਦੇ ਮੁੱਦੇ ’ਤੇ ਗੰਭੀਰ ਨਹੀਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਾਈ ਜਗਤਾਰ ਸਿੰਘ ਹਵਾਰਾ, ਰਾਜੋਆਣਾ, ਭਿਓਰਾ ਅਤੇ ਹੋਰਨਾਂ ਸਿੰਘਾਂ ਨੂੰ 30-32 ਸਾਲਾਂ ਤੋਂ ਜੇਲ੍ਹਾਂ ਵਿੱਚ ਰੱਖਿਆ ਗਿਆ ਹੈ, ਪਰ ਉਨ੍ਹਾਂ ਨੂੰ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸੰਵਿਧਾਨ ਮੁਤਾਬਿਕ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਈ ਮਿਲਣੀ ਚਾਹੀਦੀ ਹੈ, ਪਰ ਦੂਜੇ ਪਾਸੇ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ, ਜੋ ਕਿ ਕਾਨੂੰਨ ਦਾ ਦੋਹਰਾ ਮਾਪਦੰਡ ਹੈ। ਪੰਜਾਬ ਬੰਦ ਦੇ ਇਸ ਅਸਰ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ। ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ, ਜਿਸ ਨਾਲ ਮੁਸਾਫਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦਕਿ ਟਰੇਨਾਂ ਦੀ ਆਵਾਜਾਈ ਆਮ ਵਾਂਗ ਚੱਲਦੀ ਰਹੀ। ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਸੇਵਾਵਾਂ ਅਤੇ ਮੈਡੀਕਲ ਸਟੋਰਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਸੀ, ਜਿਸ ਕਾਰਨ ਮੈਡੀਕਲ ਸਟੋਰ ਖੁੱਲ੍ਹੇ ਰਹੇ। ਦੂਜੇ ਪਾਸੇ, ਫਿਰੋਜ਼ਪੁਰ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇੜ੍ਹੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਸ਼ਹਿਰ ਦੇ ਕੋਨੇ-ਕੋਨੇ ’ਚ ਨਾਕੇਬੰਦੀ ਕੀਤੀ ਗਈ ਸੀ ਤਾਂ ਜੋ ਕੋਈ ਸ਼ਰਾਰਤੀ ਅਨਸਰ ਅਮਨ-ਕਾਨੂੰਨ ਦੀ ਸਥਿਤੀ ਨੂੰ ਖਰਾਬ ਨਾ ਕਰ ਸਕੇ।
ਪੰਜਾਬ ਬੰਦ ਦਾ ਪਠਾਨਕੋਟ ’ਚ ਅਸਰ, ਬੱਸ ਅੱਡੇ ’ਤੇ ਪਸਰੀ ਸੁੰਨ, ਸਕੂਲ ਤੇ ਬਾਜ਼ਾਰ ਬੰਦ
ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅਸਰ ਅੱਜ ਸਰਹੱਦੀ ਜ਼ਿਲ੍ਹਾ ਪਠਾਨਕੋਟ ਵਿੱਚ ਵੀ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਹਨ, ਜਦਕਿ ਨਿੱਜੀ ਸਕੂਲਾਂ ਵੱਲੋਂ ਵੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਵੇਰੇ ਹੀ ਮਾਪਿਆਂ ਨੂੰ ਛੁੱਟੀ ਸਬੰਧੀ ਸੁਨੇਹੇ ਭੇਜ ਦਿੱਤੇ ਗਏ ਸਨ।
ਪੰਜਾਬ ਬੰਦ ਦਾ ਸਭ ਤੋਂ ਵੱਧ ਅਸਰ ਆਮ ਜਨਜੀਵਨ ਅਤੇ ਆਵਾਜਾਈ ’ਤੇ ਨਜ਼ਰ ਆਇਆ। ਪਠਾਨਕੋਟ ਦੇ ਬੱਸ ਅੱਡੇ ’ਤੇ ਆਮ ਦਿਨਾਂ ਦੇ ਮੁਕਾਬਲੇ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਰਹੀ ਅਤੇ ਬੱਸ ਅੱਡਾ ਲਗਭਗ ਖਾਲੀ ਦਿਖਾਈ ਦਿੱਤਾ। ਵੱਖ-ਵੱਖ ਥਾਵਾਂ ’ਤੇ ਜਥੇਬੰਦੀਆਂ ਵੱਲੋਂ ਟੋਲ ਪਲਾਜ਼ਿਆਂ ’ਤੇ ਧਰਨੇ ਦਿੱਤੇ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਬੱਸਾਂ ਦੀ ਆਵਾਜਾਈ ਦੁਪਹਿਰ 2 ਵਜੇ ਤੱਕ ਰੋਕੀ ਗਈ ਹੈ।
ਬੱਸ ਅੱਡੇ ’ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਟੋਲ ਪਲਾਜ਼ਿਆਂ ’ਤੇ ਚੱਲ ਰਹੇ ਧਰਨਿਆਂ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਸਕਦੀ ਹੈ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਬੱਸਾਂ ਦਾ ਸੰਚਾਲਨ ਅਸਥਾਈ ਤੌਰ ’ਤੇ ਰੋਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲਾਤ ਅਨੁਕੂਲ ਰਹਿਣ ’ਤੇ ਦੁਪਹਿਰ 2 ਵਜੇ ਤੋਂ ਬਾਅਦ ਬੱਸ ਸੇਵਾ ਆਮ ਦਿਨਾਂ ਵਾਂਗ ਬਹਾਲ ਕਰ ਦਿੱਤੀ ਜਾਵੇਗੀ।
ਅਕਾਲੀ ਦਲ ਵਾਰਿਸ ਪੰਜਾਬ ਨੇ ਕੀਤਾ ਬੰਦ ਦਾ ਸਮਰਥਨ
ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਉਮਰਾਓ ਸਿੰਘ ਕੰਗ ਵੱਲੋਂ ਪਹਿਲਾਂ ਹੀ ਪ੍ਰੈੱਸ ਬਿਆਨ ਜਾਰੀ ਕਰਕੇ ਪਠਾਨਕੋਟ ਅਤੇ ਆਸ-ਪਾਸ ਦੇ ਖੇਤਰਾਂ ਦੀ ਜਨਤਾ ਨੂੰ 21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਬੰਦ ਦੇ ਸੱਦੇ ਦਾ ਪੂਰਨ ਸਮਰਥਨ ਕਰਦੀ ਹੈ।
ਉਮਰਾਓ ਸਿੰਘ ਕੰਗ ਨੇ ਵਪਾਰ ਮੰਡਲ ਦੇ ਆਗੂਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਆਪਣੇ ਕਾਰੋਬਾਰ ਤੇ ਨਿੱਜੀ ਅਦਾਰੇ ਬੰਦ ਰੱਖ ਕੇ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਦੇ ਹੱਕ ਵਿੱਚ ਆਪਣਾ ਸਮਰਥਨ ਦਰਜ ਕਰਵਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾਉਣ ਲਈ ਵੀ ਕਿਹਾ ਸੀ।
ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ
ਕੌਮੀ ਇਨਸਾਫ਼ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਜਗਤਾਰ ਹਵਾਰਾ ਦੀ ਪੈਰੋਲ ਦੀ ਮੰਗ ਵੀ ਮੋਰਚੇ ਵੱਲੋਂ ਉਠਾਈ ਜਾ ਰਹੀ ਹੈ।
ਬੰਦ ਦੌਰਾਨ ਪਠਾਨਕੋਟ ਵਿੱਚ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ’ਤੇ ਨਜ਼ਰ ਰੱਖੀ ਗਈ ਹੈ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਹਨ। ਸਮੁੱਚੇ ਤੌਰ ’ਤੇ ਬੰਦ ਦਾ ਅਸਰ ਬਾਜ਼ਾਰਾਂ, ਵਿਦਿਅਕ ਅਦਾਰਿਆਂ ਅਤੇ ਜਨਤਕ ਆਵਾਜਾਈ ’ਤੇ ਦੇਖਣ ਨੂੰ ਮਿਲਿਆ।
ਗੁਰਦਾਸਪੁਰ 'ਚ ਬੰਦ ਦਾ ਦਿਸਿਆ ਅਸਰ, ਬਜ਼ਾਰ, ਨਿੱਜੀ ਸਕੂਲ ਬੰਦ, ਹਾਈਵੇ 'ਤੇ ਆਵਾਜਾਈ ਜਾਰੀ, ਮੈਡੀਕਲ ਸਟੋਰ ਖੁੱਲ੍ਹੇ
ਕੌਮੀ ਇਨਸਾਫ ਮੋਰਚਾ ਅਤੇ ਵੱਖ-ਵੱਖ ਸਿੱਖ ਸੰਗਠਨਾਂ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦਾ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਪੂਰਾ ਅਸਰ ਦੇਖਣ ਨੂੰ ਮਿਲਿਆ। ਬੰਦ ਨੂੰ ਵਪਾਰ ਮੰਡਲ ਗੁਰਦਾਸਪੁਰ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ, ਜਿਸ ਕਾਰਨ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਦੁਕਾਨਾਂ ਬੰਦ ਰਹੀਆਂ। ਹਾਲਾਂਕਿ ਸ਼ਹਿਰ ਅਤੇ ਹਾਈਵੇ 'ਤੇ ਵਾਹਨਾਂ ਦੀ ਆਵਾਜਾਈ ਜਾਰੀ ਰਹੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵੀ ਬੰਦ ਦੇ ਮੱਦੇਨਜ਼ਰ ਨੋ ਵਰਕ-ਡੇ ਐਲਾਨ ਕੀਤਾ ਹੈ ਤਾਂ ਜੋ ਵੱਖ-ਵੱਖ ਥਾਵਾਂ ਤੋਂ ਪੇਸ਼ੀ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਦੌਰਾਨ ਸਵੇਰੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਇੰਚਾਰਜ, ਯੂਥ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪੰਜਾਬ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਸਾਥੀਆਂ ਸਮੇਤ ਬੱਸ ਸਟੈਂਡ 'ਤੇ ਪਹੁੰਚੇ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਕਿਸੇ ਵੀ ਵਿਆਹ-ਬਰਾਤ, ਯਾਤਰਾ ਜਾਂ ਫਲਾਈਟ ਨਾਲ ਸਬੰਧਤ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਸਾਰੇ ਮੈਡੀਕਲ ਸਟੋਰ, ਮੁਹੱਲਾ ਕਲੀਨਿਕ ਅਤੇ ਹਸਪਤਾਲ ਪੂਰੀ ਤਰ੍ਹਾਂ ਖੁੱਲ੍ਹੇ ਰਹਿਣਗੇ। ਗੌਰਤਲਬ ਹੈ ਕਿ ਕੌਮੀ ਇਨਸਾਫ ਮੋਰਚਾ ਨੇ ਬੰਦੀ ਸਿੱਖਾਂ ਦੀ ਰਿਹਾਈ, ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਅਤੇ 15 ਅਗਸਤ ਨੂੰ ਮੋਹਾਲੀ-ਚੰਡੀਗੜ੍ਹ ਬਾਰਡਰ 'ਤੇ ਪ੍ਰਦਰਸ਼ਨਕਾਰੀਆਂ ਖਿਲਾਫ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਬੰਦ ਦੀ ਕਾਲ ਦਿੱਤੀ ਹੈ।
ਕੌਮੀ ਇਨਸਾਫ਼ ਮੋਰਚੇ ਦੇ ਪੰਜਾਬ ਬੰਦ ਦੇ ਸੱਦੇ ਦਾ ਜਲੰਧਰ 'ਚ ਵਿਆਪਕ ਅਸਰ: ਹਾਈਵੇਅ 'ਤੇ ਧਰਨੇ, ਬਾਜ਼ਾਰ ਮੁਕੰਮਲ ਬੰਦ; ਰੇਲ ਸੇਵਾਵਾਂ ਫਿਲਹਾਲ ਸੁਚਾਰੂ
ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਦਾ ਅੱਜ ਜਲੰਧਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ 7 ਵਜੇ ਤੋਂ ਸ਼ੁਰੂ ਹੋਏ ਇਸ ਬੰਦ ਦੌਰਾਨ ਮੋਰਚੇ ਦੇ ਆਗੂਆਂ ਅਤੇ ਵੱਖ-ਵੱਖ ਸਿੱਖ ਤੇ ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਅਤੇ ਮੁੱਖ ਚੌਕਾਂ ਨੂੰ ਜਾਮ ਕਰਕੇ ਰੋਸ ਧਰਨੇ ਦਿੱਤੇ ਜਾ ਰਹੇ ਹਨ।
ਮੁੱਖ ਚੌਕਾਂ 'ਤੇ ਧਰਨੇ, ਹਾਈਵੇਅ 'ਤੇ ਚੱਕਾ ਜਾਮ
ਮੋਰਚੇ ਦੇ ਮੈਂਬਰਾਂ ਵੱਲੋਂ ਜਲੰਧਰ ਦੇ ਪ੍ਰਮੁੱਖ ਗੁਰੂ ਨਾਨਕ ਮਿਸ਼ਨ ਚੌਕ ਦੇ ਵਿਚਕਾਰ ਧਰਨਾ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਰਾਮਾ ਮੰਡੀ ਚੌਕ ਵਿਖੇ ਸਿੱਖ ਇਨਸਾਫ਼ ਮੋਰਚੇ ਦੇ ਆਗੂਆਂ ਵੱਲੋਂ ਲਗਾਏ ਗਏ ਧਰਨੇ ਕਾਰਨ ਦਿੱਲੀ-ਅੰਮ੍ਰਿਤਸਰ ਅਤੇ ਲੁਧਿਆਣਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਸਥਿਤੀ ਨੂੰ ਦੇਖਦਿਆਂ ਕਈ ਵਾਹਨ ਚਾਲਕਾਂ ਨੇ ਆਪਣੇ ਟਰੱਕ ਅਤੇ ਹੋਰ ਵਾਹਨ ਸੜਕ ਦੇ ਕਿਨਾਰੇ ਹੀ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਜਲੰਧਰ ਕੈਂਟ ਵੱਲ ਜਾਣ ਵਾਲੇ ਰਸਤੇ ਵੀ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ।
ਹਰਬੰਸ ਨਗਰ, ਆਦਰਸ਼ ਨਗਰ, ਜੇ.ਪੀ. ਨਗਰ ਰੋਡ ਅਤੇ ਲੈਦਰ ਕੰਪਲੈਕਸ ਰੋਡ ਦੀਆਂ ਮਾਰਕੀਟਾਂ ਪੂਰੀ ਤਰ੍ਹਾਂ ਬੰਦ ਨਜ਼ਰ ਆਈਆਂ। ਇੱਥੋਂ ਤੱਕ ਕਿ ਦੁੱਧ ਵਿਕਰੇਤਾਵਾਂ ਨੇ ਵੀ ਆਪਣਾ ਕੰਮਕਾਜ ਬੰਦ ਰੱਖ ਕੇ ਸਮਰਥਨ ਦਿੱਤਾ।
ਸਕੂਲਾਂ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲ ਬੰਦ ਹਨ ਅਤੇ ਕੁਝ ਸਕੂਲਾਂ ਵੱਲੋਂ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਸਰਕਾਰੀ ਸਕੂਲ ਖੁੱਲ੍ਹੇ ਹੋਏ ਹਨ ਅਤੇ ਬੱਚੇ ਆਮ ਵਾਂਗ ਸਕੂਲ ਪਹੁੰਚ ਰਹੇ ਹਨ।
ਸੜਕੀ ਜਾਮ ਦੇ ਬਾਵਜੂਦ ਰੇਲ ਆਵਾਜਾਈ ਫਿਲਹਾਲ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਦੇਹਰਾਦੂਨ ਐਕਸਪ੍ਰੈਸ ਨੂੰ ਆਮ ਵਾਂਗ ਅੰਮ੍ਰਿਤਸਰ ਲਈ ਰਵਾਨਾ ਕੀਤਾ ਗਿਆ।
ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਸਿਵਲ ਹਸਪਤਾਲ ਵਿੱਚ ਇਲਾਜ ਸੇਵਾਵਾਂ ਜਾਰੀ ਹਨ, ਹਾਲਾਂਕਿ ਆਵਾਜਾਈ ਬੰਦ ਹੋਣ ਕਾਰਨ ਮਰੀਜ਼ਾਂ ਦੀ ਗਿਣਤੀ ਅਤੇ ਹਸਪਤਾਲ ਸਟਾਫ਼ ਦੀ ਹਾਜ਼ਰੀ ਆਮ ਦਿਨਾਂ ਨਾਲੋਂ ਕਾਫ਼ੀ ਘੱਟ ਦੇਖਣ ਨੂੰ ਮਿਲੀ।
ਪੁਲਿਸ ਪ੍ਰਸ਼ਾਸਨ ਦੇ ਪੁਖ਼ਤਾ ਪ੍ਰਬੰਧ
ਬੰਦ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਬੈਰੀਕੇਡਿੰਗ ਕੀਤੀ ਗਈ ਹੈ। ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਹੈ। ਮੋਰਚੇ ਦੇ ਕਨਵੀਨਰ ਐਸ. ਪਾਲ ਸਿੰਘ ਅਨੁਸਾਰ ਦੁਪਹਿਰ 2 ਵਜੇ ਤੱਕ ਨੈਸ਼ਨਲ ਹਾਈਵੇਅ ਅਤੇ ਰੋਡ ਜਾਮ ਰਹਿਣਗੇ।
ਇਨ੍ਹਾਂ ਨੂੰ ਦਿੱਤੀ ਗਈ ਛੋਟ
ਮੋਰਚੇ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੁਪਹਿਰ 2 ਵਜੇ ਤੱਕ ਯਾਤਰਾ ਕਰਨ ਤੋਂ ਗੁਰੇਜ਼ ਕਰਨ। ਹਾਲਾਂਕਿ, ਐਂਬੂਲੈਂਸ, ਵਿਆਹ-ਸ਼ਾਦੀਆਂ ਵਾਲੀਆਂ ਗੱਡੀਆਂ, ਵਿਦੇਸ਼ੀ ਉਡਾਣਾਂ ਵਾਲੇ ਯਾਤਰੀਆਂ ਅਤੇ ਮ੍ਰਿਤਕ ਦੇਹ ਨਾਲ ਜਾ ਰਹੇ ਲੋਕਾਂ ਨੂੰ ਮੌਕੇ 'ਤੇ ਮੌਜੂਦ ਸੰਗਤ ਵੱਲੋਂ ਲੰਘਣ ਦੀ ਛੋਟ ਦਿੱਤੀ ਜਾ ਰਹੀ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਤਾਪਰਾ ਚੌਂਕ ਬੰਦ ਕਰ ਕੀਤਾ ਧਰਨਾ ਪ੍ਰਦਰਸ਼ਨ, ਧਰਨੇ ਦੀ ਕਾਲ ਨੂੰ ਦੇਖਦਿਆਂ ਲਾਂਬੜਾ ਬਾਜ਼ਾਰ ਸੰਪੂਰਨ ਤੌਰ 'ਤੇ ਰਿਹਾ ਬੰਦ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਜਲੰਧਰ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਦੀ ਅਗਵਾਈ ਵਿੱਚ ਪ੍ਰਤਾਪਪੁਰਾ ਚੌਂਕ 'ਚ ਧਰਨਾ ਲਾਇਆ ਗਿਆ। ਜਾਣਕਾਰੀ ਦਿੰਦੇ ਪ੍ਰਧਾਨ ਸਿੰਘਪੁਰ ਦੋਨਾਂ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸਮੂਹ ਸਿੱਖ ਭਾਈਚਾਰੇ ਵੱਲੋਂ ਅਤੇ ਸਮੂਹ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਾਂਤਮਈ ਤਰੀਕੇ ਨਾਲ ਸਾਡੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਸਿੱਖ ਕੌਮ ਵਿੱਚ ਭਾਰੀ ਰੋਸ ਹੈ ਅਤੇ ਇਨਸਾਫ ਲਈ ਸਮੂਹ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬੰਦੀ ਸਿੰਘਾਂ ਸਿੰਘਾਂ ਦੀ ਰਿਹਾਈ ਲਈ ਇਸੇ ਤਰ੍ਹਾਂ ਹੀ ਸੰਘਰਸ਼ ਕਰਦੇ ਰਹਾਂਗੇ ਜਦੋਂ ਤੱਕ ਬੰਦੀ ਸਿੰਘਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ। ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ, ਪਰਮਿੰਦਰ ਸਿੰਘ ਭਿੰਦਾ ਪ੍ਰੈਸ ਸਕੱਤਰ, ਮਨਮੋਹਨ ਸਿੰਘ ਨਿੱਜਰ ਹਲਕਾ ਪ੍ਰਧਾਨ ਕਰਤਾਰਪੁਰ, ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਕੈਂਟ, ਹਰ ਕਮਲ ਸਿੰਘ ਮੁੱਧ ਲੰਬੜਦਾਰ ਯੂਨੀਅਨ ਪ੍ਰਧਾਨ, ਸੁਰਿੰਦਰ ਸਿੰਘ ਸ਼ਿੰਦਾ ਹੁਸੈਨਪੁਰ, ਸ਼ਮਿੰਦਰ ਸਿੰਘ ਮੀਰਾਪੁਰ, ਸਤਵੰਤ ਸਿੰਘ ਕੋਟਲਾ ਸੀਨੀਅਰ ਮੀਤ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਯੂਨੀਅਨ ਦੇ ਆਗੂ ਅਤੇ ਸਿੱਖ ਸੰਗਤਾਂ ਹਾਜ਼ਰ ਸਨ। ਪ੍ਰਧਾਨ ਸਿੰਘਪੁਰ ਦੋਨਾ ਨੇ ਕਿਹਾ ਕਿ ਧਰਨੇ ਦੌਰਾਨ ਐਮਰਜੈਂਸੀ ਸੇਵਾਵਾਂ ਐਂਬੂਲੈਂਸ, ਵਿਦਿਆਰਥੀਆਂ ਨੂੰ ਨਹੀਂ ਰੋਕਿਆ ਜਾਵੇਗਾ। ਇਸ ਮੌਕੇ ਪ੍ਰਤਾਪਰਾ ਅਤੇ ਲਾਂਬੜਾ ਬਾਜ਼ਾਰ ਵਿੱਚ ਲੋਕ ਸੇਵਾਵਾਂ ਲਈ ਮੈਡੀਕਲ ਦੀਆਂ ਦੁਕਾਨਾਂ ਅਤੇ ਦੁੱਧ ਦਹੀਂ ਦੇ ਉਤਪਾਦਨਾ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਸਨ। ਧਰਨੇ ਦੌਰਾਨ ਆਵਾਜਾਈ ਠੱਪ ਹੋਣ ਕਾਰਨ ਬੱਸਾਂ ਅਤੇ ਟਰੱਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ।
ਪੰਜਾਬ ਬੰਦ ਦੇ ਸੱਦੇ ਤਹਿਤ ਰੂਪਨਗਰ ਵਿਖੇ ਮੋਰਚੇ ਦੇ ਆਗੂਆਂ ਤੇ ਹੋਰ ਜਥੇਬੰਦੀਆਂ ਵੱਲੋਂ ਸ਼ਹਿਰ 'ਚ ਰੋਸ ਮਾਰਚ ਕੱਢਿਆ
ਲਖਬੀਰ ਖਾਬੜਾ, ਰੂਪਨਗਰ: ਕੌਮੀ ਇਨਸਾਫ ਮੋਰਚਾ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਰੂਪਨਗਰ ਵਿਖੇ ਮੋਰਚੇ ਦੇ ਆਗੂਆਂ ਤੇ ਹੋਰ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਜਿਸ ਦਾ ਸ਼ਹਿਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਪੂਰਨ ਸਮਰਥਨ ਦਿੱਤਾ। ਮੋਰਚੇ ਦੇ ਆਗੂ ਜਰਨੈਲ ਸਿੰਘ ਮਦਰੋੜ ਬਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ਵਿੱਚ ਨਗਰ ਕੌਂਸਲ ਚੌਂਕ ਤੋਂ ਲੈ ਕੇ ਸਥਾਨਕ ਬੇਲਾ ਚੌਂਕ ਤੱਕ ਰੋਸ ਮਾਰਚ ਕੱਢਣ ਉਪਰੰਤ ਨੈਸ਼ਨਲ ਹਾਈਵੇ ਚੰਡੀਗੜ੍ਹ ਮਨਾਲੀ ਉੱਤੇ ਪੁਲਿਸ ਲਾਈਨ ਦੇ ਸਾਹਮਣੇ ਰੋਸ ਮੁਜ਼ਾਰਾ ਕਰਕੇ ਜਾਮ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਧਰਨੇ ਵਿੱਚ ਵੱਖ-ਵੱਖ ਜਥੇਬੰਦੀਆਂ ਦੀ ਆਗੂ ਤੇ ਮੈਂਬਰ ਸ਼ਮੂਲੀਅਤ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਬੰਦੀ ਸਿੰਘਾਂ ਲਈ ਵੱਖਰਾ ਕਾਨੂੰਨ ਕਿਉਂ ਹੈ ਜਦਕਿ ਬੜੇ ਗੰਭੀਰ ਦੋਸ਼ਾਂ ਵਾਲੇ ਦੋਸ਼ੀਆਂ ਨੂੰ ਪੈਰੋਲਾਂ ਦਿੱਤੀਆਂ ਜਾ ਰਹੀਆਂ । ਉਹਨਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਮਾਤਾ ਬਜ਼ੁਰਗ ਹੈ ਅਤੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ ਉਹਨਾਂ ਨੂੰ ਮਿਲਣ ਲਈ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇੱਕ ਦਿਨ ਦੀ ਪਰੋਲ ਦੇਣ ਦੀ ਗੱਲ ਕਰ ਰਹੀ ਹੈ ਜੋ ਕਿ ਗਲਤ ਹੈ।
ਸ੍ਰੀ ਮੁਕਤਸਰ ਸਾਹਿਬ ਵਿਖੇ ਬੰਦ ਨੂੰ ਭਰਵਾਂ ਹੁੰਗਾਰਾ, ਬੱਸਾਂ ਬੰਦ ਤੇ ਸਕੂਲ ਵੀ ਨਹੀਂ ਖੁੱਲ੍ਹੇ
ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਨੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਜਿਸ ਤਹਿਤ ਸ੍ਰੀ ਮੁਕਤਸਰ ਸਾਹਿਬ ਮੁਕੰਮਲ ਤੌਰ 'ਤੇ ਬੰਦ ਰਿਹਾ। ਜਦਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਮੇਤ ਮੈਡੀਕਲ ਖੁੱਲ੍ਹੇ ਹਨ। ਬੱਸ ਸਟੈਂਡ 'ਚੋ ਪ੍ਰਾਈਵੇਟ ਬੱਸਾਂ ਕਿਸੇ ਵੀ ਰੂਟ 'ਤੇ ਰਵਾਨਾ ਨਹੀਂ ਹੋਈਆਂ। ਇਸ ਦੌਰਾਨ ਸਕੂਲ, ਕਾਲਜ, ਬਾਜ਼ਾਰ, ਵਪਾਰਕ ਅਦਾਰੇ ਅਤੇ ਹਾਈਵੇਅ ‘ਤੇ ਆਵਾਜਾਈ ਬੰਦ ਰਹੀ ਜਦਕਿ ਐਂਬੂਲੈਂਸ, ਹਸਪਤਾਲ ਤੇ ਫਾਇਰ ਬ੍ਰਿਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਜਾਰੀ ਹਨ। ਸ਼ਹਿਰ ਦੇ ਬਾਜ਼ਾਰਾਂ ਵਿੱਚ ਇੱਕ ਵਾਰ ਸੁੰਨਸਾਨ ਦਾ ਮਾਹੌਲ ਬਣਿਆ ਹੋਇਆ ਹੈ। ਬੱਸ ਸਟੈਂਡ ਵੀ ਸਵਾਰੀਆਂ ਤੋਂ ਸਖਣਾ ਨਜ਼ਰ ਆਇਆ ਬੰਦ ਦੀ ਕਾਲ ਦੌਰਾਨ ਬੱਸ ਸਟੈਂਡ ਤੇ ਇੱਕਾ ਦੁੱਕਾ ਸਵਾਰੀਆਂ ਦੇਖਣ ਨੂੰ ਮਿਲੀਆਂ। ਸੜਕੀ ਆਵਾਜਾਈ ਬੰਦ ਦੌਰਾਨ ਰੇਲ ਆਵਾਜਾਈ ਚਲ ਰਹੀ ਹੈ। ਉਧਰ ਸ਼ਹਿਰ ਵਿਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੁਖਤਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕੇ। ਕੌਮੀ ਇਨਸਾਫ ਮੋਰਚਾ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਸਮੇਤ ਲੰਬੇ ਸਮੇਂ ਤੋਂ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਇਸ ਲਈ ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ।
ਕੌਮੀ ਇਨਸਾਫ਼ ਮੋਰਚੇ ਦੀ ਬੰਦ ਦੀ ਕਾਲ ਦਾ ਮੋਗਾ 'ਚ ਭਰਵਾਂ ਸਮਰਥਨ, ਸ਼ਹਿਰ ਤੋਂ ਇਲਾਵਾ ਪਿੰਡਾਂ 'ਚ ਵੀ ਲੋਕਾਂ ਨੇ ਬੰਦ ਰੱਖੀਆਂ ਦੁਕਾਨਾਂ
ਅੱਜ ਕੌਮੀ ਇਨਸਾਫ਼ ਮੋਰਚਾ ਵੱਲੋਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਪੰਜਾਬ ਮੁਕੰਮਲ ਬੰਦ ਦੀ ਦਿੱਤੀ ਕਾਲ ਦੌਰਾਨ ਸਵੇਰੇ-ਸਵੇਰੇ ਜ਼ਿਲ੍ਹੇ ਭਰ 'ਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਸਵੇਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੀ ਸਫ਼ਾਈ ਕਰਨ ਤੱਕ ਨਹੀਂ ਪਹੁੰਚੇ।
ਭਾਰੀ ਮੀਂਹ ਦੀ ਦਸਤਕ
ਮੋਗਾ ਜ਼ਿਲ੍ਹੇ ਵਿਚ ਸਵੇਰੇ ਸ਼ੁਰੂ ਹੋਇਆ ਭਾਰੀ ਮੀਂਹ ਵੀ ਸਮੱਸਿਆ ਦਾ ਕਾਰਨ ਬਣਿਆ, ਭਾਵੇਂ ਕਿ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਈ ਪਰ ਇਸ ਮੀਂਹ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ।
ਪਿੰਡਾਂ ਵਿਚ ਬੰਦ ਦਾ ਅਸਰ
ਸ਼ਹਿਰਾਂ ਕਸਬਿਆਂ ਤੋਂ ਇਲਾਵਾ ਪਿੰਡਾਂ ਵਿਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਸਵੇਰੇ ਗੁਰੂ ਘਰਾਂ ਵਿਚ ਹੋਈ ਅਨਾਊਂਸਮੈਂਟ ਨਾਲ ਪਿੰਡਾਂ ਵਿਚ ਵੀ ਛੋਟੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ।
ਮੋਗਾ ਬਰਨਾਲਾ ਨੈਸ਼ਨਲ ਹਾਈਵੇ ਜਾਮ
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬੇਅੰਤ ਸਿੰਘ ਮੱਲੇਆਣਾ ਨੇ ਦੱਸਿਆ ਕਿ ਕੌਮੀ ਇਨਸਾਫ਼ ਮੋਰਚਾ ਵੱਲੋਂ ਪੰਜਾਬ ਬੰਦ ਦੀ ਦਿੱਤੀ ਕਾਲ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਮੋਗਾ ਬਰਨਾਲਾ ਨੈਸ਼ਨਲ ਹਾਈਵੇ 'ਤੇ ਸ਼ਾਂਤਮਈ ਤਰੀਕੇ ਨਾਲ ਧਰਨੇ ਦੌਰਾਨ ਹਾਈਵੇ ਜਾਮ ਕੀਤਾ ਜਾਵੇਗਾ।
ਪੰਜਾਬ ਬੰਦ ਦੇ ਸੱਦੇ ਦੌਰਾਨ ਲੁਧਿਆਣਾ 'ਚ ਸਕੂਲ ਆਮ ਦਿਨਾਂ ਵਾਂਗ ਖੁੱਲ੍ਹੇ
ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਪੰਜਾਬ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ, ਪਰ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਨਿੱਜੀ ਸਕੂਲ ਆਮ ਦਿਨਾਂ ਵਾਂਗ ਖੁੱਲ੍ਹੇ ਨਜ਼ਰ ਆਏ, ਪਰ ਕਈ ਸਕੂਲਾਂ ਵਿੱਚ ਛੁੱਟੀ ਵੀ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਸਕੂਲਾਂ ਵਿੱਚ ਛੁੱਟੀ ਨਹੀਂ ਕੀਤੀ ਗਈ, ਉਹਨਾਂ ਸਕੂਲਾਂ ਵਿੱਚ ਦੁਪਹਿਰ ਦੀ ਛੁੱਟੀ 2 ਵਜੇ ਤੋਂ ਬਾਅਦ ਕਰਨ ਦਾ ਫੈਸਲਾ ਲਿਆ ਗਿਆ ਹੈ, ਤਾਂ ਜੋ ਉਦੋਂ ਤੱਕ ਬੰਦ ਦਾ ਸੱਦਾ ਸਮਾਪਤ ਹੋ ਜਾਵੇ।
ਜਦ ਕਿ ਹਾਲੇ ਸਵੇਰ ਦਾ ਸਮਾਂ ਹੋਣ ਕਰਕੇ ਦੁਕਾਨਾਂ ਬੰਦ ਪਈਆਂ ਹਨ ਅਤੇ ਸੜਕਾਂ ਤੇ ਵੀ ਆਵਾਜਾਈ ਆਮ ਦਿਨਾਂ ਨਾਲੋਂ ਘੱਟ ਨਜ਼ਰ ਆ ਰਹੀ ਹੈ। ਥੋੜ੍ਹੇ ਸਮੇਂ ਬਾਅਦ ਇਹ ਪਤਾ ਲੱਗੇਗਾ ਕਿ ਦੁਕਾਨਦਾਰਾਂ ਵੱਲੋਂ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ ਜਾਂ ਨਹੀਂ ਦਿੱਤਾ ਗਿਆ।
ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਬਾਰਡਰ ਏਰੀਏ ਦੇ ਪ੍ਰਮੁੱਖ ਖਰੀਦ ਕੇਂਦਰ ਇਤਿਹਾਸਿਕ ਕਸਬਾ ਕਲਾਨੌਰ ਅਤੇ ਵਡਾਲਾ ਬਾਂਗਰ ਵਿੱਚ ਬੰਦ ਪਏ ਬਾਜ਼ਾਰ
ਕਲਾਨੌਰ ਵਿਖੇ ਬੰਦ ਲਾਹੌਰੀ ਬਾਜ਼ਾਰ
ਬਟਾਲਾ ਰੇਲਵੇ ਸਟੇਸ਼ਨ 'ਤੇ ਭਾਰੀ ਪੁਲਿਸ ਫੋਰਸ ਤੈਨਾਤ, ਬੱਸਾਂ ਦਾ ਚੱਕਾ ਵੀ ਜਾਮ
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅਸਰ ਬਟਾਲਾ 'ਚ ਵੀ ਦੇਖਣ ਨੂੰ ਮਿਲਿਆ ਹੈ। ਬਟਾਲਾ 'ਚ ਦੁਕਾਨਾਂ ਤੇ ਹੋਰ ਬਾਜ਼ਾਰ ਬੰਦ ਹਨ । ਉਧਰ ਪੰਜਾਬ ਬੰਦ ਦਾ ਅਸਰ ਸੜਕੀ ਆਵਾਜਾਈ ਤੇ ਵੀ ਦੇਖਣ ਨੂੰ ਮਿਲਿਆ ਹੈ ਬੱਸਾਂ ਦਾ ਚੱਕਾ ਪੂਰਨ ਤੌਰ 'ਤੇ ਜਾਮ ਹੈ। ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਲੈ ਕੇ ਬਟਾਲਾ ਪੁਲਿਸ ਵੱਡੀ ਗਿਣਤੀ 'ਚ ਬਟਾਲਾ ਦੇ ਰੇਲਵੇ ਸਟੇਸ਼ਨ 'ਤੇ ਤੈਨਾਤ ਹੈ ਅਤੇ ਐਸਪੀ ਮੈਡਮ ਖੁਸ਼ਬੀਰ ਕੌਰ ਹਾਲਾਤਾਂ 'ਤੇ ਨਿਗਰਾਨੀ ਰੱਖ ਰਹੇ ਹਨ। ਐਸਪੀ ਮੈਡਮ ਖੁਸ਼ਬੀਰ ਕੌਰ ਨੇ ਕਿਹਾ ਕਿ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਹਾਲਾਤਾਂ 'ਤੇ ਪੂਰਨ ਤੌਰ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਬੰਦ ਦੇ ਸੱਦੇ ਤਹਿਤ ਵੱਖ-ਵੱਖ ਥਾਵਾਂ 'ਤੇ ਦੋ ਐਸਪੀ, 9 ਡੀਐਸਪੀਜ਼ ਅਤੇ ਵੱਖ-ਵੱਖ ਥਾਣਿਆਂ ਦੇ ਐਸਐਚਓਜ ਸਮੇਤ ਭਾਰੀ ਪੁਲਿਸ ਫੋਰਸ ਤੈਨਾਤ ਹੈ। ਉਹਨਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
.
ਬਰਨਾਲਾ ਮੁਕੰਮਲ ਬੰਦ, ਆਵਾਜਾਈ ਰਹੇਗੀ ਪ੍ਰਭਾਵਿਤ; ਸਕੂਲਾਂ ਚ ਛੁੱਟੀ ਪਰ ਸਟਾਫ਼ ਨੂੰ ਬੁਲਾਇਆ
ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰਨ ਦੇ ਬਾਵਜੂਦ ਲੰਮੇ ਸਮੇਂ ਤੋਂ ਬੰਦ ਸਿੱਖਾਂ ਦੀ ਰਿਹਾਈ, ਪੈਰੋਲ ਦੇ ਅਧਿਕਾਰ ਅਤੇ 15 ਅਗਸਤ ਨੂੰ ਸ਼ਾਂਤਮਈ ਰੋਸ ਮਾਰਚ ਦੌਰਾਨ ਸੰਗਤ ‘ਤੇ ਹੋਈ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਕੌਮੀ ਇਨਸਾਫ਼ ਮੋਰਚੇ ਨੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ।
ਜਿਸ ਤਹਿਤ ਅੱਜ ਬਰਨਾਲਾ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ। ਇੱਕਾ ਦੁੱਕਾ ਮੈਡੀਕਲ ਦੁਕਾਨਾਂ ਸਿਰਫ ਖੁੱਲ੍ਹੀਆਂ। ਬਰਨਾਲਾ ਬੱਸ ਸਟੈਂਡ ਵਿੱਚ ਅੱਜ ਨਿੱਜੀ ਟਰਾਂਸਪੋਰਟਰਾਂ ਦੀਆਂ ਬੱਸਾਂ ਕਿਸੇ ਵੀ ਰੂਟ 'ਤੇ ਰਵਾਨਾ ਨਹੀਂ ਹੋਈਆਂ ਜਦ ਕਿ ਸਰਕਾਰੀ ਬੱਸਾਂ ਸਵੇਰੇ ਕਰੀਬ 9 ਵਜੇ ਤੱਕ ਸਿਰਫ ਬੱਸ ਅੱਡੇ ਬਰਨਾਲੇ ਤੋਂ ਲੁਧਿਆਣਾ, ਜਲੰਧਰ, ਪਟਿਆਲਾ, ਮਾਨਸਾ ਲਈ ਰਵਾਨਾ ਹੋਈਆਂ। ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ 83 ਸਾਲਾ ਬਜ਼ੁਰਗ ਮਾਂ ਦੀ ਗੰਭੀਰ ਹਾਲਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਮਿਲਣ ਅਤੇ ਉਸ ਨੂੰ ਗਲ਼ੇ ਲਗਾਉਣ ਲਈ ਆਖਰੀ ਸਮੇਂ ਇੰਤਜ਼ਾਰ ਕਰ ਰਹੀ ਹੈ। ਮੋਰਚੇ ਨੇ ਇਸ ਨੂੰ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਨਾਲ ਜੁੜਿਆ ਗੰਭੀਰ ਮੁੱਦਾ ਦੱਸਿਆ।
ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇਹ ਬੰਦ 21 ਅਗਸਤ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ। ਇਸ ਦੌਰਾਨ ਸਕੂਲ, ਕਾਲਜ, ਬਾਜ਼ਾਰ, ਵਪਾਰਕ ਅਦਾਰੇ ਅਤੇ ਹਾਈਵੇਅ ‘ਤੇ ਆਮ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ, ਜਦਕਿ ਐਂਬੂਲੈਂਸ, ਹਸਪਤਾਲ ਤੇ ਫਾਇਰ ਬ੍ਰਿਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ।
ਮੋਰਚੇ ਨੇ ਪੰਜਾਬ ਦੇ ਵਪਾਰ ਮੰਡਲਾਂ, ਟਰਾਂਸਪੋਰਟ ਯੂਨੀਅਨਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਮੁਲਾਜ਼ਮਾਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਤ-ਪਾਤ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਦੁਪਹਿਰ 2 ਵਜੇ ਤੱਕ ਆਪਣੇ ਕੰਮਕਾਜ ਅਤੇ ਵਾਹਨ ਬੰਦ ਰੱਖ ਕੇ ਇਸ ਸੰਘਰਸ਼ ਦਾ ਸਮਰਥਨ ਕੀਤਾ ਹੈ। ਗੌਰ ਹੋਵੇ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪੰਜਾਬ ਦੇ ਰਾਜਪਾਲ ਨੂੰ ਲਿਖਤੀ ਰੂਪ ਵਿੱਚ ਮੰਗ ਰੱਖੀ ਸੀ। ਜ਼ਿਕਰ ਯੋਗ ਹੈ ਕਿ ਕੌਮੀ ਇਨਸਾਫ ਮੋਰਚੇ ਦੇ ਬੰਦੀ ਸਿੰਘਾਂ ਲਈ ਇਸ ਬੰਦ ਦੀ ਕਾਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਸਮਰਥਨ ਦਿੱਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਬੰਦ ਕਾਲ ਦਾ ਸਮਰਥਨ ਦਿੱਤਾ ਗਿਆ ਹੈ।
ਬਰਨਾਲਾ ਬੱਸ ਸਟੈਂਡ 'ਤੇ ਪ੍ਰਾਈਵੇਟ ਬੱਸਾਂ ਅੱਜ ਆਪਣੇ ਆਪਣੇ ਰੂਟਾਂ ਤੇ ਰਵਾਨਾ ਨਹੀਂ ਹੋਈਆਂ। ਉਹ ਬੱਸ ਸਟੈਂਡ ਦੇ ਵਿੱਚ ਹੀ ਖੜ੍ਹੀਆਂ ਹਨ।
ਬੰਦੀ ਸਿੰਘ ਰਿਹਾਈ ਲਈ ਬੰਦ ਦੇ ਸੱਦੇ ਨੂੰ ਜਲੰਧਰ 'ਚ ਭਰਵਾਂ ਸਮਰਥਨ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਸਮਰਥਨ ਵਿੱਚ ਵੱਖ- ਵੱਖ ਜਥੇਬੰਦੀਆਂ ਵਲੋਂ ਜਲੰਧਰ ਸ਼ਹਿਰ ਵਿਚ ਜਨ ਜਾਗਰੂਕਤਾ ਅਤੇ ਅਪੀਲ ਮਾਰਚ ਕੱਢਿਆ ਗਿਆ। ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਹਿਰ ਦੀਆਂ ਸਮੂਹ ਵਪਾਰਕ ਜਥੇਬੰਦੀਆਂ ਵਲੋਂ ਅਪੀਲ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਮੁੱਚੀ ਕੌਮ ਦੀਆਂ ਭਾਵਨਾਵਾਂ ਅਤੇ ਇਨਸਾਫ਼ ਨਾਲ ਜੁੜਿਆ ਹੋਇਆ ਹੈ। ਦੁਕਾਨਦਾਰਾਂ ਵੱਲੋਂ ਦੁਪਹਿਰ 2 ਵਜੇ ਤੱਕ ਆਪਣੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰੱਖਣ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ। ਉਪਰੰਤ ਜਥੇਬੰਦੀਆਂ ਦੇ ਆਗੂ ਜਥੇਦਾਰ ਜਗਜੀਤ ਸਿੰਘ ਗਾਬਾ, ਸੁਖਜੀਤ ਸਿੰਘ ਡਰੋਲੀ, ਗੁਰਬਖਸ਼ ਸਿੰਘ ਜੁਨੇਜਾ, ਕੰਵਲਜੀਤ ਸਿੰਘ ਉਬਰਾਏ, ਮਨਿੰਦਰ ਪਾਲ ਸਿੰਘ ਗੁੰਬਰ, ਹਰਜਿੰਦਰ ਸਿੰਘ ਜਿੰਦਾ, ਚਰਨਜੀਵ ਸਿੰਘ ਲਾਲੀ,ਹਰਜੋਤ ਸਿੰਘ ਲੱਕੀ,ਬਲਦੇਵ ਸਿੰਘ, ਜਤਿੰਦਰ ਪਾਲ ਸਿੰਘ ਮਝੈਲ, ਨਿਹੰਗ ਜਥੇਬੰਦੀਆਂ ਆਦਿ ਵਲੋਂ ਗੁਰੂ ਨਾਨਕ ਮਿਸ਼ਨ ਚੌਂਕ ਵਿਖੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਸ਼ਾਹਕੋਟ 'ਚ ਬੰਦ ਨੂੰ ਭਰਵਾਂ ਹੁੰਗਾਰਾ, ਸਾਰੇ ਬਜ਼ਾਰ ਬੰਦ
ਬੰਦੀ ਸਿੰਘਾਂ ਦੀ ਰਿਹਾਈ ਲਈ ਬਠਿੰਡਾ ਜ਼ਿਲ੍ਹੇ 'ਚ ਸੱਤ ਥਾਵਾਂ ’ਤੇ ਧਰਨੇ, ਸੰਗਤ ਨੇ ਸਤਿਨਾਮ-ਵਾਹਿਗੁਰੂ ਦਾ ਕੀਤਾ ਜਾਪ
ਗੁਰਤੇਜ ਸਿੱਧੂ, ਬਠਿੰਡਾ: ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਵੱਖ-ਵੱਖ ਧਾਰਮਿਕ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹੇ ਅੰਦਰ ਸੱਤ ਥਾਵਾਂ ’ਤੇ ਧਰਨੇ ਸ਼ੁਰੂ ਕਰ ਦਿੱਤੇ ਗਏ ਹਨ। ਬਠਿੰਡਾ ਦੇ ਮੁੱਖ ਬੱਸ ਅੱਡੇ ਦੇ ਸਾਹਮਣੇ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਸਿੱਖ ਸੰਗਤਾਂ ਵੱਲੋਂ ਧਰਨਾ ਲਗਾਇਆ ਗਿਆ। ਇਸ ਦੌਰਾਨ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ।
ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਕੌਮੀ ਇਨਸਾਫ ਮੋਰਚਾ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸਿੱਖ ਸੰਗਤਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਪਣਾ ਸਮਰਥਨ ਜ਼ਾਹਰ ਕੀਤਾ। ਪ੍ਰਾਈਵੇਟ ਟਰਾਂਸਪੋਰਟਰਾਂ ਨੇ ਬੱਸਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੋਇਆ ਜਦੋਂ ਕਿ ਵਿਦਿਅਕ ਅਦਾਰੇ ਵੀ ਬੰਦ ਹਨ।
.jpg)