- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਨਵੇਂ ਭਰਤੀ ਮੁਲਾਜ਼ਮਾਂ 'ਤੇ

-ਨਵੇਂ ਭਰਤੀ ਮੁਲਾਜ਼ਮਾਂ 'ਤੇ 15 ਫ਼ੀਸਦੀ ਤਨਖ਼ਾਹ ਵਾਧਾ ਲਾਗੂ ਕਰਨ ਦਾ ਪੱਤਰ ਜਾਰੀ ਹੋਣ ਮਗਰੋਂ ਹੜਤਾਲ ਖ਼ਤਮ
ਜਾਸ, ਜਲੰਧਰ
ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਕਾਂਟ੍ਰੈਕਟ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਬੁੱਧਵਾਰ ਨੂੰ ਜਲੰਧਰ ਸਮੇਤ ਪੂਰੇ ਪੰਜਾਬ ’ਚ ਕਾਂਟ੍ਰੈਕਟ ਮੁਲਾਜ਼ਮਾਂ ਨੇ ਸੰਕੇਤਕ ਹੜਤਾਲ ਕੀਤੀ। ਸਵੇਰੇ 9 ਵਜੇ ਤੋਂ 11:30 ਵਜੇ ਤੱਕ ਬੱਸਾਂ ਦਾ ਸੰਚਾਲਨ ਰੁਕ ਗਿਆ। ਜਲੰਧਰ ਬੱਸ ਸਟੈਂਡ 'ਤੇ ਯਾਤਰੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਕਈ ਯਾਤਰੀਆਂ ਨੇ ਘੰਟਿਆਂ ਤੱਕ ਇੰਤਜ਼ਾਰ ਕੀਤਾ ਤੇ ਕੁਝ ਨੇ ਮਜਬੂਰੀਵੱਸ ਨਿੱਜੀ ਵਾਹਨਾਂ ਤੇ ਟੈਕਸੀਆਂ ਦਾ ਸਹਾਰਾ ਲਿਆ।
ਹੜਤਾਲ ਦਾ ਕਾਰਨ ਨਵੇਂ ਡੀਸੀ ਰੇਟ ਮੁਤਾਬਕ ਤਨਖ਼ਾਹ ਤੇ 15 ਫ਼ੀਸਦੀ ਤਨਖ਼ਾਹ ਵਾਧਾ ਲਾਗੂ ਨਾ ਹੋਣਾ ਸੀ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਪਨਬਸ ਦੇ 18 ਡੀਪੂ ਪੂਰੀ ਤਰ੍ਹਾਂ ਬੰਦ ਰਹੇ। ਉਨ੍ਹਾਂ ਦਾ ਦੋਸ਼ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਨਿਰਧਾਰਿਤ ਲੇਬਰ ਰੇਟ ਤੋਂ ਵੀ ਘੱਟ ਤਨਖ਼ਾਹ ਮਿਲ ਰਹੀ ਹੈ। ਵਾਰ-ਵਾਰ ਮੈਮੋਰੰਡਮ ਦੇਣ ਦੇ ਬਾਵਜੂਦ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ।
ਮੁਲਾਜ਼ਮਾਂ ਦੀ ਮੰਗ ਹੈ ਕਿ ਨਵੇਂ ਡੀਸੀ ਰੇਟ 'ਤੇ 15 ਫ਼ੀਸਦੀ ਤਨਖ਼ਾਹ ਵਾਧਾ ਤੁਰੰਤ ਲਾਗੂ ਕੀਤਾ ਜਾਵੇ, ਪਿਛਲੇ ਦੋ ਮਹੀਨਿਆਂ ਦਾ ਏਰੀਅਰ ਜਾਰੀ ਕੀਤਾ ਜਾਵੇ ਤੇ ਮੁੱਖ ਦਫ਼ਤਰ ਤੋਂ ਅਧਿਕਾਰਤ ਹੁਕਮ ਜਾਰੀ ਕੀਤੇ ਜਾਣ। ਗਿੱਲ ਅਨੁਸਾਰ, ਤਨਖ਼ਾਹ ਵਾਧਾ ਨਾ ਹੋਣ ਕਾਰਨ ਹਰ ਮੁਲਾਜ਼ਮ ਨੂੰ ਹਰ ਮਹੀਨੇ ਲਗਪਗ 1,800 ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਹੜਤਾਲ ਦੌਰਾਨ ਜਲੰਧਰ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਜ਼ਿਆਦਾਤਰ ਬੱਸਾਂ ਸਮੇਂ 'ਤੇ ਰਵਾਨਾ ਨਹੀਂ ਹੋ ਸਕੀਆਂ। ਵੱਖ-ਵੱਖ ਰੂਟਾਂ 'ਤੇ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ 11:30 ਵਜੇ ਦੇ ਬਾਅਦ ਬੱਸ ਸੇਵਾ ਹੌਲੀ-ਹੌਲੀ ਆਮ ਵਰਗੀ ਹੋਣ ਲੱਗੀ।
ਬਾਅਦ ’ਚ ਹੈੱਡ ਆਫਿਸ ਨੇ ਨਵੇਂ ਭਰਤੀ ਮੁਲਾਜ਼ਮਾਂ 'ਤੇ 15 ਫ਼ੀਸਦੀ ਤਨਖ਼ਾਹ ਵਾਧਾ ਲਾਗੂ ਕਰਨ ਦਾ ਪੱਤਰ ਜਾਰੀ ਕੀਤਾ ਤੇ ਜੋ ਏਰੀਅਰ ਬਣਦਾ ਹੈ ਉਸ ਨੂੰ 10 ਦਿਨਾਂ ਵਿਚ ਦੇਣ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਯੂਨੀਅਨ ਨੇ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਜਲਦੀ ਪੂਰੀ ਨਹੀਂ ਕੀਤੀਆਂ ਗਈਆਂ ਤਾਂ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਵਿਭਾਗ ਦੀ ਹੋਵੇਗੀ।