- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਕਿਸੇ ਵੀ ਅਜਿਹੇ ਢਾਂਚੇ ਨੂੰ ਲਾਗੂ ਕਰਨ ਤੋਂ ਪਹਿਲਾਂ ਪੈਟਰੋਲੀਅਮ ਰਿਟੇਲ ਆਊਟਲੈੱਟਾਂ ਨੂੰ ਯੂਪੀਆਈ, ਐੱਮਡੀਆਰ ਚਾਰਜਿਜ਼ ਤੋਂ ਪੂਰੀ ਤਰ੍ਹਾਂ ਬਾਹਰ ਰੱਖਣ ਲਈ ਤੁਰੰਤ ਆਦੇਸ਼ ਜਾਂ ਐਡਵਾਈਜ਼ਰੀ ਜਾਰੀ ਕੀਤੀ ਜਾਵੇ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਨੇ ਯੂਪੀਆਈ ਲੈਣ-ਦੇਣ ਤੇ ਪ੍ਰਸਤਾਵਿਤ ਮਰਚੈਂਟ ਡਿਸਕਾਊਂਟ ਰੇਟ (ਐੱਮਡੀਆਰ) ਤੇ ਡਿਜੀਟਲ ਟ੍ਰਾਂਸਜੈਕਸ਼ਨ ਚਾਰਜਿਜ਼ ਤੋਂ ਪੈਟਰੋਲੀਅਮ ਰਿਟੇਲ ਸੈਕਟਰ ਨੂੰ ਮੁਕਤ ਰੱਖਣ ਲਈ ਕੇਂਦਰ ਸਰਕਾਰ ਤੇ ਸਰਕਾਰੀ ਤੇਲ ਕੰਪਨੀਆਂ ਨੂੰ ਪੱਤਰ ਲਿਖਿਆ ਹੈ। ਜਾਰੀ ਇਸ ਪੱਤਰ ’ਚ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ 2000 ਰੁਪਏ ਤੋਂ ਵੱਧ ਦੇ ਯੂਪੀਆਈ ਲੈਣ-ਦੇਣ ਤੇ ਐੱਮਡੀਆਰ ਚਾਰਜਿ਼ਜ਼ ਲਾਗੂ ਕੀਤੇ ਜਾਂਦੇ ਹਨ ਤਾਂ ਡੀਲਰਾਂ ਕੋਲ 2000 ਰੁਪਏ ਤੋਂ ਵੱਧ ਦੀ ਰਕਮ ਯੂਪੀਆਈ ਰਾਹੀਂ ਲੈਣਾ ਬੰਦ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਰਹੇਗਾ। ਇਹ ਪੱਤਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ, ਜਨਰਲ ਸਕੱਤਰ ਡਾ. ਮਨਜੀਤ ਸਿੰਘ ਤੇ ਖਜ਼ਾਨਚੀ ਰਣਜੀਤ ਸਿੰਘ ਗਾਂਧੀ ਵੱਲੋਂ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਕੇਂਦਰੀ ਵਿੱਤ ਮੰਤਰੀ ਸਮੇਤ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਦੇ ਚੇਅਰਮੈਨ/ਮੈਨੇਜਿੰਗ ਡਾਇਰੈਕਟਰਾਂ ਨੂੰ ਭੇਜਿਆ ਗਿਆ ਹੈ। ਜਾਰੀ ਪੱਤਰ ’ਚ ਵਿੱਤ ਮੰਤਰਾਲੇ ਵੱਲੋਂ 14 ਸਤੰਬਰ 2026 ਨੂੰ ਜਾਰੀ ਕੀਤੇ ਗਏ ਅਸਾਧਾਰਨ ਗਜ਼ਟ ਨੋਟੀਫਿਕੇਸ਼ਨ ਦਾ ਹਵਾਲਾ ਦਿੱਤਾ ਗਿਆ ਹੈ। ਇਸ ਬਾਰੇ ਐਸੋਸੀਏਸ਼ਨ ਅਨੁਸਾਰ ਪੈਟਰੋਲ ਪੰਪ ਡੀਲਰਾਂ ਦੇ ਮਾਰਜਨ ਪਹਿਲਾਂ ਹੀ ਬਹੁਤ ਘੱਟ ਹਨ ਅਤੇ ਉਹ ਮੌਜੂਦਾ ਸੰਚਾਲਨ ਖਰਚਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਘੱਟ ਮਾਰਜਨ ਕਾਰਨ ਡੀਲਰ 2000 ਰੁਪਏ ਤੋਂ ਵੱਧ ਦੇ ਟ੍ਰਾਂਸਜੈਕਸ਼ਨਾਂ ਤੇ ਪ੍ਰਸਤਾਵਿਤ ਐੱਮਡੀਆਰ ਚਾਰਜਿਜ਼ ਦਾ ਵਾਧੂ ਬੋਝ ਬਰਦਾਸ਼ਤ ਕਰਨ ਦੀ ਸਥਿਤੀ ’ਚ ਨਹੀਂ ਹਨ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਕਿਸੇ ਵੀ ਅਜਿਹੇ ਢਾਂਚੇ ਨੂੰ ਲਾਗੂ ਕਰਨ ਤੋਂ ਪਹਿਲਾਂ ਪੈਟਰੋਲੀਅਮ ਰਿਟੇਲ ਆਊਟਲੈੱਟਾਂ ਨੂੰ ਯੂਪੀਆਈ, ਐੱਮਡੀਆਰ ਚਾਰਜਿਜ਼ ਤੋਂ ਪੂਰੀ ਤਰ੍ਹਾਂ ਬਾਹਰ ਰੱਖਣ ਲਈ ਤੁਰੰਤ ਆਦੇਸ਼ ਜਾਂ ਐਡਵਾਈਜ਼ਰੀ ਜਾਰੀ ਕੀਤੀ ਜਾਵੇ। ਇਸ ਦੇ ਨਾਲ ਹੀ ਅਲਟੀਮੇਟਮ ਦਿੰਦਿਆਂ ਐਸੋਸੀਏਸ਼ਨ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਪੈਟਰੋਲ ਪੰਪਾਂ ਨੂੰ ਇਸ ਤੋਂ ਛੋਟ ਨਹੀਂ ਦਿੱਤੀ ਜਾਂਦੀ ਤਾਂ ਡੀਲਰ ਯੂਪੀਆਈ ਰਾਹੀਂ 2000 ਰੁਪਏ ਤੋਂ ਵੱਧ ਦਾ ਭੁਗਤਾਨ ਸਵੀਕਾਰ ਕਰਨਾ ਬੰਦ ਕਰ ਦੇਣਗੇ।