ਬਿਜਲੀ ਬੰਦ ਰਹਿਣ ਨਾਲ ਸਿਵਲ ਹਸਪਤਾਲ ’ਚ ਸੇਵਾਵਾਂ ਪ੍ਰਭਾਵਿਤ
ਸਿਵਲ ਹਸਪਤਾਲ ’ਚ ਬਿਜਲੀ ਗੁੱਲ, ਸੇਵਾਵਾਂ ਪ੍ਰਭਾਵਿਤ, ਲੋਕ ਪਰੇਸ਼ਾਨ
Publish Date: Thu, 25 Jun 2026 08:59 PM (IST)
Updated Date: Thu, 25 Jun 2026 09:01 PM (IST)

-ਕੇਬਲ ਮੁਰੰਮਤ ਦਾ ਕੰਮ ਜਾਰੀ, ਦੇਰ ਰਾਤ ਤੱਕ ਠੀਕ ਹੋਣ ਦੀ ਸੰਭਾਵਨਾ -ਪੂਰਾ ਦਿਨ ਏਸੀ ਬੰਦ ਰਹੇ, ਹੁਮਸ ਤੇ ਗਰਮੀ ’ਚ ਮੁਲਾਜ਼ਮ ਹੋਏ ਪਸੀਨੇ ’ਚ ਤਰ -ਕੰਪਿਊਟਰ ਬੰਦ ਰਹਿਣ ਕਾਰਨ ਲੋਕ ਵੀ ਹੋਏ ਖੱਜਲ-ਖੁਆਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਵਲ ਹਸਪਤਾਲ ’ਚ ਵੀਰਵਾਰ ਨੂੰ ਵੀ ਬਿਜਲੀ ਗੁੱਲ ਰਹਿਣ ਕਾਰਨ ਸੇਵਾਵਾਂ ਪ੍ਰਭਾਵਿਤ ਰਹੀਆਂ। ਮੁਲਾਜ਼ਮ ਪੂਰਾ ਦਿਨ ਗਰਮੀ ਤੇ ਹੁਮਸ ਨਾਲ ਜੂਝਦੇ ਰਹੇ ਅਤੇ ਲੋਕਾਂ ਨੂੰ ਵੀ ਕਈ ਸੇਵਾਵਾਂ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ। ਹਾਲਾਂਕਿ ਬਿਜਲੀ ਦੀ ਕੇਬਲ ਠੀਕ ਕਰਨ ਦਾ ਕੰਮ ਜਾਰੀ ਹੈ ਤੇ ਦੇਰ ਰਾਤ ਤੱਕ ਸਪਲਾਈ ਬਹਾਲ ਹੋਣ ਦੀ ਸੰਭਾਵਨਾ ਹੈ। ਸਿਵਲ ਹਸਪਤਾਲ ’ਚ ਸੀਵਰੇਜ ਪਾਈਪ ਪਾਉਣ ਲਈ ਜੇਸੀਬੀ ਨਾਲ ਖੁਦਾਈ ਦੌਰਾਨ ਬਿਜਲੀ ਸਪਲਾਈ ਦੀ ਮੁੱਖ ਕੇਬਲ ਕੱਟ ਜਾਣ ਕਾਰਨ ਦੂਜੇ ਦਿਨ ਵੀ ਬਿਜਲੀ ਬੰਦ ਰਹੀ। ਗਰਮੀ ਤੇ ਹੁਮਸ ਭਰੇ ਮੌਸਮ ਵਿੱਚ ਏਸੀ ਬੰਦ ਰਹੇ, ਜਿਸ ਕਾਰਨ ਸਟਾਫ਼ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਦੀ ਪ੍ਰਸ਼ਾਸਕੀ ਇਮਾਰਤ ਵਿੱਚ ਐੱਮਐੱਸ ਦਫ਼ਤਰ ਅਤੇ ਡੀਐੱਮਸੀ ਦਫ਼ਤਰ ਵਿੱਚ ਬਿਜਲੀ ਨਾ ਹੋਣ ਕਾਰਨ ਕੰਪਿਊਟਰ ਬੰਦ ਰਹੇ ਤੇ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਦੌਰਾਨ ਮੈਡੀਕਲ ਕਰਵਾਉਣ ਆਏ ਦਿਵਿਆਂਗ ਵਿਅਕਤੀਆਂ, ਅਸਲਾ ਮੈਡੀਕਲ, ਸਿਹਤ ਕੇਂਦਰਾਂ ਤੋਂ ਆਉਣ ਵਾਲੀਆਂ ਰਿਪੋਰਟਾਂ ਅਤੇ ਵਿਭਾਗੀ ਪੱਤਰਚਾਰ ਵੀ ਪ੍ਰਭਾਵਿਤ ਰਹੀ। ਯੂਡੀਆਈਡੀ ਸਰਟੀਫਿਕੇਟ ਨਾ ਬਣ ਸਕਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਫਿਜ਼ਿਓਥੈਰਪੀ ਸੈਂਟਰ ਦੀਆਂ ਸੇਵਾਵਾਂ ਮੁੜ ਸ਼ੁਰੂ ਹੋਣ ਨਾਲ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ। ਐੱਮਐੱਸ ਦਫ਼ਤਰ ਵਿੱਚ ਸਾਰਾ ਦਿਨ ਹਨੇਰਾ ਛਾਇਆ ਰਿਹਾ ਅਤੇ ਕੰਮਕਾਜ ਠੱਪ ਹੋਣ ਕਾਰਨ ਕਰਮਚਾਰੀ ਵੀ ਇਧਰ-ਉਧਰ ਟਹਿਲਦੇ ਨਜ਼ਰ ਆਏ। ਹਸਪਤਾਲ ਦੇ ਜ਼ਿਆਦਾਤਰ ਵਿਭਾਗਾਂ ਵਿੱਚ ਦੂਜੇ ਦਿਨ ਵੀ ਏਸੀ ਬੰਦ ਰਹਿਣ ਕਾਰਨ ਮੁਲਾਜ਼ਮ ਗਰਮੀ ਕਾਰਨ ਪਰੇਸ਼ਾਨ ਰਹੇ। ਸਿਵਲ ਹਸਪਤਾਲ ਦੇ ਐਮਰਜੈਂਸੀ ਦਾਖਲਾ ਦਰਵਾਜ਼ੇ ਨੇੜੇ ਖੁਦਾਈ ਦੌਰਾਨ ਜੇਸੀਬੀ ਮਸ਼ੀਨ ਨਾਲ ਹਸਪਤਾਲ ਦੀ ਮੁੱਖ ਬਿਜਲੀ ਸਪਲਾਈ ਕੇਬਲ ਕੱਟ ਗਈ ਸੀ। ਇਸ ਦੇ ਨਾਲ ਹੀ ਹਸਪਤਾਲ ਦੀ ਪਹਿਲੀ ਮੰਜ਼ਿਲ ਤੇ ਬਿਜਲੀ ਸਪਲਾਈ ਵਾਲੀ ਤਾਰ ਵੀ ਸੜ ਗਈ, ਜਿਸ ਕਾਰਨ ਸਪਲਾਈ ਬੰਦ ਹੋ ਗਈ। ਹਸਪਤਾਲ ਦੀ ਮੁੱਖ ਇਮਾਰਤ ਦੇ ਵਾਰਡਾਂ, ਐੱਮਐੱਸ ਦਫ਼ਤਰ, ਐਮਰਜੈਂਸੀ ਅਤੇ ਕੰਪਿਊਟਰ ਸੈਕਸ਼ਨ ਵਿੱਚ ਸਿਰਫ਼ ਲਾਈਟਾਂ ਅਤੇ ਪੱਖੇ ਹੀ ਚੱਲਦੇ ਰਹੇ। ਏਸੀ ਬੰਦ ਰਹਿਣ ਕਾਰਨ ਸਟਾਫ਼ ਅਤੇ ਅਧਿਕਾਰੀਆਂ ਨੂੰ ਗਰਮੀ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਕੇਬਲ ਕੱਟਣ ਦਾ ਅਸਰ ਜੱਚਾ-ਬੱਚਾ ਕੇਂਦਰ, ਐਕਸ-ਰੇ ਵਿਭਾਗ, ਬਲੱਡ ਬੈਂਕ, ਲੈਬ, ਨਸ਼ਾ ਛੁਡਾਓ ਕੇਂਦਰ, ਡੀਐੱਨਬੀ ਅਤੇ ਸਿਵਲ ਸਰਜਨ ਦਫ਼ਤਰ ਤੇ ਨਹੀਂ ਪਿਆ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਦੱਸਿਆ ਕਿ ਸੀਵਰ ਪਾਈਪ ਪਾਉਣ ਲਈ ਖੁਦਾਈ ਦੌਰਾਨ ਜੇਸੀਬੀ ਮਸ਼ੀਨ ਨਾਲ ਮੁੱਖ ਬਿਜਲੀ ਕੇਬਲ ਕੱਟ ਜਾਣ ਕਾਰਨ ਹਸਪਤਾਲ ਦੇ ਕੁਝ ਹਿੱਸਿਆਂ ’ਚ ਬਿਜਲੀ ਸਪਲਾਈ ਬੰਦ ਹੋ ਗਈ ਸੀ। ਕੇਬਲ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਹੁਣ ਪਹਿਲੀ ਮੰਜ਼ਿਲ ਤੇ ਸੜੀ ਹੋਈ ਕੇਬਲ ਦੀ ਥਾਂ ਨਵੀਂ ਕੇਬਲ ਪਾਉਣ ਦਾ ਕੰਮ ਜਾਰੀ ਹੈ।