ਪੰਜਾਬ 'ਚ ਬਿਜਲੀ ਸੰਕਟ: ਜਲੰਧਰ 'ਚ ਦੋ ਦਿਨਾਂ ਤੋਂ ਬੱਤੀ ਗੁੱਲ ਹੋਣ 'ਤੇ ਭੜਕੇ ਪਿੰਡ ਵਾਸੀ, ਹਾਈਵੇਅ ਜਾਮ ਕਰਕੇ ਪਾਵਰਕੌਮ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ
ਜਲੰਧਰ-ਫਿਰੋਜ਼ਪੁਰ ਰਾਸ਼ਟਰੀ ਮਾਰਗ 'ਤੇ ਸਥਿਤ ਪਾਵਰਕੌਮ ਦੇ ਗਰਿੱਡ ਦੇ ਸਾਹਮਣੇ ਬਿਜਲੀ ਕਟੌਤੀ ਤੋਂ ਪਰੇਸ਼ਾਨ ਨੇੜਲੇ ਪਿੰਡ ਫੂਲ ਘੁੱਦੂਵਾਲ, ਨਵਾਂ ਪਿੰਡ ਦੋਨੇਵਾਲ ਅਤੇ ਟੁਰਨਾ ਆਦਿ ਦੇ ਲੋਕਾਂ ਨੇ ਪਾਵਰਕੌਮ ਖ਼ਿਲਾਫ਼ ਸੜਕ 'ਤੇ ਉਤਰ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਧਰਨੇ ਕਾਰਨ ਹਾਈਵੇਅ ਦੇ ਦੋਵਾਂ ਪਾਸਿਆਂ 'ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Publish Date: Sat, 20 Jun 2026 12:38 PM (IST)
Updated Date: Sat, 20 Jun 2026 12:40 PM (IST)

ਜਾਗਰਣ ਸੰਵਾਦਦਾਤਾ, ਲੁਧਿਆਣਾ/ਜਲੰਧਰ - ਜਲੰਧਰ-ਫਿਰੋਜ਼ਪੁਰ ਰਾਸ਼ਟਰੀ ਮਾਰਗ 'ਤੇ ਸਥਿਤ ਪਾਵਰਕੌਮ ਦੇ ਗਰਿੱਡ ਦੇ ਸਾਹਮਣੇ ਬਿਜਲੀ ਕਟੌਤੀ ਤੋਂ ਪਰੇਸ਼ਾਨ ਨੇੜਲੇ ਪਿੰਡ ਫੂਲ ਘੁੱਦੂਵਾਲ, ਨਵਾਂ ਪਿੰਡ ਦੋਨੇਵਾਲ ਅਤੇ ਟੁਰਨਾ ਆਦਿ ਦੇ ਲੋਕਾਂ ਨੇ ਪਾਵਰਕੌਮ ਖ਼ਿਲਾਫ਼ ਸੜਕ 'ਤੇ ਉਤਰ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਧਰਨੇ ਕਾਰਨ ਹਾਈਵੇਅ ਦੇ ਦੋਵਾਂ ਪਾਸਿਆਂ 'ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡਾਂ 'ਚ ਪਿਛਲੇ ਦੋ ਦਿਨਾਂ ਤੋਂ ਬਿਜਲੀ ਪੂਰੀ ਤਰ੍ਹਾਂ ਬੰਦ ਹੈ, ਜਿਸ ਕਾਰਨ ਇਸ ਭਿਆਨਕ ਗਰਮੀ 'ਚ ਜਿਉਣਾ ਮੁਹਾਲ ਹੋ ਗਿਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਜਦੋਂ ਉਹ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਤਾਂ ਪਾਵਰਕੌਮ ਦੇ ਕਰਮਚਾਰੀ ਅਤੇ ਅਧਿਕਾਰੀ ਇੱਕ-ਇੱਕ ਕਰਕੇ ਦਫ਼ਤਰ 'ਚੋਂ ਖਿਸਕ ਗਏ। ਕੁਝ ਪ੍ਰਦਰਸ਼ਨਕਾਰੀਆਂ ਨੇ ਗਰਿੱਡ ਦੇ ਅੰਦਰ ਜਾ ਕੇ ਉੱਥੇ ਮੌਜੂਦ ਕਰਮਚਾਰੀਆਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਨੇੜਲੇ ਪਿੰਡਾਂ ਫੱਤੂਵਾਲ ਅਤੇ ਸ਼ਾਹਜਹਾਂਪੁਰ 'ਚ ਵੀ ਬਿਜਲੀ ਬੰਦ ਸੀ। ਕਰਮਚਾਰੀਆਂ ਨੇ ਉਸ ਖ਼ਰਾਬੀ ਨੂੰ ਠੀਕ ਕਰ ਦਿੱਤਾ ਹੈ ਅਤੇ ਹੁਣ ਜਲਦੀ ਹੀ ਬਿਜਲੀ ਬਹਾਲ ਕਰ ਦਿੱਤੀ ਜਾਵੇਗੀ।
SHO ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸਮਝਾਇਆ
ਧਰਨੇ ਦੀ ਸੂਚਨਾ ਮਿਲਦੇ ਹੀ ਸਥਾਨਕ ਥਾਣੇ ਦੇ ਐੱਸ.ਐੱਚ.ਓ. ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸੜਕ ਦੇ ਦੋਵਾਂ ਪਾਸਿਆਂ 'ਤੇ ਜਾਮ ਲੱਗਣ ਕਾਰਨ ਆਮ ਲੋਕਾਂ ਨੂੰ ਦਿੱਕਤ ਆ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਾਵਰਕੌਮ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ, ਪਰ ਧਰਨਾਕਾਰੀ ਪਹਿਲਾਂ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਨ ਦੀ ਮੰਗ 'ਤੇ ਅੜੇ ਰਹੇ।
ਦੱਸ ਦਈਏ ਕਿ ਇਸ ਮੌਕੇ ਨਿਰਵੈਰ ਸਿੰਘ ਬੱਗੂ, ਬਲਵਿੰਦਰ ਸਿੰਘ ਮਾਹਲ, ਹਰਗੁਣ ਸਿੰਘ ਮਾਹਲ, ਸਰਵਣ ਸਿੰਘ ਚੰਦੀ, ਸੁਖਵਿੰਦਰ ਸਿੰਘ ਸੁੱਖ, ਕਰਨੈਲ ਸਿੰਘ ਚੰਦੀ, ਸਰਵਣ ਸਿੰਘ, ਚਰਨਜੀਤ ਚੰਨੀ ਨਾਹਰ, ਬਲਦੇਵ ਸਿੰਘ ਚੰਦੀ, ਸੁਖਦੇਵ ਸਿੰਘ ਪੱਪੂ, ਗੁਰਮੁਖ ਸਿੰਘ, ਜਸਪਾਲ ਸਿੰਘ ਫੂਲ ਵਾਲੇ, ਕਾਲਾ ਫੂਲ ਵਾਲੇ ਅਤੇ ਗੁਰਮੁਖ ਸਿੰਘ ਬਾਬਾ ਨਵਾਂ ਪਿੰਡ ਦੋਨੇਵਾਲ ਆਦਿ ਹਾਜ਼ਰ ਸਨ।
ਬਿਜਲੀ ਦੇ ਮੀਟਰਾਂ 'ਚੋਂ ਤਾਰਾਂ ਚੋਰੀ
ਲੁਧਿਆਣਾ ਦੇ ਸ੍ਰੀ ਗੁਰੂ ਅਰਜਨ ਦੇਵ ਨਗਰ (ਤਾਜਪੁਰ ਰੋਡ ਗਲੀ) 'ਚ ਚੋਰਾਂ ਦੇ ਇੱਕ ਗਿਰੋਹ ਨੇ ਬਿਜਲੀ ਦੇ ਬਕਸੇ 'ਚ ਲੱਗੇ ਮੀਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਲਈਆਂ। ਇਸ ਕਾਰਨ ਪੂਰੇ ਮੁਹੱਲੇ ਦੀ ਬਿਜਲੀ ਗੁੱਲ ਹੋ ਗਈ। ਜਦੋਂ ਕਾਫੀ ਸਮਾਂ ਬਿਜਲੀ ਨਹੀਂ ਆਈ ਤਾਂ ਲੋਕਾਂ ਨੇ ਬਿਜਲੀ ਦਫ਼ਤਰ 'ਚ ਸ਼ਿਕਾਇਤ ਦਰਜ ਕਰਵਾਈ। ਉੱਥੋਂ ਪਤਾ ਲੱਗਿਆ ਕਿ ਪਿੱਛੋਂ ਕੋਈ ਪਾਵਰ ਕੱਟ ਨਹੀਂ ਹੈ। ਜਦੋਂ ਮੁਹੱਲਾ ਨਿਵਾਸੀਆਂ ਨੇ ਮੀਟਰ ਚੈੱਕ ਕਰਨ ਲਈ ਬਕਸਾ ਖੋਲ੍ਹਿਆ ਤਾਂ ਦੇਖਿਆ ਕਿ ਸਾਰੇ ਮੀਟਰਾਂ ਦੀਆਂ ਕੀਮਤੀ ਤਾਰਾਂ ਗਾਇਬ ਸਨ। ਇਸ ਚੋਰੀ ਕਾਰਨ ਮੁਹੱਲੇ ਦੇ ਲੋਕਾਂ ਨੂੰ ਪੂਰੀ ਰਾਤ ਬਿਨਾਂ ਬਿਜਲੀ ਦੇ ਕੱਟਣੀ ਪਈ, ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਹੈ। ਕਰੀਬ 6 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਿਜਲੀ ਬਹਾਲ ਕੀਤੀ ਜਾ ਸਕੀ।