- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨ ਨੇ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਐੱਨਡੀਪੀਐੱਸ ਐਕਟ ਤਹਿਤ 95,644 ਤੋਂ ਵੱਧ ਐੱਫਆਈਆਰ ਦਰਜ ਹੋਈਆਂ ਅਤੇ 1,27,821 ਦੇ ਕਰੀਬ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। 7265 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕਰਨ ਅਤੇ ਨਸ਼ਾ ਤਸਕਰਾਂ ਦੀ 375 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦਾ ਵੀ ਉਨ੍ਹਾਂ ਦਾਅਵਾ ਕੀਤਾ।

ਅਜੇ ਸਿੰਘ ਨਾਗੀ/ ਨਵਦੀਪ ਸਿੰਘ ਨਵੀ, ਪੰਜਾਬੀ ਜਾਗਰਣ, ਫਿਲੌਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨਸ਼ਿਆਂ ਖ਼ਿਲਾਫ਼ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਅੰਤਿਮ ਤੇ ਫ਼ੈਸਲਾਕੁੰਨ ਪੜਾਅ ’ਚ ਹੈ। ਉਨ੍ਹਾਂ ਪੰਜਾਬ ਪੁਲਿਸ ਵਿੱਚ 10 ਹਜ਼ਾਰ ਹੋਰ ਅਸਾਮੀਆਂ ਭਰਨ ਦਾ ਐਲਾਨ ਕਰਦਿਆਂ ਪੁਲਿਸ ਨੂੰ ਨਸ਼ਾ ਤਸਕਰਾਂ ਵਿਰੁੱਧ ਕਾਨੂੰਨ ਦੇ ਦਾਇਰੇ ’ਚ ਹਰ ਜਾਇਜ਼ ਕਾਰਵਾਈ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ। ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਡੀਜੀਪੀ ਤੋਂ ਲੈ ਕੇ ਐੱਸਐੱਚਓ ਪੱਧਰ ਤੱਕ ਦੇ ਅਧਿਕਾਰੀਆਂ ਦੀ ਮਿਲਣੀ ਦੌਰਾਨ ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।
ਮੁੱਖ ਮੰਤਰੀ ਨੇ ਐੱਸਐੱਚਓਜ਼ ਨੂੰ ਪਿੰਡਾਂ ਤੇ ਕਸਬਿਆਂ ਵਿੱਚ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਰਨ ਅਤੇ ਨਸ਼ਿਆਂ ਸਬੰਧੀ ਮਿਲਣ ਵਾਲੀ ਜਾਣਕਾਰੀ ’ਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਥਾਣਾ ਮੁਖੀ ਜ਼ਮੀਨੀ ਪੱਧਰ ’ਤੇ ਪੁਲਿਸ ਦਾ ਚਿਹਰਾ ਹਨ, ਇਸ ਲਈ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪੇਸ਼ੇਵਰ ਢੰਗ ਨਾਲ, ਬਿਨਾਂ ਡਰ ਜਾਂ ਪੱਖਪਾਤ ਦੇ ਨਜਿੱਠਿਆ ਜਾਵੇ।
ਮਾਨ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਤਸਕਰਾਂ ਦੀ ਗ੍ਰਿਫ਼ਤਾਰੀ ਤੱਕ ਸੀਮਤ ਨਹੀਂ ਹੈ। ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਬਚਾਉਣ, ਵਿਦਿਅਕ ਅਦਾਰਿਆਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ’ਤੇ ਵੀ ਧਿਆਨ ਦੇਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੀਸੀਟੀਵੀ, ਐਂਟੀ-ਡਰੋਨ ਸਿਸਟਮ, ਆਧੁਨਿਕ ਵਾਹਨ ਅਤੇ ਏਆਈ ਆਧਾਰਿਤ ਨਿਗਰਾਨੀ ਸਮੇਤ ਆਧੁਨਿਕ ਤਕਨਾਲੋਜੀ ਨਾਲ ਲੈਸ ਕੀਤਾ ਜਾ ਰਿਹਾ ਹੈ। ਸੜਕ ਸੁਰੱਖਿਆ ਫੋਰਸ ਨੂੰ ਵੀ ਇਸੇ ਦਿਸ਼ਾ ਵਿੱਚ ਇੱਕ ਅਹਿਮ ਪਹਿਲਕਦਮੀ ਦੱਸਿਆ।
10 ਹਜ਼ਾਰ ਹੋਰ ਅਸਾਮੀਆਂ ਭਰਨ ਦੀ ਤਜਵੀਜ਼
ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਵਿਭਾਗ ਨੂੰ ਛੇਤੀ ਹੀ 450 ਏਐੱਸਆਈ ਦੀ ਸਿੱਧੀ ਭਰਤੀ ਅਤੇ ਸਿਖਲਾਈ ਲੈ ਰਹੇ ਲਗਭਗ 3400 ਨਵੇਂ ਜਵਾਨ ਮਿਲਣਗੇ। ਅਗਲੇ ਵਿੱਤੀ ਵਰ੍ਹੇ ਵਿੱਚ ਪੁਲਿਸ ਦੀਆਂ 10 ਹਜ਼ਾਰ ਹੋਰ ਅਸਾਮੀਆਂ ਦਾ ਇਸ਼ਤਿਹਾਰ ਦੇਣ ਦੀ ਤਜਵੀਜ਼ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਪੁਲਿਸ ਫੋਰਸ ਵਿੱਚ ਵੱਡੇ ਪੱਧਰ ’ਤੇ ਭਰਤੀ ਕਰਦੀ ਰਹੀ ਹੈ।
ਸਾਢੇ ਚਾਰ ਸਾਲਾਂ ’ਚ 95,644 ਤੋਂ ਵੱਧ ਐੱਫਆਈਆਰ
ਮਾਨ ਨੇ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਐੱਨਡੀਪੀਐੱਸ ਐਕਟ ਤਹਿਤ 95,644 ਤੋਂ ਵੱਧ ਐੱਫਆਈਆਰ ਦਰਜ ਹੋਈਆਂ ਅਤੇ 1,27,821 ਦੇ ਕਰੀਬ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। 7265 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕਰਨ ਅਤੇ ਨਸ਼ਾ ਤਸਕਰਾਂ ਦੀ 375 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦਾ ਵੀ ਉਨ੍ਹਾਂ ਦਾਅਵਾ ਕੀਤਾ। ਉਨ੍ਹਾਂ ਮੁਤਾਬਕ ਪਿੰਡ ਸੁਰੱਖਿਆ ਕਮੇਟੀਆਂ ਨੇ 24,083 ਸੂਚਨਾਵਾਂ ਪੁਲਿਸ ਨੂੰ ਦਿੱਤੀਆਂ, ਜਿਨ੍ਹਾਂ ਦੇ ਆਧਾਰ ’ਤੇ 4843 ਐੱਫਆਈਆਰ ਦਰਜ ਕਰਕੇ 6515 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸਰਹੱਦ ਪਾਰੋਂ ਡਰੋਨ ਰਾਹੀਂ ਤਸਕਰੀ ਵੱਡੀ ਚੁਣੌਤੀ
ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਡਰੋਨਾਂ ਰਾਹੀਂ ਸਰਹੱਦ ਪਾਰੋਂ ਹੋ ਰਹੀ ਨਸ਼ਾ ਤਸਕਰੀ ਨਾਲ ਵੀ ਨਜਿੱਠਣਾ ਪੈ ਰਿਹਾ ਹੈ। ਇਸ ਲਈ ਸਥਾਨਕ ਭਾਈਚਾਰਿਆਂ ਦੇ ਸਹਿਯੋਗ ਨਾਲ ਡਰੋਨ ਗਤੀਵਿਧੀਆਂ ’ਤੇ ਨਜ਼ਰ ਰੱਖਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਪੁਲਿਸ ਦੀ ਨਹੀਂ, ਸਗੋਂ ਪੂਰੇ ਪੰਜਾਬ ਦੀ ਸਾਂਝੀ ਜ਼ਿੰਮੇਵਾਰੀ ਹੈ।
ਇਸ ਮੌਕੇ ਮੁੱਖ ਸਕੱਤਰ ਕੇਏਪੀ ਸਿਨਹਾ, ਡੀਜੀਪੀ ਗੌਰਵ ਯਾਦਵ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਸਮਾਗਮ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।