ਗੁਰਦੁਆਰਾ ਛੇਵੀਂ ਪਾਤਸ਼ਾਹੀ ’ਚ ਕਵੀਆਂ ਨੇ ਕੀਤਾ ਸੰਗਤਾਂ ਨੂੰ ਨਿਹਾਲ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਕਵੀ ਦਰਬਾਰ ’ਚ ਕਵੀਆਂ ਨੇ ਕੀਤਾ ਸੰਗਤਾਂ ਨੂੰ ਨਿਹਾਲ
Publish Date: Mon, 29 Jun 2026 10:23 PM (IST)
Updated Date: Mon, 29 Jun 2026 10:25 PM (IST)
-41 ਪ੍ਰਾਣੀ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 431ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਕਵੀ ਦਰਬਾਰ ਇਤਿਹਾਸਕ ਹੋ ਨਿਬੜਿਆ। ਪਿਛਲੇ ਕਈ ਦਿਨਾਂ ਤੋਂ ਸਜਾਏ ਜਾ ਰਹੇ ਲੜੀਵਾਰ ਦੀਵਾਨਾਂ ਵਿੱਚ ਬੀਤੀ ਰਾਤ ਇਤਿਹਾਸਕ ਕਵੀ ਦਰਬਾਰ ਦੇ ਦੀਵਾਨ ਸਜਾਏ ਗਏ। ਇਸ ’ਚ ਪੰਥ ਪ੍ਰਸਿੱਧ ਕਵੀਆਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਆਨੰਦਮਈ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਰਭਜਨ ਸਿੰਘ ਨਾਹਲ, ਗੁਰਚਰਨ ਸਿੰਘ ਯੋਗੀ, ਚੰਚਲ ਸਿੰਘ ਸਹਿਜ, ਸ਼ੁਕਰਗੁਜ਼ਾਰ ਸਿੰਘ ਦੀਵਾਨਾ, ਅਤੇ ਬੀਬੀ ਮਨਜੀਤ ਕੌਰ ਪਹੁਵਿੰਡ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦੁਆਰਾ ਛੇਵੇਂ ਪਾਤਸ਼ਾਹ ਜੀ ਦੀ ਉਸਤਤਿ ’ਚ ਸੋਹਿਲੇ ਗਾਏ। ਪ੍ਰਧਾਨ ਗੁਰਕ੍ਰਿਪਾਲ ਸਿੰਘ ਅਤੇ ਬੇਅੰਤ ਸਿੰਘ ਸਰਹੱਦੀ ਨੇ ਆਗਮਨ ਪੁਰਬ ਦੀ ਵਧਾਈ ਦਿੱਤੀ। ਕਵੀ ਦਰਬਾਰ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਤੇ ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ ਐਡਵੋਕੇਟ ਨੇ ਆਪਣੀ ਨੇਕ ਕਮਾਈ ਦੇ ਦਸਵੰਧ ਵਿਚੋਂ ਕੀਤੀ। ਗੁਰਦੁਆਰਾ ਸਾਹਿਬ ਦੇ ਸਰਪ੍ਰਸਤ ਜਸਵਿੰਦਰ ਸਿੰਘ ਮੱਕੜ ਨੇ ਕਵੀਆਂ ਦਾ ਸਵਾਗਤ ਕੀਤਾ। ਕਵੀ ਦਰਬਾਰ ਤੋਂ ਜਿਹੜੇ ਬੱਚੇ ਦਸਤਾਰ ਸਜਾਉਣ ਸਿਖਲਾਈ ਕੈਂਪ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ ਉਨ੍ਹਾਂ ਗੁਰਦੁਆਰਾ ਸਾਹਿਬ ਵੱਲੋਂ ਸਨਮਾਨ ਪੱਤਰ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਸਮਾਗਮ ਵਿੱਚ ਬੇਅੰਤ ਸਿੰਘ ਸਰਹੱਦੀ, ਪ੍ਰਧਾਨ ਗੁਰਕ੍ਰਿਪਾਲ ਸਿੰਘ, ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਕੁਲਵੰਤਬੀਰ ਸਿੰਘ ਕਾਲੜਾ, ਅਮਰੀਕ ਸਿੰਘ,ਸਤਿੰਦਰਪਾਲ ਸਿੰਘ ਛਾਬੜਾ, ਚਰਨਜੀਤ ਸਿੰਘ ਸਰਾਫ਼, ਇੰਦਰਪਾਲ ਸਿੰਘ ਸਕੱਤਰ ਜਗਜੀਤ ਸਿੰਘ ਖਜ਼ਾਨਚੀ, ਗੋਲਡੀ ਭਾਟੀਆ, ਬਲਵਿੰਦਰ ਸਿੰਘ ਸਰਾਫ, ਜਗਮੋਹਨ ਸਿੰਘ ਛਾਬੜਾ, ਅਮਨਜੀਤ ਸਿੰਘ ਛਾਬੜਾ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਬਵੇਜਾ, ਜੋਗਿੰਦਰ ਸਿੰਘ ਬਵੇਜਾ, ਅੰਮ੍ਰਿਤਪਾਲ ਸਿੰਘ, ਬਿਸ਼ਨ ਸਿੰਘ ਆਦਿ ਸੰਗਤਾਂ ਹਾਜ਼ਰ ਸਨ। ------------------------- ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹੀਨਾਵਾਰੀ ਪੁੰਨਿਆ ਦੇ ਦੀਵਾਨ ਤੇ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ’ਚ ਸ਼੍ਰੋਮਣੀ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹੀਨਾਵਾਰੀ ਪੁੰਨਿਆ ਦੇ ਦੀਵਾਨ ਸਜਾਏ ਗਏ। ਅੰਮ੍ਰਿਤ ਵੇਲੇ ਸਜਾਏ ਦੀਵਾਨ ’ਚ ਬੇਅੰਤ ਸਿੰਘ ਸਰਹੱਦੀ ਤੇ ਸਕੱਤਰ ਇੰਦਰਪਾਲ ਸਿੰਘ ਨੇ ਸੰਗਤਾਂ ਨੂੰ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਤ ਕਬੀਰ ਜੀ ਕਰਮ ਕਾਂਡਾਂ ਦਾ ਖੰਡਨ ਕਰਨ ਵਾਲੇ ਸੂਰਮੇ ਅਤੇ ਨਿਰਭੈ ਭਗਤ ਸਨ। ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਉਪਰੰਤ ਖੁਲ੍ਹੇ ਪੰਡਾਲ ਵਿਖੇ ਸਜਾਏ ਗਏ ਦੀਵਾਨ ਵਿੱਚ ਖ਼ਾਲਸਾ ਦੀਵਾਨ ਕਵੀਸ਼ਰੀ ਜੱਥੇ ਨੇ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਨ੍ਹਾਂ ਤੋਂ ਇਲਾਵਾ ਬੀਬੀ ਨਵਜੋਤ ਕੌਰ ਅਤੇ ਕਮਲਜੀਤ ਕੌਰ ਮਸਕੀਨ ਦੇ ਜੱਥਿਆਂ ਨੇ ਵੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸੰਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ ਵਿੱਚ ਪਹੁੰਚੇ ਮਹਾਂਪੁਰਸ਼ਾਂ ਵਿੱਚ ਸੰਤ ਗੁਰਵਿੰਦਰਪਾਲ ਸਿੰਘ ਨਿਰਮਲ ਕੁਟੀਆ ਅਤੇ ਸੰਤ ਡਾਕਟਰ ਸੁਖਵੰਤ ਸਿੰਘ ਨਾਹਲ ਨੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸੰਤ ਬਾਬਾ ਮੋਹਨ ਸਿੰਘ ਬਸ਼ੀਰਪੁਰਾ ਵਾਲੇ, ਡੇਰਾ ਨਿਰਮਲ ਸੰਤਪੁਰਾ ਤੋਂ ਸੰਤ ਰਣਜੀਤ ਸਿੰਘ, ਡੇਰਾ ਬਸ਼ੀਰਪੁਰਾ ਤੋਂ ਬੀਬਾ ਸੁਖਵਿੰਦਰ ਕੌਰ ਅਤੇ ਭਾਈ ਮਨਜੀਤ ਸਿੰਘ ਹਾਜ਼ਰੀ ਭਰੀ। ਇਸ ਦੌਰਾਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਾਹਿਬ ਤੋਂ ਪ੍ਰਿੰਸੀਪਲ ਮਨਜੀਤ ਕੌਰ ਨੇ ਆਪਣੇ ਵਿਸ਼ੇਸ਼ ਲੈਕਚਰ ਵਿੱਚ ਕੌਮ ਦੀ ਨੌਜਵਾਨ ਪੀੜ੍ਹੀ ਖਾਸਕਰ ਬੀਬੀਆਂ ਭੈਣਾਂ ਨੂੰ ਗੁਰੂ ਵਾਲੇ ਬਣ ਕੇ ਅਤੇ ਆਪਣੇ ਸਿੱਖੀ ਵਿਰਸੇ ਨੂੰ ਸੰਭਾਲਣ ਦਾ ਹੋਕਾ ਦਿੱਤਾ। ਦੀਵਾਨ ਦੀ ਸਮਾਪਤੀ ਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਭੇਜ ਸਿੰਘ ਸਠਿਆਲਾ ਨੇ ਗੁਰਬਾਣੀ ਦੇ ਕੀਰਤਨ ਦੁਆਰਾ ਹਾਜ਼ਰੀ ਲਗਵਾਈ। ਇਸ ਮੌਕੇ 41 ਪ੍ਰਾਣੀਆਂ ਨੇ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰਿਆਂ ਨੇ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਛਕਾਇਆ। ਸ਼੍ਰੋਮਣੀ ਕਮੇਟੀ ਵਲੋਂ ਕਕਾਰਾਂ ਦੀ ਸੇਵਾ ਕੀਤੀ ਗਈ। ਮਨਜੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਕੁਲਵਿੰਦਰ ਸਿੰਘ ਅਤੇ ਸੀ.ਏ. ਜਸਮੀਤ ਸਿੰਘ ਨੇ ਅੰਮ੍ਰਿਤ ਛਕਾਉਣ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ। ਅੰਮ੍ਰਿਤ ਛੱਕਣ ਤੋਂ ਬਾਅਦ ਗੁਰੂ ਕੇ ਸਿੰਘ ਸਿੰਘਣੀਆਂ ਜਦ ਮੁੱਖ ਦੀਵਾਨ ਹਾਲ ਵਿਖੇ ਆਏ ਤਾਂ ਸਾਰੀਆਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਉਨ੍ਹਾਂ ਨੂੰ ‘ਜੀ ਆਇਆਂ’ ਕਿਹਾ ਅਤੇ ਸਵਾਗਤ ਕੀਤਾ। ਸਾਰਾ ਦਿਨ ਗੁਰੂ ਕਾ ਅਤੁੱਟ ਲੰਗਰ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਸੰਗਤਾਂ ਨੂੰ ਛਕਾਈ ਗਈ।