- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
17 ਜੁਲਾਈ ਨੂੰ ਕੈਂਟ ਸਟੇਸ਼ਨ ਦੇ ਉਦਘਾਟਨ ਦੇ ਨਾਲ ਪ੍ਰਧਾਨ ਮੰਤਰੀ ਵੰਦੇ ਭਾਰਤ ਨੂੰ ਵੀ ਹਰੀ ਝੰਡੀ ਦਿਖਾਉਣਗੇ

ਵੰਦੇ ਭਾਰਤ ਅੰਮ੍ਰਿਤਸਰ-ਵਾਰਾਨਸੀ ਲਈ ਚਲਾਈ ਜਾਵੇਗੀ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
17 ਜੁਲਾਈ ਨੂੰ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ, ਉਥੇ ਉਹ ਅੰਮ੍ਰਿਤਸਰ ਤੋਂ ਵਾਰਾਨਸੀ ਲਈ ਚਲਾਈ ਜਾਣ ਵਾਲੀ ਵੰਦੇ ਭਾਰਤ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ। ਰੇਲਵੇ ਸੂਤਰਾਂ ਅਨੁਸਾਰ ਅੰਮ੍ਰਿਤਸਰ ਤੋਂ ਵਾਰਾਨਸੀ ਲਈ ਚਲਾਈ ਜਾਣਵਾਲੀ ਰੇਲ ਗੱਡੀ ਦਾ ਅਜੇ ਤਕ ਚੱਲਣ ਦਾ ਸਮਾਂ ਤੇ ਠਹਿਰਾਓ ਦਾ ਕੋਈ ਵੀ ਚਾਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ 17 ਜੁਲਾਈ ਨੂੰ ਉਸ ਦਿਨ ਰੇਲ ਗੱਡੀ ਦਾ ਰੈਕ ਜਲੰਧਰ ਸਿਟੀ ਸਟੇਸ਼ਨ ’ਤੇ ਆ ਜਾਵੇਗਾ। ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਤੋਂ ਵਾਰਾਨਸੀ ਲਈ ਪਹਿਲੀ ਤੇਜ਼ ਰਫਤਾਰ ਰੇਲ ਗੱਡੀ ਚਲਾਈ ਜਾ ਰਹੀ ਹੈ। ਵੰਦੇ ਭਾਰਤ ਰੇਲ ਅੰਮ੍ਰਿਤਸਰ ਤੋਂ ਚਲਾਉਣ ਲਈ ਰੇਲ ਅਧਿਕਾਰੀਆਂ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਉਕਤ ਤੇਜ਼ ਰਫਤਾਰ ਗੱਡੀ ਚਲਾਉਣ ਤੋਂ ਪਹਿਲਾਂ ਅੰਮ੍ਰਿਤਸਰ ਤਕ ਦਾ ਸਾਰੀ ਰੇਲ ਲਾਈਨ ਨੂੰ ਬਦਲਿਆ ਸੀ, ਜਿਸ ਨੂੰ ਸੁਰੱਖਿਆ ਕਮਿਸ਼ਨਰ ਨੇ ਪਹਿਲਾਂ ਹੀ ਹਰੀ ਝੰਡੀ ਦੇ ਰੱਖੀ ਹੈ। ਇਸ ਮਗਰੋਂ ਹੀ ਉਕਤ ਗੱਡੀ ਨੂੰ ਚਲਾਉਣ ਲਈ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਹੈ।
---
ਨਵੀਨੀਕਰਨ ਦੀਆਂ ਤਿਆਰੀਆਂ ਜ਼ੋਰਾਂ ’ਤੇ
ਜਿਥੇ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਂਟ ਸਟੇਸ਼ਨ ਦਾ ਉਦਘਾਟਨ ਕਰਨਗੇ, ਉਥੇ ਜਲੰਧਰ ਸਿਟੀ ਸਟੇਸ਼ਨ ਦੇ ਨਵੀਨੀਕਰਨ ਦਾ ਵੀ ਨੀਂਹ ਪੱਥਰ ਰੱਖਣਗੇ। ਇਸ ਸਬੰਧੀ ਥਾਣਾ ਜੀਆਰਪੀ ਦੇ ਪਿਛਲੇ ਪਾਸੇ ਜਿਹੜੇ ਵੀ ਕੁਆਰਟਰ ਆਦਿ ਬਣੇ ਸਨ, ਨੂੰ ਢਾਹ ਦਿੱਤਾ ਗਿਆ ਹੈ ਤੇ ਉਸ ਥਾਂ ਨੂੰ ਪੱਧਰਾ ਕੀਤਾ ਜਾ ਰਿਹਾ ਹੈ। ਜਲੰਧਰ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਪਰ ਪ੍ਰਧਾਨ ਮੰਤਰੀ ਦੇ ਨੀਂਹ ਪਥੱਰ ਰੱਖਣ ਬਾਅਦ ਉਕਤ ਪ੍ਰਾਜੈਕਟ ਨੂੰ ਰਸਮੀ ਤੌਰ ’ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਹਾਲਾਂਕਿ ਕੈਂਟ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਤੈਅ ਸਮੇਂ ਤੋਂ ਵੱਧ ਦੇਰੀ ਨਾਲ ਪੂਰਾ ਹੋਇਆ ਹੈ।
---
ਫੁਟਪਾਥ ਤੋਂ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ
ਪ੍ਰਧਾਨ ਮੰਤਰੀ ਦੀ 17 ਜੁਲਾਈ ਦੀ ਫੇਰੀ ਨੂੰ ਲੈ ਕੇ ਕੈਂਟ ਰੇਲਵੇ ਸਟੇਸ਼ਨ ਦੇ ਬਾਅਦ ਫੱਟਪਾਥ ’ਤੇ ਬਣੀਆਂ ਝੁੱਗੀਆਂ ਤੇ ਹੋਰ ਕੀਤੇ ਗਏ ਕਬਜ਼ੇ ਨਗਰ ਨਿਗਮ ਦੀ ਤਹਿ ਬਾਜ਼ਾਰੀ ਵਿਭਾਗ ਤੇ ਨੈਸ਼ਨਲ ਹਾਈਵੇ ਨੇ ਸਾਂਝੇ ਤੌਰ ’ਤੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਨੂੰ ਕੈਂਟ ਸਟੇਸ਼ਨ ਦੇ ਫੱਟਪਾਥਾਂ ਤੋਂ ਇਲਾਵਾ ਆਲੇ ਦੁਆਲੇ ਜਿੰਨੇ ਵੀ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਹਟਾਏ ਗਏ। ਇਹ ਸਾਰੀ ਕਾਰਵਾਈ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਦੇਖਦਿਆਂ ਕੀਤੀ ਜਾ ਰਹੀ ਹੈ।
---
ਰੇਲ ਅਧਿਕਾਰੀਆਂ ਦੀਆਂ ਸਰਗਰਮੀਆਂ ਤੇਜ਼
ਪ੍ਰਧਾਨ ਮੰਤਰੀ ਦੇ ਕੈਂਟ ਸਟੇਸ਼ਨ ਦੇ ਉਦਘਾਟਨ ਨੂੰ ਲੈ ਕੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੀ ਆਵਾਜਾਈ ਜਾਰੀ ਹੈ ਤੇ ਉਨ੍ਹਾਂ ਦੀਆਂ ਸਰਗਰਮੀਆਂ ਜਾਰੀ ਹਨ। ਪਿਛਲੇ ਹਫਤੇ ਤੋਂ ਫਿਰੋਜ਼ਪੁਰ ਰੇਲਵੇ ਮੰਡਲ ਦੇ ਪ੍ਰਬੰਧਕ ਸੰਜੀਵ ਕੁਮਾਰ ਵੱਲੋਂ ਸਟੇਸ਼ਨ ’ਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਡੀਆਰਐੱਮ ਨਾਲ ਰੇਲਵੇ ਦੇ ਉਸਾਰੀ ਵਿੰਗ ਦੇ ਡਿਪਟੀ ਚੀਫ ਇੰਜੀਨੀਅਰ ਸ਼ੁਭਮ ਖੁਰਾਨਾ ਨੇ ਵੀ ਸਟੇਸ਼ਨ ’ਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਜਦਕਿ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਪਾਂਡੇ ਤਾਂ ਪਹਿਲਾਂ ਹੀ ਸਟੇਸ਼ਨ ਦਾ ਮੁਆਇਨਾ ਕਰ ਚੁੱਕੇ ਹਨ।