- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਭਾਰਤੀ ਜਨਤਾ ਪਾਰਟੀ ਲਈ ਇਹ ਦੌਰੇ ਸੰਜੀਵਨੀ ਬੂਟੀ ਸਾਬਤ ਹੋ ਰਹੇ ਹਨ, ਜਿਸ ਨਾਲ ਪਾਰਟੀ ਵਰਕਰਾਂ ’ਚ ਇਕ ਨਵੀਂ ਜਾਨ ਤੇ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਕ ਵੱਡਾ ਸਿਆਸੀ ਤੇ ਸਮਾਜਿਕ ਸੰਕੇਤ ਪ੍ਰਧਾਨ ਮੰਤਰੀ ਮੋਦੀ ਦੇ ਇਨ੍ਹਾਂ ਦੋਵੇਂ ਦੌਰਿਆਂ ਦੌਰਾਨ ਸਭ ਤੋਂ ਖ਼ਾਸ ਤੇ ਚਰਚਿਤ ਪਹਿਲੂ ਜਲੰਧਰ ਵਿਖੇ ਸਥਿਤ ਡੇਰਾ ਸੱਚਖੰਡ ਬੱਲਾਂ ਨਾਲ ਜੁੜਿਆ ਰਿਹਾ ਹੈ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੀ ਸਿਆਸਤ ’ਚ ਇਸ ਵੇਲੇ ਇਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਛੇ ਮਹੀਨਿਆਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੂਜਾ ਪੰਜਾਬ ਦੌਰਾ ਹੈ, ਜਿਸ ਨੇ ਸੂਬੇ ਦੇ ਸਿਆਸੀ ਸਮੀਕਰਨਾਂ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਭਾਰਤੀ ਜਨਤਾ ਪਾਰਟੀ ਲਈ ਇਹ ਦੌਰੇ ਸੰਜੀਵਨੀ ਬੂਟੀ ਸਾਬਤ ਹੋ ਰਹੇ ਹਨ, ਜਿਸ ਨਾਲ ਪਾਰਟੀ ਵਰਕਰਾਂ ’ਚ ਇਕ ਨਵੀਂ ਜਾਨ ਤੇ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਕ ਵੱਡਾ ਸਿਆਸੀ ਤੇ ਸਮਾਜਿਕ ਸੰਕੇਤ ਪ੍ਰਧਾਨ ਮੰਤਰੀ ਮੋਦੀ ਦੇ ਇਨ੍ਹਾਂ ਦੋਵੇਂ ਦੌਰਿਆਂ ਦੌਰਾਨ ਸਭ ਤੋਂ ਖ਼ਾਸ ਤੇ ਚਰਚਿਤ ਪਹਿਲੂ ਜਲੰਧਰ ਵਿਖੇ ਸਥਿਤ ਡੇਰਾ ਸੱਚਖੰਡ ਬੱਲਾਂ ਨਾਲ ਜੁੜਿਆ ਰਿਹਾ ਹੈ। ਡੇਰਾ ਸੱਚਖੰਡ ਬੱਲਾਂ ਨੂੰ ਦੋਆਬਾ ਖੇਤਰ ’ਚ ਰਵਿਦਾਸੀਆ ਭਾਈਚਾਰੇ ਦਾ ਸਭ ਤੋਂ ਵੱਡਾ ਗੜ੍ਹ ਮੰਨਿਆ ਜਾਂਦਾ ਹੈ, ਜਿਸ ਦਾ ਪੰਜਾਬ ਦੀਆਂ ਦਰਜਨਾਂ ਸੀਟਾਂ 'ਤੇ ਸਿੱਧਾ ਸਮਾਜਿਕ ਤੇ ਸਿਆਸੀ ਪ੍ਰਭਾਵ ਹੈ। ਪ੍ਰਧਾਨ ਮੰਤਰੀ ਵੱਲੋਂ ਡੇਰੇ ਦੇ ਸੰਚਾਲਕ ਸੰਤ ਬਾਬਾ ਨਿਰੰਜਨ ਦਾਸ ਨੂੰ ਦੇਸ਼ ਦੇ ਵੱਕਾਰੀ ਸਨਮਾਨ 'ਪਦਮਸ਼੍ਰੀ' ਨਾਲ ਨਿਵਾਜਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਕੇਂਦਰ ਸਰਕਾਰ ਇਸ ਉਪਦੇਸ਼ਕ ਗੱਦੀ ਤੇ ਭਾਈਚਾਰੇ ਨੂੰ ਕਿੰਨਾ ਸਤਿਕਾਰ ਦੇ ਰਹੀ ਹੈ। ਡੇਰੇ ਦੀ ਮੰਗ ਨੂੰ ਤੁਰੰਤ ਪ੍ਰਵਾਨ ਕਰਦੇ ਹੋਏ ਪ੍ਰਧਾਨ ਮੰਤਰੀ ਵੱਲੋਂ ਸੰਤ ਰਵਿਦਾਸ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਾ ਇਕ ਬਹੁਤ ਹੀ ਸ਼ੁਭ ਤੇ ਇਤਿਹਾਸਕ ਸੰਕੇਤ ਮੰਨਿਆ ਜਾ ਰਿਹਾ ਹੈ। ਇਸ ਫੈਸਲੇ ਨੇ ਭਾਈਚਾਰੇ ਦੇ ਸ਼ਰਧਾਲੂਆਂ ਦੇ ਦਿਲਾਂ ’ਚ ਭਾਜਪਾ ਲਈ ਇਕ ਨਰਮ ਕੋਨਾ ਪੈਦਾ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦਾ ਚੋਣ ਮੰਤਰ: 'ਆਪ', ਕਾਂਗਰਸ ਤੇ ਅਕਾਲੀ ਦਲ 'ਤੇ ਤਿੱਖੇ ਤੰਜ ਜਲੰਧਰ ਵਿਖੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਵੱਖ-ਵੱਖ ਸੰਵੇਦਨਸ਼ੀਲ ਮੁੱਦਿਆਂ ਜਿਵੇਂ ਕਿ ਨਸ਼ੇ, ਗੈਂਗਵਾਰ, ਮੁਲਾਜ਼ਮਾਂ ਨੂੰ ਡੀਏ (ਮਹਿੰਗਾਈ ਭੱਤਾ) ਨਾ ਮਿਲਣਾ ਤੇ ਔਰਤਾਂ ਦੇ ਖਾਤਿਆਂ ’ਚ ਐਲਾਨੀ ਰਕਮ ਦੇਰੀ ਨਾਲ ਆਉਣ ਵਰਗੇ ਕਈ ਮੁੱਦਿਆਂ 'ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ’ਚ ਪ੍ਰਧਾਨਗੀ ਦੀ ਕੁਰਸੀ ਲਈ ਬੁਰੀ ਤਰ੍ਹਾਂ ਜੱਦੋ-ਜਹਿਦ ਚੱਲ ਰਹੀ ਹੈ। ਕਾਂਗਰਸ ਅੰਦਰ ਇਕਜੁੱਟਤਾ ਦੀ ਘਾਟ ਇਹ ਦਰਸਾ ਰਹੀ ਹੈ ਕਿ ਇਸ ਦੀ ਆਲਾ ਲੀਡਰਸ਼ਿਪ ਸਮੱਸਿਆ ਦਾ ਹੱਲ ਕੱਢਣ ’ਚ ਸਮਰੱਥ ਨਹੀਂ ਹੈ। ਪ੍ਰਧਾਨ ਮੰਤਰੀ ਨੇ ਹਲਕੀ ਜਿਹੀ ਚੁਟਕੀ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ 'ਤੇ ਵੀ ਤੰਜ ਕੱਸਿਆ। ਪੰਜਾਬ ਦੀ ਕਿਸਾਨੀ ਦਾ ਜ਼ਿਕਰ ਕਰਦਿਆਂ ਪੀਐੱਮ ਮੋਦੀ ਨੇ ਵੱਡਾ ਐਲਾਨ ਕੀਤਾ ਕਿ ਪੰਜਾਬ ਦੀ ਕਿਸਾਨੀ ਨਾਲ ਹੀ ਦੇਸ਼ ਖੁਸ਼ਹਾਲ ਹੈ ਤੇ ਪੰਜਾਬ ’ਚ ਸਾਰੀਆਂ ਫਸਲਾਂ ਨੂੰ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਦਿੱਤਾ ਜਾਵੇਗਾ। ਮੈਦਾਨ ’ਚ ਨਿੱਤਰੇ ਦਾਅਵੇਦਾਰ ਤੇ ਨਵੀਂ ਲੀਡਰਸ਼ਿਪ ਦੀ ਹੁੰਕਾਰ ਜਲੰਧਰ ਸਮੇਤ ਪੂਰੇ ਪੰਜਾਬ ’ਚ ਭਾਜਪਾ ਵਰਕਰਾਂ ਦੀਆਂ ਉਤਸ਼ਾਹਿਤ ਸਰਗਰਮੀਆਂ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਹਨ। ਸ਼ਹਿਰ ਦੀਆਂ ਮੁੱਖ ਸੜਕਾਂ, ਚੌਕਾਂ ਤੇ ਗਲੀਆਂ ’ਚ ਟਿਕਟ ਦੇ ਦਾਅਵੇਦਾਰਾਂ ਦੇ ਲੱਗੇ ਵੱਡੇ-ਵੱਡੇ ਫਲੈਕਸ ਬੋਰਡ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਭਾਜਪਾ ਇਸ ਵਾਰ ਪੰਜਾਬ ’ਚ ਬੈਕਫੁੱਟ 'ਤੇ ਨਹੀਂ, ਸਗੋਂ ਪੂਰੀ ਹਮਲਾਵਰ ਸ਼ੈਲੀ ਨਾਲ ਚੋਣ ਮੈਦਾਨ ’ਚ ਉੱਤਰ ਰਹੀ ਹੈ। ਮੰਚ 'ਤੇ ਇਕੱਤਰ ਸਮੁੱਚੀ ਤੇ ਨਵੀਂ ਭਾਜਪਾਈ ਲੀਡਰਸ਼ਿਪ ਨੇ ਜੋ ਇੱਕਜੁੱਟਤਾ ਦਾ ਅਹਿਸਾਸ ਦਿਖਾਇਆ, ਉਸ ਨਾਲ ਪਾਰਟੀ ਦੇ ਵਧਦੇ ਕੱਦ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹਾਲ ਹੀ ’ਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਵੀ ਸਟੇਜ 'ਤੇ ਪ੍ਰਮੁੱਖਤਾ ਨਾਲ ਦਿਖਾਈ ਦਿੱਤੇ। ਕੀ ਬਣੇਗੀ 'ਡਬਲ ਇੰਜਨ' ਦੀ ਸਰਕਾਰ? ਪ੍ਰਧਾਨ ਮੰਤਰੀ ਦੇ ਇਸ ਦੌਰੇ, ਕਿਸਾਨੀ ਬਾਰੇ ਵੱਡੇ ਐਲਾਨਾਂ ਤੇ ਡੇਰਾ ਸੱਚਖੰਡ ਬੱਲਾਂ ਦੇ ਨਜ਼ਦੀਕੀ ਸਬੰਧਾਂ ਨੇ ਪੰਜਾਬ ’ਚ ਭਾਜਪਾ ਦੇ ਹੱਕ ’ਚ ਇਕ ਮਾਹੌਲ ਸਿਰਜ ਦਿੱਤਾ ਹੈ। ਵਿਰੋਧੀਆਂ ਦੇ ਗੜ੍ਹ ਮੰਨੇ ਜਾਣ ਵਾਲੇ ਖੇਤਰਾਂ ’ਚ ਭਾਜਪਾ ਦੀ ਇਹ ਦਸਤਕ ਆਉਣ ਵਾਲੀਆਂ ਚੋਣਾਂ ਨੂੰ ਬੇਹੱਦ ਦਿਲਚਸਪ ਬਣਾਉਣ ਜਾ ਰਹੀ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ 'ਡਬਲ ਇੰਜਨ ਦੀ ਸਰਕਾਰ' ਦੇ ਇਸ ਸੱਦੇ ਨੂੰ ਵੋਟਾਂ ’ਚ ਕਿੰਨਾ ਤਬਦੀਲ ਕਰਦੇ ਹਨ।