- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ, ਪ੍ਰਧਾਨ ਮੰਤਰੀ ਵੰਡਣਗੇ ਪੀ.ਐਮ.ਵੀ.ਬੀ.ਆਰ.ਵਾਈ ਦੇ ਤਹਿਤ 2,400 ਕਰੋੜ ਦੇ ਪ੍ਰੋਤਸਾਹਨ ਰਾਸ਼ੀ

ਫੋਟੋ: 76
ਸਮਾਗਮ ਦਾ ਦੇਸ਼ ਭਰ ’ਚ 200 ਥਾਵਾਂ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਭਾਰਤ ਸਰਕਾਰ ਦਾ ਕਿਰਤ ਤੇ ਰੁਜ਼ਗਾਰ ਮੰਤਰਾਲਾ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਦੇ ਸਫਲ ਲਾਗੂਕਰਨ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ’ਚ ਇੱਕ ਰਾਸ਼ਟਰੀ ਸਮਾਗਮ ਕਰਵਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਧੇ ਲਾਭ ਟਰਾਂਸਫਰ ਰਾਹੀਂ ਲਾਭਪਾਤਰੀਆਂ ਨੂੰ ਲਗਭਗ 2,400 ਕਰੋੜ ਦੀ ਪ੍ਰੋਤਸਾਹਨ ਰਾਸ਼ੀ ਵੰਡਣਗੇ। ਇਹ ਜਾਣਕਾਰੀ ਪੀਐੱਫ ਕਮਿਸ਼ਨਰ ਪੰਕਜ ਕੁਮਾਰ ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਸਮਾਗਮ ਜਲੰਧਰ ਦੇ ਇਨੋਸੈਂਟ ਹਾਰਟਸ ਸਕੂਲ ’ਚ ਪ੍ਰਸਾਰਿਤ ਕੀਤਾ ਜਾਵੇਗਾ। ਇਹ ਸਮਾਗਮ ਸ਼ੁੱਕਰਵਾਰ ਸ਼ਾਮ 4:30 ਵਜੇ ਸ਼ੁਰੂ ਹੋਵੇਗਾ। ਲਗਭਗ 500 ਭਾਗੀਦਾਰ, ਜਿਨ੍ਹਾਂ ਵਿੱਚ ਕਰਮਚਾਰੀ, ਮਾਲਕ ਤੇ ਪ੍ਰਮੁੱਖ ਸੰਸਥਾਵਾਂ ਦੇ ਪ੍ਰਤੀਨਿਧ ਸ਼ਾਮਲ ਹਨ, ਹਿੱਸਾ ਲੈਣਗੇ। ਇਹ ਪ੍ਰੋਗਰਾਮ ਪੀਐੱਮਵੀਬੀਆਰਵਾਈ ਦੇ ਉਦੇਸ਼ਾਂ, ਲਾਭਾਂ ਅਤੇ ਲਾਗੂਕਰਨ ਦੀਆਂ ਰਣਨੀਤੀਆਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ। ਇਸ ਮੌਕੇ ਜਲੰਧਰ ਉੱਤਰੀ ਦੇ ਵਿਧਾਇਕ ਬਾਵਾ ਹੈਨਰੀ ਬਤੌਰ ਮੁੱਖ ਮਹਿਮਾਨ ਹੋਣਗੇ। ਹੋਰ ਪਤਵੰਤਿਆਂ ਵਿੱਚ ਖੇਤਰੀ ਕਮੇਟੀ ਮੈਂਬਰ ਰਾਜ ਨਾਰਾਇਣ ਯਾਦਵ, ਵਧੀਕ ਡਿਪਟੀ ਕਮਿਸ਼ਨਰ ਦਿਵਿਆ ਪੀ, ਐੱਸਡੀਐੱਮ ਆਦਮਪੁਰ ਲਾਲ ਵਿਸ਼ਵਾਸ ਬੈਂਸ, ਐੱਲਪੀਯੂ ਦੇ ਚੇਅਰਮੈਨ ਰਮੇਸ਼ ਮਿੱਤਲ, ਲਘੂ ਉਦਯੋਗ ਭਾਰਤੀ ਦੇ ਸਕੱਤਰ ਵਿਵੇਕ ਰਾਠੌਰ, ਉਦਯੋਗਿਕ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸੱਗੂ, ਇਨੋਸੈਂਟ ਹਾਰਟਸ ਸਕੂਲ ਦੇ ਚੇਅਰਮੈਨ ਡਾ. ਅਨੂਪ ਬੌਰੀ, ਸਪੋਰਟਸ ਗੁੱਡਜ਼ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਖੇਤਰੀ ਨਿਰਦੇਸ਼ਕ ਦੁਰਗੇਸ਼ ਵਢੇਰਾ ਅਤੇ ਸਪੋਰਟਿੰਗ ਸਿੰਡੀਕੇਟ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਮਨੀਸ਼ ਕੋਹਲੀ ਸ਼ਾਮਲ ਹੋਣਗੇ। ਇਸ ਮੌਕੇ ਪੀਐੱਫ ਕਮਿਸ਼ਨਰ ਬਾਲ ਕਿਸ਼ਨ ਵਰਮਾ, ਹਰਮੀਤ ਕਾਜਲ ਅਤੇ ਅਰਮਾਨ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਪ੍ਰੋਤਸਾਹਨ ਵੰਡ 1.5 ਮਿਲੀਅਨ ਤੋਂ ਵੱਧ ਵਿਅਕਤੀਆਂ ਲਈ ਵਾਧੂ ਰੁਜ਼ਗਾਰ ਦਾ ਸਮਰਥਨ ਕਰੇਗੀ। ਕੇਂਦਰੀ ਕਿਰਤ, ਰੁਜ਼ਗਾਰ, ਯੁਵਾ ਮਾਮਲੇ ਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ, ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਸ ਸਮਾਗਮ ਵਿੱਚ ਮੌਜੂਦ ਰਹਿਣਗੇ।
ਦੇਸ਼ ਵਿਆਪੀ ਆਊਟਰੀਚ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ 200 ਥਾਵਾਂ ’ਤੇ ਸਮਾਨਾਂਤਰ ਖੇਤਰੀ ਸਮਾਗਮ ਕਰਵਾਏ ਜਾਣਗੇ। ਇਨ੍ਹਾਂ ਵਿੱਚ ਦੋ ਰਾਜਪਾਲ, ਪੰਜ ਮੁੱਖ ਮੰਤਰੀ, 12 ਕੇਂਦਰੀ ਮੰਤਰੀ, ਇੱਕ ਉਪ ਮੁੱਖ ਮੰਤਰੀ, 13 ਰਾਜ ਕਿਰਤ ਮੰਤਰੀ, 39 ਰਾਜ ਮੰਤਰੀ, 59 ਸੰਸਦ ਮੈਂਬਰ, 56 ਵਿਧਾਇਕ, ਦੋ ਮੇਅਰ ਤੇ ਕਈ ਜਨਤਕ ਪ੍ਰਤੀਨਿਧੀ ਸ਼ਾਮਲ ਹੋਣਗੇ। ਵਿਗਿਆਨ ਭਵਨ ਵਿਖੇ ਮੁੱਖ ਸਮਾਗਮ ਦਾ ਸਾਰੇ ਖੇਤਰੀ ਸਥਾਨਾਂ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਰੁਜ਼ਗਾਰ-ਅਧਾਰਤ ਪ੍ਰੋਤਸਾਹਨ ਯੋਜਨਾ ਹੈ। ਇਸ ਦਾ ਉਦੇਸ਼ ਰਸਮੀ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਸੰਗਠਿਤ ਖੇਤਰ ਵਿੱਚ ਪਹਿਲੀ ਵਾਰ ਦਾਖਲ ਹੋਣ ਵਾਲਿਆਂ ਦਾ ਸਮਰਥਨ ਕਰਨਾ ਅਤੇ ਮਾਲਕਾਂ ਨੂੰ ਵਾਧੂ ਰੁਜ਼ਗਾਰ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਕੀ ਹੈ ਯੋਜਨਾ?
99,446 ਕਰੋੜ ਦੇ ਕੁੱਲ ਖਰਚੇ ਦੇ ਨਾਲ ਇਸ ਯੋਜਨਾ ਦਾ ਉਦੇਸ਼ ਦੋ ਸਾਲਾਂ ਵਿੱਚ 35 ਮਿਲੀਅਨ ਤੋਂ ਵੱਧ ਨੌਕਰੀਆਂ ਪੈਦਾ ਕਰਨਾ ਹੈ। ਇਨ੍ਹਾਂ ਵਿਚੋਂ ਲਗਭਗ 19.2 ਮਿਲੀਅਨ ਲਾਭਪਾਤਰੀ ਰਸਮੀ ਕਾਰਜਬਲ ਵਿੱਚ ਪਹਿਲੀ ਵਾਰ ਦਾਖਲ ਹੋਣ ਵਾਲੇ ਹੋਣਗੇ। ਇਸ ਯੋਜਨਾ ਦੇ ਲਾਭ ਇਕ ਅਗਸਤ, 2025 ਅਤੇ 31 ਜੁਲਾਈ, 2027 ਦਰਮਿਆਨ ਪੈਦਾ ਹੋਈਆਂ ਨੌਕਰੀਆਂ ’ਤੇ ਲਾਗੂ ਹੋਣਗੇ।
ਯੋਜਨਾ ਦੇ ਹਨ ਦੋ ਭਾਗ
ਭਾਗ ਏ : ਪਹਿਲੀ ਵਾਰ ਕਰਮਚਾਰੀਆਂ ਲਈ ਈਪੀਐੱਫਓ ਨਾਲ ਰਜਿਸਟਰਡ ਕਰਮਚਾਰੀਆਂ ਨੂੰ ਪ੍ਰਤੀ ਮਹੀਨਾ ਇਕ ਲੱਖ ਤੱਕ ਦੀ ਤਨਖਾਹ ਵਾਲੇ ਕਰਮਚਾਰੀਆਂ ਨੂੰ ਇੱਕ ਮਹੀਨੇ ਦੀ ਤਨਖਾਹ ਦੇ ਬਰਾਬਰ ਰਕਮ, ਵੱਧ ਤੋਂ ਵੱਧ 15,000 ਤੱਕ, ਦੋ ਕਿਸ਼ਤਾਂ ਵਿੱਚ ਮਿਲੇਗੀ। ਪਹਿਲੀ ਕਿਸ਼ਤ ਛੇ ਮਹੀਨਿਆਂ ਦੀ ਸੇਵਾ ਪੂਰੀ ਹੋਣ ’ਤੇ ਦਿੱਤੀ ਜਾਵੇਗੀ ਅਤੇ ਦੂਜੀ 12 ਮਹੀਨਿਆਂ ਦੀ ਸੇਵਾ ਅਤੇ ਵਿੱਤੀ ਸਾਖਰਤਾ ਪ੍ਰੋਗਰਾਮ ਪੂਰਾ ਹੋਣ ’ਤੇ।
ਭਾਗ ਬੀ : ਮਾਲਕਾਂ ਲਈ ਪ੍ਰਤੀ ਵਾਧੂ ਕਰਮਚਾਰੀ ਪ੍ਰਤੀ ਮਹੀਨਾ 3,000 ਤੱਕ ਦੀ ਸਹਾਇਤਾ ਦੋ ਸਾਲਾਂ ਲਈ ਮੁਹੱਈਆ ਕੀਤੀ ਜਾਵੇਗੀ। ਨਿਰਮਾਣ ਖੇਤਰ ਵਿੱਚ ਇਹ ਤੀਜੇ ਅਤੇ ਚੌਥੇ ਸਾਲਾਂ ਲਈ ਵੀ ਉਪਲਬਧ ਹੋਵੇਗਾ। 50 ਤੋਂ ਘੱਟ ਕਰਮਚਾਰੀਆਂ ਵਾਲੀਆਂ ਸੰਸਥਾਵਾਂ ਨੂੰ ਘੱਟੋ-ਘੱਟ ਦੋ ਵਾਧੂ ਕਰਮਚਾਰੀਆਂ ਨੂੰ ਨਿਯੁਕਤ ਕਰਨਾ ਚਾਹੀਦਾ ਹੈ ਅਤੇ 50 ਜਾਂ ਵੱਧ ਕਰਮਚਾਰੀਆਂ ਵਾਲੀਆਂ ਸੰਸਥਾਵਾਂ ਨੂੰ ਘੱਟੋ-ਘੱਟ ਪੰਜ ਵਾਧੂ ਕਰਮਚਾਰੀਆਂ ਨੂੰ ਨਿਯੁਕਤ ਕਰਨਾ ਚਾਹੀਦਾ ਹੈ।
ਭਾਗ ਏ ਤਹਿਤ ਮਾਰਚ 2026 ਤੱਕ 4.41 ਲੱਖ ਪਹਿਲੀ ਵਾਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ 247 ਕਰੋੜ ਦੇ ਲਾਭ ਦਿੱਤੇ ਗਏ ਸਨ। ਭਾਗ ਬੀ ਤਹਿਤ 17,551 ਅਦਾਰਿਆਂ ਨੂੰ 214 ਕਰੋੜ ਦੇ ਪ੍ਰੋਤਸਾਹਨ ਦਿੱਤੇ ਗਏ ਸਨ, ਜਿਸ ਨਾਲ ਲਗਭਗ 6.46 ਲੱਖ ਵਾਧੂ ਨੌਕਰੀਆਂ ਪੈਦਾ ਹੋਈਆਂ। ਪੰਜਾਬ ਵਿੱਚ ਭਾਗ-ਏ ਤਹਿਤ 16,417 ਕਰਮਚਾਰੀਆਂ ਨੂੰ 8.80 ਕਰੋੜ ਰੁਪਏ ਦੇ ਪ੍ਰੋਤਸਾਹਨ ਅਤੇ ਭਾਗ-ਬੀ ਤਹਿਤ 1,256 ਮਾਲਕਾਂ ਨੂੰ 24.35 ਕਰੋੜ ਰੁਪਏ ਦੇ ਪ੍ਰੋਤਸਾਹਨ ਪ੍ਰਾਪਤ ਹੋਏ।