
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਦੇ ਭਰਾ ਸਤਨਾਮ ਲਾਲ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਹਰਵਿੰਦਰ ਸਿੰਘ ਵਿਆਹਿਆ ਹੋਇਆ ਸੀ ਅਤੇ ਲਗਪਗ 15 ਸਾਲਾਂ ਤੋਂ ਪਰਿਵਾਰ ਤੋਂ ਅਲੱਗ ਰਹਿ ਕੇ ਪਿੰਡ ਮੀਓਵਾਲ ਸਥਿਤ ਬਾਬਾ ਲੋਹੇ ਸ਼ਾਹ ਜੀ ਦੇ ਡੇਰੇ ਵਿਚ ਗੱਦੀਨਸ਼ੀਨ ਵਜੋਂ ਸੇਵਾ ਕਰ ਰਿਹਾ ਸੀ।

ਜਾਗਰਣ ਸੰਵਾਦਦਾਤਾ, ਜਲੰਧਰ : ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਅਤੇ ਵਾਰ-ਵਾਰ ਟਾਲਮਟੋਲ ਤੋਂ ਪਰੇਸ਼ਾਨ ਹੋ ਕੇ ਫਿਲੌਰ ਦੇ ਪਿੰਡ ਬੱਲ ਵਾਸੀ 54 ਸਾਲਾ ਹਰਵਿੰਦਰ ਸਿੰਘ ਉਰਫ ਲਾਲੀ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਫਿਲੌਰ ਪੁਲਿਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਦੇ ਭਰਾ ਸਤਨਾਮ ਲਾਲ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਹਰਵਿੰਦਰ ਸਿੰਘ ਵਿਆਹਿਆ ਹੋਇਆ ਸੀ ਅਤੇ ਲਗਪਗ 15 ਸਾਲਾਂ ਤੋਂ ਪਰਿਵਾਰ ਤੋਂ ਅਲੱਗ ਰਹਿ ਕੇ ਪਿੰਡ ਮੀਓਵਾਲ ਸਥਿਤ ਬਾਬਾ ਲੋਹੇ ਸ਼ਾਹ ਜੀ ਦੇ ਡੇਰੇ ਵਿਚ ਗੱਦੀਨਸ਼ੀਨ ਵਜੋਂ ਸੇਵਾ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਟ੍ਰੈਵਲ ਏਜੰਟਾਂ ਬਲਵੀਰ ਚੰਦ, ਰਾਜਵੀਰ ਉਰਫ ਬੰਧੂ ਅਤੇ ਸੁਰਿੰਦਰ ਨਾਲ ਹੋਈ। ਦੋਸ਼ ਹੈ ਕਿ ਤਿੰਨਾਂ ਏਜੰਟਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਯੂਰਪ ਦੇ ਵੀਜ਼ੇ ਹਨ ਅਤੇ ਬਾਬਾ ਜੀ ਜ਼ਰੀਏ ਕੁਝ ਲੋਕਾਂ ਨੂੰ ਵਿਦੇਸ਼ ਭੇਜਿਆ ਜਾ ਸਕਦਾ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਗੱਲਾਂ ’ਤੇ ਭਰੋਸਾ ਕਰ ਕੇ ਸੁਖਪਿੰਦਰ ਸਿੰਘ, ਬਲਵਿੰਦਰ ਸਿੰਘ, ਡੋਲੀ, ਵੀਰਪਾਲ, ਹਰਸੁਖਦੇਵ ਸਿੰਘ ਅਤੇ ਰੀਤੂ ਰਾਣੀ ਸਮੇਤ ਸੱਤ ਲੋਕਾਂ ਨੇ ਆਪਣੇ ਪਾਸਪੋਰਟ ਅਤੇ ਪੈਸੇ ਏਜੰਟਾਂ ਨੂੰ ਦੇ ਦਿੱਤੇ। ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਏਜੰਟਾਂ ਨੇ ਇਨ੍ਹਾਂ ਲੋਕਾਂ ਨੂੰ ਵਿਦੇਸ਼ ਭੇਜਣ ਦੀ ਬਜਾਏ ਲਗਾਤਾਰ ਟਾਲਮਟੋਲ ਕੀਤਾ। ਬਾਅਦ ਵਿਚ ਉਨ੍ਹਾਂ ਨੂੰ ਫ਼ਰਜ਼ੀ ਵੀਜ਼ੇ ਦੇ ਦਿੱਤੇ ਗਏ।
ਪਰਿਵਾਰ ਦਾ ਦੋਸ਼ ਹੈ ਕਿ ਹਰਵਿੰਦਰ ਸਿੰਘ ਨੇ ਏਜੰਟਾਂ ਤੋਂ ਇਨ੍ਹਾਂ ਲੋਕਾਂ ਨੂੰ ਵਿਦੇਸ਼ ਭੇਜਣ ਜਾਂ ਉਨ੍ਹਾਂ ਦੇ ਪੈਸੇ ਵਾਪਸ ਕਰਨ ਲਈ ਕਿਹਾ। ਏਜੰਟਾਂ ਨੇ ਸੱਤਾਂ ਲੋਕਾਂ ਨੂੰ 23 ਅਗਸਤ 2026 ਨੂੰ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਸਪੋਰਟ, ਵੀਜ਼ਾ ਅਤੇ ਟਿਕਟ ਉਨ੍ਹਾਂ ਕੋਲ ਹਨ ਅਤੇ ਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟ ਹੈ। ਸ਼ਿਕਾਇਤ ਅਨੁਸਾਰ, 23 ਅਗਸਤ ਦੀ ਸਵੇਰੇ ਕਰੀਬ 4:30 ਵਜੇ ਹਰਵਿੰਦਰ ਸਿੰਘ ਆਪਣੀ ਕਾਰ ਨਾਲ ਪਿੰਡ ਨਗਰ ਤੋਂ ਮੀਓਵਾਲ ਸਥਿਤ ਡੇਰੇ ਲਈ ਨਿਕਲਿਆ। ਕਰੀਬ 6:15 ਵਜੇ ਉਸ ਨੇ ਫੋਨ ਕਰਕੇ ਦੱਸਿਆ ਕਿ ਉਹ ਏਜੰਟਾਂ ਤੋਂ ਪਰੇਸ਼ਾਨ ਹੋ ਕੇ ਅਕਲਪੁਰ ਕੋਟ, ਫਿਲੌਰ ਨੇੜੇ ਸਲਫਾਸ ਦੀਆਂ ਗੋਲੀਆਂ ਨਿਗਲ ਚੁੱਕਾ ਹੈ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਬਲਵੀਰ ਚੰਦ, ਰਾਜਵੀਰ ਉਰਫ ਬੰਧੂ, ਸੁਰਿੰਦਰ ਤੇ ਚੰਡੀਗੜ੍ਹ ਸੈਕਟਰ-34 ਸਥਿਤ ਈਜੀ ਵੀਜ਼ਾ ਐਜੂਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਪੁਲਿਸ ਇਹ ਪਤਾ ਲਗਾਉਣ ਵਿਚ ਲੱਗ ਗਈ ਹੈ ਕਿ ਸੱਤਾਂ ਲੋਕਾਂ ਤੋਂ ਕਿੰਨੀ ਰਕਮ ਲਈ ਗਈ, ਉਨ੍ਹਾਂ ਨੂੰ ਦਿੱਤੇ ਗਏ ਵੀਜ਼ੇ ਅਸਲ ਵਿਚ ਫਰਜ਼ੀ ਸਨ ਜਾਂ ਨਹੀਂ ਅਤੇ ਇਸ ਕਥਿਤ ਠੱਗੀ ਵਿਚ ਕੰਪਨੀ ਦੀ ਭੂਮਿਕਾ ਕੀ ਸੀ।