- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਨੇਵਾਲ ਡੇਰੇ 'ਤੇ ਕਬਜ਼ੇ ਤੇ ਗੋਲਕ 'ਚ ਹੇਰਾਫੇਰੀ ਦੇ ਦੋਸ਼, ਲੋਕਾਂ ਵੱਲੋਂ ਐਸਡੀਐਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਪਿੰਡ ਦਾਨੇਵਾਲ ’ਚ ਸਥਿਤ ਡੇਰਾ ਮਸਤ ਬਾਬਾ ਦਾਨੇਵਾਲ (ਬਾਬਾ ਭਜਨ ਸ਼ਾਹ) ਦੀ ਦਰਗਾਹ 'ਤੇ ਸਾਲਾਨਾ ਮੇਲੇ ਦੇ ਪ੍ਰਬੰਧਾਂ ਤੇ ਡੇਰੇ ਦੀ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਕਾਫੀ ਭਖ ਗਿਆ ਹੈ। ਡੇਰੇ ਦੇ ਵਾਰਸਾਂ, ਪ੍ਰਬੰਧਕਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਪ੍ਰਸ਼ਾਸਨ 'ਤੇ ਪੱਖਪਾਤ ਕਰਨ ਤੇ ਗ਼ੈਰ-ਕਾਨੂੰਨੀ ਅਨਸਰਾਂ ਦੀ ਮਦਦ ਕਰਨ ਦੇ ਗੰਭੀਰ ਦੋਸ਼ ਲਾਉਂਦੇ ਹੋਏ ਵੀਰਵਾਰ ਐੱਸਡੀਐੱਮ ਦਫ਼ਤਰ ਸ਼ਾਹਕੋਟ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ। ਡੇਰਾ ਕਮੇਟੀ ਦੇ ਰਜਿਸਟਰਡ ਟਰੱਸਟ ਦੇ ਨੁਮਾਇੰਦਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਮਸਤ ਬਾਬਾ ਦਾਨੇਵਾਲ ਦੀ ਦਰਗਾਹ 'ਤੇ 3, 4 ਤੇ 5 ਜੁਲਾਈ ਨੂੰ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 40-45 ਸਾਲਾਂ ਤੋਂ ਬਾਬਾ ਭਜਨ ਸ਼ਾਹ ਨੇ ਇਸ ਦਰਬਾਰ ਦੀ ਸੇਵਾ ਕੀਤੀ ਤੇ ਇਸ ਨੂੰ ਆਬਾਦ ਕੀਤਾ। ਇਸ ਡੇਰੇ ਦੀ ਸਾਢੇ ਪੰਜ ਏਕੜ ਦੇ ਕਰੀਬ ਜ਼ਮੀਨ ਦੀ ਰਜਿਸਟਰੀ ਵੀ ਬਾਬਾ ਭਜਨ ਸ਼ਾਹ ਦੇ ਨਾਮ 'ਤੇ ਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਕੁਝ ਸਮੇਂ ਤੋਂ ਕੁਝ ਗ਼ੈਰ-ਕਾਨੂੰਨੀ ਅਨਸਰਾਂ ਵੱਲੋਂ ਡੇਰੇ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਜਦੋਂ ਸਾਲਾਨਾ ਮੇਲਾ ਨਜ਼ਦੀਕ ਹੈ, ਤਾਂ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਉੱਥੇ ਟੈਂਟ ਲਗਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਦਕਿ ਡੇਰੇ ਦੇ ਵਾਰਿਸਾਂ ਤੇ ਸੇਵਾਦਾਰਾਂ ਨੂੰ ਮੇਲੇ ਦੀ ਸੇਵਾ ਸੰਭਾਲ ਕਰਨ ਤੇ ਟੈਂਟ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ।
ਟਰੱਸਟ ਮੈਂਬਰਾਂ ਨੇ ਪ੍ਰਸ਼ਾਸਨ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਐੱਸਡੀਐੱਮ ਸਿਆਸੀ ਪ੍ਰਭਾਵ ਹੇਠ ਕੰਮ ਕਰ ਰਹੇ ਹਨ। ਜਦਕਿ ਸਾਡਾ ਟਰੱਸਟ ਪੂਰੀ ਤਰ੍ਹਾਂ ਰਜਿਸਟਰਡ ਹੈ ਤੇ ਜ਼ਮੀਨ ਦੇ ਕਾਗਜ਼ਾਤ ਸਾਡੇ ਕੋਲ ਹਨ ਪਰ ਪ੍ਰਸ਼ਾਸਨ ਦੂਜੀ ਧਿਰ ਦੀ ਮਦਦ ਕਰ ਰਿਹਾ ਹੈ। ਵੀਰਵਾਰ ਸਵੇਰ ਤੋਂ ਐੱਸਡੀਐੱਮ ਸ਼ਾਹਕੋਟ ਨਾਲ ਸਾਡੇ ਮੋਹਤਬਰਾਂ ਦੀਆਂ ਦੋ-ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਵੀ ਇਨਸਾਫ਼ ਵਾਲਾ ਸਿੱਟਾ ਨਹੀਂ ਨਿਕਲਿਆ। ਪ੍ਰਸ਼ਾਸਨ ਉਲਟਾ ਸਾਡੇ ਬੰਦਿਆਂ 'ਤੇ ਦਬਾਅ ਪਾ ਕੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਉੱਥੇ ਮੇਲਾ ਨਾ ਕਰਵਾ ਸਕੀਏ। ਪ੍ਰਦਰਸ਼ਨਕਾਰੀਆਂ ਨੇ ਡੇਰੇ ਦੀ ਗੋਲਕ ਦੇ ਚੜ੍ਹਾਵੇ ਨੂੰ ਲੈ ਕੇ ਵੀ ਵੱਡੇ ਖ਼ੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਡੇਰੇ ਵਿਖੇ ਹਰ ਹਫ਼ਤੇ ਕਰੀਬ ਡੇਢ ਤੋਂ ਦੋ ਲੱਖ ਰੁਪਏ ਦਾ ਚੜ੍ਹਾਵਾ ਆਉਂਦਾ ਹੈ ਪਰ ਇਸ ਪੈਸੇ ਦਾ ਕੋਈ ਵੀ ਹਿਸਾਬ-ਕਿਤਾਬ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਲੱਖਾ ਰੁਪਏ ਦਾ ਗ਼ਬਨ ਕੀਤਾ ਜਾ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਗੋਲਕ ਦੀ ਜਾਂਚ ਕਰਵਾਈ ਜਾਵੇ ਤੇ ਸਰਕਾਰੀ ਤਾਲਾ ਲਾ ਕੇ 'ਰਿਸੀਵਰ' ਨਿਯੁਕਤ ਕੀਤਾ ਜਾਵੇ। ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂਆਂ ਨੇ ਸੜਕਾਂ 'ਤੇ ਦਰੀਆਂ ਵਿਛਾ ਕੇ ਜਾਮ ਲਗਾ ਦਿੱਤਾ। ਇਸ ਕਾਰਨ ਸ਼ਾਹਕੋਟ ਸ਼ਹਿਰ ਅੰਦਰ ਆਉਣ ਵਾਲੀਆਂ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਾਲਾਨਾ ਮੇਲੇ ਨੂੰ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਤੁਰੰਤ ਨਿਰਪੱਖ ਕਾਰਵਾਈ ਕਰੇ। ਇਸ ਸਬੰਧੀ ਐੱਸਡੀਐੱਮ ਸ਼ਾਹਕੋਟ ਨਾਲ ਇਸ ਮਾਮਲੇ ਸਬੰਧੀ ਉਨ੍ਹਾਂ ਦਾ ਪੱਖ ਜਾਣਨ ਲਈ ਜਦੋਂ ਮੋਬਾਈਲ ਨੰ. 77172-71777 ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।