- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਓਲ ਨਗਰ ਦੇ ਲੋਕ ਆਵਾਰਾ ਕੁੱਤਿਆਂ ਅਤੇ ਬੇਸਹਾਰਾ ਪਸ਼ੂਆਂ ਤੋਂ ਪ੍ਰੇਸ਼ਾਨ

----ਲੋਕਾਂ ਦੇ ਘਰਾਂ ਦੇ ਬਾਹਰ ਹਰਿਆਲੀ ਨੂੰ ਖ਼ਰਾਬ ਕਰ ਰਹੇ ਹਨ ਬੇਸਹਾਰਾ ਪਸ਼ੂ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਵਾਰਡ ਨੰਬਰ 40 ਦੇ ਅਧੀਨ ਦੇ ਆਉਂਦੇ ਦਿਓਲ ਨਗਰ, ਨਿਉ ਦਿਓਲ ਨਗਰ, ਦਸਮੇਸ਼ ਨਗਰ, ਨਿਊ ਦਸਮੇਸ਼ ਨਗਰ ਦੇ ਲੋਕ ਆਵਾਰਾ ਕੁੱਤਿਆਂ ਅਤੇ ਬੇਸਹਾਰਾ ਪਸ਼ੂਆਂ ਤੋਂ ਕਾਫੀ ਪਰੇਸ਼ਾਨ ਹਨ ਤੇ ਲੋਕਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਇਲਾਕੇ ਦੇ ਲੋਕਾਂ ਭਲਵਿੰਦਰ ਸਿੰਘ ਧਨੌਲਾ, ਵਿਜੇ ਕੁਮਾਰ, ਅਮਿਤ ਕੁਮਾਰ, ਕੁਲਦੀਪ ਕੁਮਾਰ, ਪ੍ਰਦੀਪ ਕੁਮਾਰ ਆਦਿ ਨੇ ਕਿਹਾ ਕਿ ਇਲਾਕੇ ’ਚ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਇਹ ਆਵਾਰਾ ਕੁੱਤੇ ਦਿਨ ਰਾਤ ਆਉਂਦੇ ਜਾਂਦੇ ਲੋਕਾਂ ਦੇ ਵਾਹਨਾਂ ਪਿੱਛੇ ਭੱਜਦੇ ਹਨ ਤੇ ਲੋਕ ਇਨ੍ਹਾਂ ਤੋਂ ਬਚਾਅ ਲਈ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ| ਲੋਕਾਂ ਦਾ ਕਹਿਣਾ ਹੈ ਕਿ ਆਵਾਰਾ ਕੁੱਤੇ ਇਲਾਕੇ ’ਚ ਕਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਢ ਚੁੱਕੇ ਹਨ, ਜਿਸ ਕਰਕੇ ਲੋਕ ਡਰਦੇ ਹੋਏ ਆਪਣੇ ਬੱਚਿਆਂ ਨੂੰ ਗਲੀਆਂ ਅਤੇ ਪਾਰਕ ’ਚ ਖੇਡਣ ਲਈ ਨਹੀਂ ਭੇਜਦੇ ਹਨ, ਜਿਸ ਕਰਕੇ ਬੱਚੇ ਮੋਬਾਈਲਾਂ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ ਜਾਂ ਫਿਰ ਘਰ ਦੇ ਅੰਦਰ ਬੈਠ ਬੈਠ ਕੇ ਚਿੜਚਿੜੇ ਸੁਭਾਅ ਦੇ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੇ ਡਰੋਂ ਬਹੁਤੇ ਲੋਕਾਂ ਨੇ ਸੈਰ ਕਰਨੀ ਵੀ ਛੱਡ ਦਿੱਤੀ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਲਾਕੇ ’ਚ ਬੇਸਹਾਰਾ ਪਸ਼ੂਆਂ ਵੀ ਘੁੰਮਦੇ ਰਹਿੰਦੇ ਹਨ ਤੇ ਉਹ ਲੋਕਾਂ ਦੇ ਘਰਾਂ ਦੇ ਬਾਹਰ ਲੱਗੀ ਹਰਿਆਲੀ ਨੂੰ ਖ਼ਰਾਬ ਕਰਦੇ ਹਨ ਤੇ ਬੂਟੇ ਖਾ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਬੜੀ ਮੁਸ਼ਕਲ ਨਾਲ ਬੂਟਿਆਂ ਨੂੰ ਦੇਖਭਾਲ ਕਰਕੇ ਵੱਡੇ ਕਰਦੇ ਹਨ ਪਰ ਬੇਸਹਾਰਾ ਪਸ਼ੂ ਜੋ ਕਿ ਦਿਨ ਭਰ ਇਲਾਕੇ ’ਚ ਘੁੰਮਦੇ ਹਨ, ਇਨ੍ਹਾਂ ਨੂੰ ਖ਼ਰਾਬ ਕਰ ਜਾਂਦੇ ਹਨ। ਲੋਕਾਂ ਨੇ ਨਿਗਮ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਪਾਸੇ ਧਿਆਨ ਦੇ ਕੇ ਉਨ੍ਹਾਂ ਦੀ ਇਸ ਪਰੇਸ਼ਾਨੀ ਦਾ ਹੱਲ ਕੀਤਾ ਜਾਵੇ।
--------------------------
ਕੀ ਕਹਿੰਦੇ ਹਨ ਇਲਾਕਾ ਕੌਂਸਲਰ ਅਜੇ ਬੱਬਲ
ਇਸ ਸਬੰਧੀ ਜਦੋਂ ਇਲਾਕੇ ਦੇ ਭਾਜਪਾ ਕੌਂਸਲਰ ਅਜੇ ਬੱਬਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂ ਨਗਰ ਨਿਗਮ ਵੱਲੋਂ ਚੁੱਕੇ ਜਾ ਰਹੇ ਹਨ ਪਰ ਆਵਾਰਾ ਕੁੱਤਿਆਂ ਨੂੰ ਨਹੀਂ ਚੁੱਕਿਆ ਜਾ ਰਿਹਾ ਹੈ ਕਿਉਂਕਿ ਆਵਾਰਾ ਕੁੱਤਿਆਂ ਨੂੰ ਰੱਖਣ ਲਈ ਕੋਈ ਸ਼ੈਲਟਰ ਨਹੀਂ ਹੈ। ਕੌਂਸਲਰ ਅਜੇ ਬੱਬਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਆਵਾਰਾ ਕੁੱਤਿਆਂ ਸਬੰਧੀ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ ਤੇ ਲੋਕ ਆਵਾਰਾ ਕੁੱਤਿਆਂ ਤੋਂ ਕਾਫੀ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਉਨ੍ਹਾਂ ਕੋਲ ਆਵਾਰਾ ਕੁੱਤਿਆਂ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਵੱਢਣ ਦੀਆਂ ਸ਼ਿਕਾਇਤਾਂ ਵੀ ਲੈ ਕੇ ਆ ਰਹੇ ਹਨ ਤੇ ਨਗਰ ਨਿਗਮ ਨੂੰ ਇਸ ਪਾਸੇ ਪਹਿਲ ਦੇ ਆਧਾਰ ’ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਵਾਰਾ ਕੁੱਤਿਆਂ ਦਾ ਖ਼ੌਫ਼ ਕਾਫੀ ਵਧ ਚੁੱਕਾ ਹੈ।