- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰਦ ਕੇਂਦਰ ਦੇ ਬਾਹਰ ਪੱਖੇ ਬੰਦ ਗਰਮੀ ਨਾਲ ਪ੍ਰੇਸ਼ਾਨ ਹੁੰਦੇ ਰਹੇ ਲੋਕ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਇੱਕ ਪਾਸੇ ਲੋਕਾਂ ਨੂੰ ਪਰੇਸ਼ਾਨੀ ਰਹਿਤ ਸੇਵਾਵਾਂ ਦੇਣ ਦਾ ਦਾਅਵਾ ਕਰਦੇ ਹਨ ਤੇ ਦੂਜੇ ਪਾਸੇ ਸਰਕਾਰੀ ਦਫ਼ਤਰਾਂ ’ਚ ਸਹੂਲਤਾਂ ਨਾ ਮਿਲਣ ਕਰਕੇ ਲੋਕ ਪਰੇਸ਼ਾਨ ਹੁੰਦੇ ਫਿਰ ਰਹੇ ਹਨ ਇਸ ਦੀ ਇਕ ਝਲਕ ਅੱਜ ਤਹਿਸੀਲ ਕੰਪਲੈਕਸ ਵਿਖੇ ਸਥਿਤ ਫ਼ਰਦ ਕੇਂਦਰ-2 ਵਿਖੇ ਵੇਖਣ ਨੂੰ ਮਿਲੀ ਜਿੱਥੇ ਪੱਖੇ ਨਾ ਚੱਲਣ ਕਰਕੇ ਲੋਕ ਗਰਮੀ ’ਚ ਪਰੇਸ਼ਾਨੀ ਹੁੰਦੇ ਨਜ਼ਰ ਆਏ। ਇਸ ਦੌਰਾਨ ਆਪਣੇ ਕੰਮ ਲਈ ਆਏ ਵਕੀਲ ਅਸ਼ੋਕ ਸ਼ਰਮਾ, ਰਾਜ ਕੁਮਾਰ, ਦੀਪ ਸਿੰਘ, ਮਨਦੀਪ ਸਿੰਘ ਅਤੇ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਅੱਜ ਫ਼ਰਦ ਕੇਂਦਰ ਵਿਖੇ ਤੇ ਸਬ-ਰਜਿਸਟਰਾਰ ਦਫ਼ਤਰ ਵਿਖੇ ਕੰਮ ਲਈ ਆਏ ਸਨ। ਸਬ-ਰਜਿਸਟਰਾਰ ਦਫ਼ਤਰ ਵਿਖੇ ਏਸੀ ਚੱਲ ਰਹੇ ਸਨ ਪਰ ਲੋਕਾਂ ਦੀ ਭੀੜ ਜ਼ਿਆਦਾ ਹੋਣ ਕਰਕੇ ਉਨ੍ਹਾਂ ਦੀ ਕੂਲਿੰਗ ਨਾ ਦੇ ਬਰਾਬਰ ਸੀ ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਇਹ ਏਸੀ ਪੁਰਾਣੇ ਲੱਗੇ ਹੋਏ ਹਨ ਇਸ ਲਈ ਇਨ੍ਹਾਂ ਦੀ ਬਹੁਤੀ ਕੂਲਿੰਗ ਨਹੀਂ ਹੋ ਰਹੀ ਹੈ। ਇਸ ਤੋਂ ਇਲਾਵਾ ਫ਼ਰਦ ਕੇਂਦਰ-2 ਵਿਖੇ ਤੇ ਹੋਰ ਵੀ ਮਾੜਾ ਹਾਲ ਵੇਖਣ ਨੂੰ ਮਿਲਿਆ ਜਿੱਥੇ ਇੱਕ ਵੀ ਪੱਖਾ ਨਹੀਂ ਚਲ ਰਿਹਾ ਸੀ ਤੇ ਉਮਸ ਭਰੀ ਗਰਮੀ ’ਚ ਲੋਕ ਵੇਟਿੰਗ ਹਾਲ ’ਚ ਬਿਨਾਂ ਪੱਖਿਆਂ ਤੋਂ ਪਸੀਨੇ ਨਾਲ ਭਿੱਜੇ ਕੰਮ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਬਿਜਲੀ ਹੋਣ ਦੇ ਬਾਵਜੂਦ ਇੱਕ ਵੀ ਪੱਖਾ ਨਹੀਂ ਚਲ ਰਿਹਾ ਹੈ, ਕੁਝ ਥਾਵਾਂ ’ਤੇ ਪੱਖਿਆਂ ਦਾ ਸਿਰਫ਼ ਕਲੰਪ ਹੀ ਲੱਗੇ ਵੇਖੇ ਗਏ ਪਰ ਪੱਖਾ ਵੇਖਣ ਨੂੰ ਨਹੀਂ ਮਿਲਿਆ। ਲੋਕਾਂ ਨੇ ਕਿਹਾ ਕਿ ਪੱਖੇ ਨਾ ਹੋਣ ਕਰਕੇ ਉਨ੍ਹਾਂ ਦਾ ਗਰਮੀ ਨਾਲ ਬਹੁਤ ਮਾੜਾ ਹਾਲ ਹੋ ਗਿਆ। ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਸਿਰਫ਼ ਆਪਣੇ ਕੰਮ ਦੀ ਮਜਬੂਰੀ ਪਿੱਛੇ ਉੱਥੇ ਖੜ੍ਹੇ ਸਨ। ਲੋਕਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਫ਼ਰਦ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰਾਂ ’ਚ ਵੱਡੀ ਗਿਣਤੀ ’ਚ ਰੋਜ ਲੋਕ ਕੰਮ ਲਈ ਆਉਂਦੇ ਹਨ ਤੇ ਇਸ ਲਈ ਗਰਮੀ ਨੂੰ ਧਿਆਨ ’ਚ ਰੱਖਦੇ ਹੋਏ ਇੱਥੇ ਪੱਖਿਆਂ ਤੇ ਏਸੀ ਦੇ ਪ੍ਰਬੰਧ ਕਰਵਾਇਆ ਜਾਵੇ ਤਾਂ ਕਿ ਲੋਕ ਗਰਮੀ ’ਚ ਆਰਾਮ ਨਾਲ ਬੈਠ ਕੇ ਆਪਣੇ ਕੰਮ ਲਈ ਵਾਰੀ ਦਾ ਇੰਤਜ਼ਾਰ ਕਰ ਸਕਣ।