- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਗਟ ਸਿੰਘ ਨੇ ਸਿਆਸੀ ਲੀਡਰਸ਼ਿਪ ਨੂੰ ਵੀ ਵਕਤ ਦੀ ਨਬਜ਼ ਪਛਾਣਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਦੌਰ ਵਿੱਚ ਲੀਡਰਸ਼ਿਪ ਨੂੰ ਰਵਾਇਤੀ ਸਿਆਸਤ ਤੋਂ ਉੱਪਰ ਉੱਠ ਕੇ ਇੱਕ ਸੱਚੀ ਸੋਚ ਅਤੇ ਸਪਸ਼ਟ ਸਮਝ ਨਾਲ ਲੋਕਾਂ ਦੀ ਕਚਹਿਰੀ ਵਿੱਚ ਵਿਚਰਨ ਦੀ ਲੋੜ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਜਲੰਧਰ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਅੱਜ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਅਤੇ ਉਮੀਦ ਪ੍ਰਗਟ ਕਰਦਿਆਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਇੱਕ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਪੰਜਾਬ ਨੂੰ ਮੁੜ ਤੋਂ ‘ਸੋਨੇ ਦੀ ਚਿੜੀ’ ਬਣਾਉਣਾ ਚਾਹੁੰਦੇ ਹਾਂ, ਤਾਂ ਇਸ ਲਈ ਲੋਕਤੰਤਰ ਦੇ ਚਾਰੇ ਥੰਮ੍ਹਾਂ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ, ਤਨਦੇਹੀ ਅਤੇ ਪਾਰਦਰਸ਼ਤਾ ਨਾਲ ਨਿਭਾਉਣੀ ਪਵੇਗੀ। ਇਹ ਵਿਚਾਰ ਵਿਧਾਇਕ ਪਰਗਟ ਸਿੰਘ ਨੇ ਪੰਜਾਬੀ ਜਾਗਰਣ ਅਖ਼ਬਾਰ ਦੀ 15ਵੀਂ ਵਰੇਗੰਢ ਮੌਕੇ ਜਲੰਧਰ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਲੋਕਤੰਤਰ ਵਿੱਚ ਸੁਤੰਤਰ, ਨਿਰਪੱਖ ਅਤੇ ਜ਼ਿੰਮੇਵਾਰ ਮੀਡੀਆ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੁੰਦੀ ਹੈ ਅਤੇ ਅਜਿਹੇ ਮੌਕਿਆਂ ’ਤੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਇਕੱਠੇ ਬੈਠ ਕੇ ਸੂਬੇ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ।
ਪਰਗਟ ਸਿੰਘ ਨੇ ਸਿਆਸੀ ਲੀਡਰਸ਼ਿਪ ਨੂੰ ਵੀ ਵਕਤ ਦੀ ਨਬਜ਼ ਪਛਾਣਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਦੌਰ ਵਿੱਚ ਲੀਡਰਸ਼ਿਪ ਨੂੰ ਰਵਾਇਤੀ ਸਿਆਸਤ ਤੋਂ ਉੱਪਰ ਉੱਠ ਕੇ ਇੱਕ ਸੱਚੀ ਸੋਚ ਅਤੇ ਸਪਸ਼ਟ ਸਮਝ ਨਾਲ ਲੋਕਾਂ ਦੀ ਕਚਹਿਰੀ ਵਿੱਚ ਵਿਚਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਕਈ ਗੰਭੀਰ ਸੰਕਟਾਂ ਅਤੇ ਮਸਲਿਆਂ ਨਾਲ ਜੂਝ ਰਿਹਾ ਹੈ। ਇਨ੍ਹਾਂ ਮਸਲਿਆਂ ਅਤੇ ਲੋਕ ਸਰੋਕਾਰਾਂ ਬਾਰੇ ਸਿਰਫ਼ ਸਿਆਸੀ ਬਿਆਨਬਾਜ਼ੀ ਕਰਨ ਦੀ ਬਜਾਏ, ਸਾਰੇ ਹਿੱਸੇਦਾਰਾਂ ਨੂੰ ਮਿਲ-ਬੈਠ ਕੇ ਗੰਭੀਰਤਾ ਨਾਲ ਚਰਚਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਸਾਰਥਕ ਤੇ ਸਥਾਈ ਹੱਲ ਲੱਭਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਰਫ਼ ਆਰਥਿਕ ਤੌਰ ’ਤੇ ਹੀ ਨਹੀਂ, ਸਗੋਂ ਸਮਾਜਿਕ, ਸਿੱਖਿਆ ਅਤੇ ਨੈਤਿਕ ਪੱਖੋਂ ਵੀ ਮਜ਼ਬੂਤ ਬਣਾਉਣ ਦੀ ਲੋੜ ਹੈ। ਇਸ ਲਈ ਨੌਜਵਾਨਾਂ ਨੂੰ ਉਸਾਰੂ ਸੋਚ, ਗੁਣਵੱਤਾ ਭਰਪੂਰ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਸਾਨੂੰ ਆਪਣੇ ਨੌਜਵਾਨਾਂ ਦੀ ਸਮਰੱਥਾ ਅਤੇ ਊਰਜਾ ਨੂੰ ਸਹੀ ਦਿਸ਼ਾ ਦੇਣੀ ਪਵੇਗੀ।
ਅਜੋਕੇ ਡਿਜੀਟਲ ਯੁਗ ਬਾਰੇ ਗੱਲ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਭਾਵੇਂ ਅੱਜ ਸੋਸ਼ਲ ਮੀਡੀਆ ਦਾ ਬੋਲਬਾਲਾ ਹੈ ਅਤੇ ਖ਼ਬਰਾਂ ਸਕਿੰਟਾਂ ਵਿੱਚ ਫੈਲ ਜਾਂਦੀਆਂ ਹਨ, ਪਰ ਇਸ ਦੇ ਬਾਵਜੂਦ ਪ੍ਰਿੰਟ ਮੀਡੀਆ ਦੀ ਪ੍ਰਮਾਣਿਕਤਾ ਅਤੇ ਭਰੋਸੇਯੋਗਤਾ ਨੂੰ ਕਿਸੇ ਵੀ ਕੀਮਤ ’ਤੇ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸੋਸ਼ਲ ਮੀਡੀਆ ’ਤੇ ਚੱਲਦੀਆਂ ਕਈ ਫ਼ਰਜ਼ੀ ਖ਼ਬਰਾਂ ਦੇ ਦੌਰ ਵਿੱਚ ਅਖ਼ਬਾਰ ਅੱਜ ਵੀ ਸਮਾਜ ਦਾ ਸਭ ਤੋਂ ਵੱਧ ਭਰੋਸੇਮੰਦ ਸਰੋਤ ਹਨ।
ਇਸ ਦੌਰਾਨ ਉਨ੍ਹਾਂ ਪ੍ਰਮੁੱਖ ਪੰਜਾਬੀ ਅਖ਼ਬਾਰ ‘ਪੰਜਾਬੀ ਜਾਗਰਣ’ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਪਰਗਟ ਸਿੰਘ ਨੇ ਆਖਿਆ, “ਅੱਜ ਦੇ ਵਪਾਰਕ ਦੌਰ ਵਿੱਚ ਵੀ ‘ਪੰਜਾਬੀ ਜਾਗਰਣ’ ਨਿਰਪੱਖ, ਨਿਡਰ ਅਤੇ ਸੱਚੀ ਪੱਤਰਕਾਰੀ ਕਰਕੇ ਸਮਾਜ ਪ੍ਰਤੀ ਆਪਣੇ ਫ਼ਰਜ਼ ਨੂੰ ਬਹੁਤ ਹੀ ਬਖ਼ੂਬੀ ਨਾਲ ਨਿਭਾ ਰਿਹਾ ਹੈ। ਅਜਿਹੇ ਅਦਾਰੇ ਲੋਕਤੰਤਰ ਦੀ ਮਜ਼ਬੂਤੀ ਲਈ ਬੇਹੱਦ ਜ਼ਰੂਰੀ ਹਨ।”
ਉਨ੍ਹਾਂ ਕਿਹਾ ਕਿ ਪੰਜਾਬੀ ਜਾਗਰਣ ਨੇ ਪਿਛਲੇ ਪੰਦਰਾਂ ਸਾਲਾਂ ਦੌਰਾਨ ਸਮਾਜਿਕ, ਸੱਭਿਆਚਾਰਕ, ਧਾਰਮਿਕ ਅਤੇ ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਨਿਰੰਤਰ ਪ੍ਰਮੁੱਖਤਾ ਨਾਲ ਉਠਾ ਕੇ ਲੋਕਾਂ ਦੀ ਆਵਾਜ਼ ਬਣਨ ਦਾ ਕੰਮ ਕੀਤਾ ਹੈ। ਅਖ਼ਬਾਰ ਦੀ ਇਹ ਯਾਤਰਾ ਪੰਜਾਬੀ ਪੱਤਰਕਾਰੀ ਲਈ ਇੱਕ ਮਿਸਾਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਅਦਾਰਾ ਸਮਾਜਿਕ ਜ਼ਿੰਮੇਵਾਰੀ ਨੂੰ ਇਸੇ ਤਰ੍ਹਾਂ ਨਿਭਾਉਂਦਾ ਰਹੇਗਾ, ਅਜਿਹੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਿਆਸੀ ਪਾਰਟੀਆਂ, ਸਮਾਜਿਕ ਸੰਸਥਾਵਾਂ, ਉਦਯੋਗ ਜਗਤ, ਕਿਸਾਨਾਂ, ਬੁੱਧੀਜੀਵੀਆਂ ਅਤੇ ਮੀਡੀਆ ਨੂੰ ਆਪਸੀ ਸਹਿਯੋਗ ਨਾਲ ਕੰਮ ਕਰਨਾ ਚਾਹੀਦਾ ਹੈ। ਜਦੋਂ ਸਮਾਜ ਦੇ ਸਾਰੇ ਵਰਗ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਅੱਗੇ ਵਧਣਗੇ ਤਾਂ ਪੰਜਾਬ ਨੂੰ ਮੁੜ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਲਿਆਉਣਾ ਸੰਭਵ ਹੋਵੇਗਾ।
ਉਨ੍ਹਾਂ ਅਖੀਰ ਵਿੱਚ ਸਮੂਹ ਪੰਜਾਬੀਆਂ ਅਤੇ ਹਰ ਵਰਗ ਦੇ ਆਗੂਆਂ ਨੂੰ ਸੂਬੇ ਦੇ ਸੁਹਿਰਦ ਭਵਿੱਖ ਲਈ ਇੱਕਜੁੱਟ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ, ਤਾਂ ਜੋ ਪੰਜਾਬ ਨੂੰ ਦੁਬਾਰਾ ਖੁਸ਼ਹਾਲੀ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕੇ।