ਲੁੱਟਾਂ-ਖੋਹਾਂ ਦੇ ਮੱਦੇਨਜ਼ਰ ਪੁਲਿਸ ਗਸ਼ਤ ਵਧਾਉਣ ਦੀ ਮੰਗ ਫਗਵਾੜਾ-ਵਿਰਕ ਰੋਡ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨਾਲ ਦਹਿਸ਼ਤ, ਇਲਾਕਾ ਵਾਸੀਆਂ ਨੇ ਪੁਲਿਸ ਗਸ਼ਤ ਵਧਾਉਣ ਦੀ ਕੀਤੀ ਮੰਗ
Publish Date: Tue, 30 Jun 2026 06:40 PM (IST)
Updated Date: Tue, 30 Jun 2026 06:40 PM (IST)
-ਦੁਸਾਂਝ ਕਲਾਂ ਪੁਲਿਸ ਚੌਕੀ ’ਚ ਨਫ਼ਰੀ ਦੀ ਘਾਟ, 16 ਪਿੰਡਾਂ ਲਈ ਸਿਰਫ਼ ਤਿੰਨ ਮੁਲਾਜ਼ਮ ਤਾਇਨਾਤ, ਸੱਤ ਅਸਾਮੀਆਂ ਖਾਲੀ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ਦੇ ਥਾਣਾ ਗੁਰਾਇਆ ਅਧੀਨ ਆਉਂਦੇ ਫਗਵਾੜਾ-ਵਿਰਕ ਰੋਡ ਤੇ ਲਗਾਤਾਰ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਇਲਾਕੇ ਦੇ ਲੋਕਾਂ ’ਚ ਡਰ ਤੇ ਰੋਸ ਦਾ ਮਾਹੌਲ ਹੈ। ਵਾਰਦਾਤਾਂ ਤੋਂ ਬਾਅਦ ਲੋਕਾਂ ਨੇ ਪੁਲਿਸ ਗਸ਼ਤ ਵਧਾਉਣ ਤੇ ਦੁਸਾਂਝ ਕਲਾਂ ਪੁਲਿਸ ਚੌਕੀ ’ਚ ਸਟਾਫ਼ ਦੀ ਘਾਟ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਹੈ। ਤਾਜ਼ਾ ਘਟਨਾ ’ਚ ਪਿੰਡ ਵਿਰਕ ਦੀ ਵਸਨੀਕ ਸੱਤਿਆ ਪਤਨੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਫਗਵਾੜਾ ਤੋਂ ਆਟੋ ਰਿਕਸ਼ਾ ਰਾਹੀਂ ਆਪਣੇ ਪਿੰਡ ਵਾਪਸ ਆ ਰਹੀ ਸੀ। ਆਟੋ ’ਚ ਉਸ ਤੋਂ ਇਲਾਵਾ ਪੰਜ ਹੋਰ ਸਵਾਰੀਆਂ ਵੀ ਮੌਜੂਦ ਸਨ। ਜਦੋਂ ਆਟੋ ਪਿੰਡ ਵਿਰਕ ਨੇੜੇ ਪਹੁੰਚਿਆ ਤਾਂ ਸਕੂਟਰੀ ਤੇ ਸਵਾਰ ਤਿੰਨ ਨੌਜਵਾਨਾਂ ਨੇ ਦਾਤਰਾਂ ਦੀ ਨੋਕ ਤੇ ਆਟੋ ਰੁਕਵਾ ਲਿਆ ਤੇ ਉਸ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਖਿੱਚ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਇਸੇ ਤਰ੍ਹਾਂ ਇਕ ਹੋਰ ਘਟਨਾ ਦਾ ਜ਼ਿਕਰ ਕਰਦਿਆਂ ਪ੍ਰਭਜੋਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੀ ਸੱਸ ਸੁਰਿੰਦਰ ਕੌਰ ਉਰਫ਼ ਰਾਣੋ ਪਤਨੀ ਪ੍ਰੇਮ ਚੰਦ ਨਾਲ ਸਕੂਟਰੀ ਤੇ ਫਗਵਾੜਾ ਤੋਂ ਪਿੰਡ ਵਿਰਕ ਆ ਰਹੀ ਸੀ। ਨਹਿਰ ਤੇ ਪਿੰਡ ਵਿਰਕ ਦੇ ਵਿਚਕਾਰ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀਆਂ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ ਪ੍ਰਭਜੋਤ ਕੌਰ ਦੇ ਕੰਨ ’ਚੋਂ ਇਕ ਸੋਨੇ ਦੀ ਵਾਲੀ ਖਿੱਚ ਲਈ ਤੇ ਫ਼ਰਾਰ ਹੋ ਗਏ। ਇਸ ਸਬੰਧੀ ਦੁਸਾਂਝ ਕਲਾਂ ਪੁਲਿਸ ਚੌਕੀ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪ੍ਰਭਜੋਤ ਕੌਰ ਨੇ ਕਿਹਾ ਕਿ ਇਲਾਕੇ ਦੇ ਲੋਕਾਂ ’ਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਜਿੱਥੇ ਵੀਆਈਪੀ ਸੁਰੱਖਿਆ ਲਈ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ, ਉੱਥੇ 16 ਪਿੰਡਾਂ ਦੀ ਸੁਰੱਖਿਆ ਲਈ ਦੁਸਾਂਝ ਕਲਾਂ ਪੁਲਿਸ ਚੌਕੀ ’ਚ ਸਿਰਫ਼ ਤਿੰਨ ਮੁਲਾਜ਼ਮ ਹੀ ਡਿਊਟੀ ਨਿਭਾ ਰਹੇ ਹਨ, ਜਦਕਿ ਸੱਤ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਨਫ਼ਰੀ ਦੀ ਘਾਟ ਕਾਰਨ ਗਸ਼ਤ ਪ੍ਰਭਾਵਿਤ ਹੋ ਰਹੀ ਹੈ, ਜਿਸ ਦਾ ਫ਼ਾਇਦਾ ਅਪਰਾਧੀ ਚੁੱਕ ਰਹੇ ਹਨ। ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫਗਵਾੜਾ-ਵਿਰਕ ਰੋਡ ਤੇ ਨਿਯਮਿਤ ਗਸ਼ਤ ਵਧਾਈ ਜਾਵੇ ਤੇ ਪੁਲਿਸ ਚੌਕੀ ’ਚ ਲੋੜੀਂਦਾ ਸਟਾਫ਼ ਤਾਇਨਾਤ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।