- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਨਾ ਟਰੈਫਿਕ ਲਾਈਟਾਂ , ਸਾਈਨ ਬੋਰਡ ਅਤੇ ਸਪੀਡ ਲਿਮੀਟ ਦੇ ਹਨ ਜਲੰਧਰ ਤੋੰ ਕਿਸ਼ਨਗੜ੍ਹਕ ਦੇ ਕਰੀਬ ਅਧਾ ਦਰਜਨ ਚੌੰਕ

ਜਲੰਧਰ ਤੋਂ ਕਿਸ਼ਨਗੜ੍ਹ ਦੇ ਕਰੀਬ ਛੇ ਚੌਕਾਂ ’ਚ ਓਵਰਸਪੀਡ ਬਣੀ ਜਾਨ ਦਾ ਖੌਅ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ :
ਪਠਾਨਕੋਟ ਰਾਸ਼ਟਰੀ ਹਾਈਵੇ ’ਤੇ ਪਠਾਨਕੋਟ ਚੌਕ ਤੋਂ ਕਿਸ਼ਨਗੜ੍ਹ ਤੱਕ ਲਗਭਗ ਸੱਤ ਕਿੱਲੋਮੀਟਰ ਦਾ ਰਸਤਾ ਕਿਸੇ ਵੀ ਤਰ੍ਹਾਂ ਲਿਹਾਜ਼ੇ ਨਾਲ ਸੁਰੱਖਿਅਤ ਨਹੀ ਹੈ। ਇਸ ਕਰ ਕੇ ਇਸ ਹਾਈਵੇ 'ਤੇ ਹਾਦਸੇ ਨਿਯਮਿਤ ਤੌਰ 'ਤੇ ਜਾਨਾਂ ਜਾਂ ਗੰਭੀਰ ਸੱਟਾਂ ਦਾ ਕਾਰਨ ਬਣਦੇ ਹਨ। ਸੋਮਵਾਰ ਸਵੇਰੇ ਕਿਸ਼ਨਗੜ੍ਹ ਨੇੜੇ ਅਜਿਹਾ ਹੀ ਇੱਕ ਹਾਦਸਾ ਵਾਪਰਿਆ, ਜਿਸ ’ਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਪੰਜ ਜ਼ਖਮੀ ਹੋ ਗਏ। ਕਾਰਨ ਇਹ ਹੈ ਕਿ ਐੱਨਐੱਚਏਆਈ ਸੜਕ ਸੁਰੱਖਿਆ ਮਿਆਰਾਂ ਪ੍ਰਤੀ ਗੰਭੀਰ ਨਹੀਂ ਹੈ। ਕਈ ਸਾਲਾਂ ਤੋਂ ਡਿਪਟੀ ਕਮਿਸ਼ਨਰ ਦੀ ਮੌਜੂਦਗੀ ’ਚ ਸੜਕ ਸੁਰੱਖਿਆ ਕਮੇਟੀ ਦੀਆਂ ਬਲੈਕ ਸਪਾਟਸ ਤੇ ਸੁਰੱਖਿਆ ਮਿਆਰਾਂ ਬਾਰੇ ਸਵਾਲ ਉਠਾਏ ਜਾ ਰਹੇ ਹਨ, ਫਿਰ ਵੀ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਮਿਲਦਾ। ਸੋਮਵਾਰ ਸਵੇਰੇ ਹੋਏ ਹਾਦਸੇ ਤੋਂ ਬਾਅਦ ਅਦਾਰਾ ਜਾਗਰਣ ਦੀ ਟੀਮ ਨੇ ਇਸ ਹਾਈਵੇ 'ਤੇ ਸੁਰੱਖਿਆ ਮਿਆਰਾਂ ਦੀ ਜਾਂਚ ਕੀਤੀ, ਜਿਸ ਦੌਰਾਨ ਕਾਗਜ਼ਾਂ ’ਚ ਚੱਲ ਰਹੀਆਂ ਤਿਆਰੀਆਂ ਦਾ ਪਰਦਾਫਾਸ਼ ਹੋਇਆ। ਪਠਾਨਕੋਟ ਚੌਕ ਤੋਂ ਕਿਸ਼ਨਗੜ੍ਹ ਤੱਕ ਹਾਈਵੇ 'ਤੇ ਅੱਧਾ ਦਰਜਨ ਚੌਕ ਹਨ, ਜਿਨ੍ਹਾਂ ’ਚ ਰੇਰੂ, ਬੁਲੰਦਪੁਰ, ਰਾਓਚਲੀ, ਬੱਲਾਂ ਤੇ ਕਿਸ਼ਨਗੜ੍ਹ ਸ਼ਾਮਲ ਹਨ, ਜਿੱਥੇ ਵਾਹਨ ਚੱਲਦੇ ਨਹੀਂ ਉੱਡਦੇ ਹਨ। ਹਾਲਾਂਕਿ ਕਿਸੇ ਵੀ ਚੌਕ 'ਚ ਟ੍ਰੈਫਿਕ ਲਾਈਟਾਂ ਨਹੀਂ ਹਨ। ਚੌਕ ਤੋਂ ਪਹਿਲਾਂ ਜਾਂ ਬਾਅਦ ’ਚ ਕੋਈ ਰਫ਼ਤਾਰ ਹੱਦ ਜਾਂ ਸਾਈਨ ਬੋਰਡ ਨਹੀਂ ਹਨ। ਡਰਾਈਵਰ ਆਪਣੀ ਮਰਜ਼ੀ ਨਾਲ ਵਾਹਨ ਮੋੜ ਲੈਂਦੇ ਹਨ, ਜਿਸ ਨਾਲ ਸਾਹਮਣੇ ਵਾਲੇ ਵਾਹਨਾਂ ਦੀ ਸੁਰੱਖਿਆ ਦੀ ਕੋਈ ਗਰੰਟੀ ਨਹੀਂ ਰਹਿੰਦੀ। ਹਾਈਵੇ ਦੇ ਨਾਲ ਸਰਵਿਸ ਰੋਡ ਕਈ ਥਾਵਾਂ 'ਤੇ ਅਚਾਨਕ ਗਾਇਬ ਹੋ ਜਾਂਦੇ ਹਨ, ਮੁੱਖ ਸੜਕ ਨਾਲ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਪਿੰਡਾਂ ਰਾਹੀਂ ਤੋਂ ਹਾਈਵੇ ’ਤੇ ਦਾਖਲ ਹੋਣ ਵਾਲੇ ਵਾਹਨਾਂ ਦਾ ਵਾਧੂ ਦਬਾਅ ਹੁੰਦਾ ਹੈ। ਸੈਂਟਰਲ ਵਰਜ 'ਤੇ ਲੋਹੇ ਦੀ ਗਰਿੱਲ ਕਈ ਥਾਵਾਂ 'ਤੇ ਟੁੱਟੀਆ ਹਨ, ਜਿਸ ਕਾਰਨ ਪੈਦਲ ਚੱਲਣ ਵਾਲੇ ਲੋਕ ਤੇਜ਼ ਰਫ਼ਤਾਰ ਵਾਹਨਾਂ ਦੀ ਲਪੇਟ ’ਚ ਆ ਜਾਂਦੇ ਹਨ।
-------------
ਕਿਸ਼ਨਗੜ੍ਹ ’ਚ ਫਲਾਈਓਵਰ ਬਣਾਉਣ ਦਾ ਪ੍ਰੋਜੈਕਟ ਲਟਕਿਆ
ਜਲੰਧਰ-ਭੋਗਪੁਰ ਹਾਈਵੇ 'ਤੇ ਹਾਦਸਿਆਂ ਤੇ ਟ੍ਰੈਫਿਕ ਜਾਮ ਦੇ ਮੱਦੇਨਜ਼ਰ, ਕਿਸ਼ਨਗੜ੍ਹ ’ਚ ਦੋ ਕਿੱਲੋਮੀਟਰ ਲੰਬਾ ਫਲਾਈਓਵਰ ਬਣਾਉਣ ਦੀ ਤਜਵੀਜ਼ਪਿਛਲੇ ਸਾਲ ਤਿਆਰ ਕੀਤੀ ਗਈ ਸੀ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੀ ਇਕ ਟੀਮ ਨੇ ਦਸੰਬਰ 2025 ਵਿੱਚ ਇੱਕ ਸਰਵੇਖਣ ਕੀਤਾ ਸੀ। ਵਿਸਥਾਰਤ ਰਿਪੋਰਟ ਮਨਜ਼ੂਰੀ ਲਈ ਦਿੱਲੀ ’ਚ ਐੱਨਐੱਚਏਆਈ ਹੈੱਡਕੁਆਰਟਰ ਨੂੰ ਭੇਜੀ ਗਈ ਸੀ। ਇਸ ਪ੍ਰਵਾਨਗੀ ਤੋਂ ਬਾਅਦ ਹੀ ਪ੍ਰੋਜੈਕਟ ਦਾ ਡਿਜ਼ਾਈਨ, ਅੰਦਾਜ਼ਾ ਤੇ ਟੈਂਡਰ ਪ੍ਰਕਿਰਿਆ ਸ਼ੁਰੂ ਹੋਵੇਗੀ। ਨਵਾਂ ਪ੍ਰੋਜੈਕਟ ਕਿਸ਼ਨਗੜ੍ਹ ਚੌਕ 'ਤੇ ਅਕਸਰ ਹੋਣ ਵਾਲੇ ਹਾਦਸਿਆਂ ਨੂੰ ਰੋਕੇਗਾ ਤੇ ਸਥਾਨਕ ਟ੍ਰੈਫਿਕ ਭੀੜ ਨੂੰ ਘਟਾਏਗਾ। ਨਵਾਂ ਫਲਾਈਓਵਰ ਬਣਨ ਤੋਂ ਬਾਅਦ ਕਿਸ਼ਨਗੜ੍ਹ ਨਾਲ ਜੁੜੇ ਪਿੰਡਾਂ ਤੋਂ ਸਥਾਨਕ ਆਵਾਜਾਈ ਸਰਵਿਸ ਰੋਡ ਜਾਂ ਹੇਠਾਂ ਤੋਂ ਲੰਘੇਗੀ, ਜਿਸ ਨਾਲ ਵਾਹਨਾਂ ਨੂੰ ਬਾਹਰ ਨਿਕਲਣ ਲਈ ਸਿੱਧਾ ਰਸਤਾ ਮਿਲੇਗਾ। ਪਹਿਲਾਂ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਸੜਕ ਸੁਰੱਖਿਆ ਕਮੇਟੀ ਦੀ ਸਿਫਾਰਸ਼ 'ਤੇ ਲੋਕ ਨਿਰਮਾਣ ਵਿਭਾਗ ਨੇ ਕਿਸ਼ਨਗੜ੍ਹ ਚੌਕ 'ਤੇ ਇੱਕ ਟ੍ਰੈਫਿਕ ਲਾਈਟ ਲਾਈ ਸੀ। ਇਸ ਦੇ ਬਾਵਜੂਦ ਲਿੰਕ ਰੋਡ ਤੋਂ ਆਉਣ ਵਾਲੇ ਵਾਹਨਾਂ ਕਾਰਨ ਹਾਦਸੇ ਨਹੀ ਰੁਕੇ।
---------
ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ’ਚ ਚੁੱਕਾਂਗੇ ਮੁੱਦੇ : ਸੈਣੀ
ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਦਾ ਕਹਿਣਾ ਹੈ ਕਿ ਪਠਾਨਕੋਟ ਚੌਕ ਤੋਂ ਕਿਸ਼ਨਗੜ੍ਹ ਤੱਕ ਬਲੈਕ ਸਪਾਟ ਨੂੰ ਖਤਮ ਕਰਨ ਦੇ ਮੁੱਦੇ 'ਤੇ ਕਮੇਟੀ ਦੀਆਂ ਮੀਟਿੰਗਾਂ ’ਚ ਕਈ ਵਾਰ ਚਰਚਾ ਕੀਤੀ ਗਈ ਹੈ। ਇਸ ਦੇ ਬਾਵਜੂਦ ਐੱਨਐੱਚਏਆਈ ਇਸ ਪ੍ਰਤੀ ਗੰਭੀਰ ਨਹੀਂ ਹੈ। ਇਸ ਮੁੱਦੇ ਨੂੰ ਅਗਲੀ ਕਮੇਟੀ ਦੀ ਮੀਟਿੰਗ ’ਚ ਡੀਸੀ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ ਤਾਂ ਜੋ ਐੱਨਐੱਚਏਆਈ ਦੇ ਅਧਿਕਾਰੀ ਠੋਸ ਕਾਰਵਾਈ ਕਰ ਸਕਣ।
------------
3 ਮਹੀਨਿਆਂ ’ਚ 97 ਹਾਦਸੇ, 14 ਜਾਨਾਂ ਗਈਆਂ, 61 ਜ਼ਖਮੀ
ਨੂਰਪੁਰ ਤੋਂ ਚੋਲਾਂਗ ਤੱਕ ਪਠਾਨਕੋਟ ਹਾਈਵੇ 'ਤੇ ਤਾਇਨਾਤ ਸੜਕ ਸੁਰੱਖਿਆ ਫੋਰਸ ਦੁਆਰਾ ਦੱਸੇ ਗਏ ਹਾਦਸਿਆਂ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਫੋਰਸ ਅਨੁਸਾਰ, ਪਿਛਲੇ ਤਿੰਨ ਮਹੀਨਿਆਂ ’ਚ ਹਾਈਵੇਅ 'ਤੇ ਕੁੱਲ 97 ਹਾਦਸੇ, ਵਾਪਰੇ, ਜਿਸ ਦੌਰਾਨ 14 ਮੌਤਾਂ ਹੋਈਆਂ, ਜਦਕਿ 61 ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ 27 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ।