- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਆਬਾ ਖੇਤਰ ’ਚ ਦਲਿਤ ਭਾਈਚਾਰੇ ਦੀ ਆਬਾਦੀ ਲਗਭਗ 35 ਤੋਂ 45 ਫੀਸਦੀ ਦੇ ਕਰੀਬ ਹੈ, ਜੋ ਕਿਸੇ ਵੀ ਪਾਰਟੀ ਦੀ ਜਿੱਤ-ਹਾਰ ਦਾ ਫੈਸਲਾ ਕਰਦੀ ਹੈ। ਪਿਛਲੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗਠਜੋੜ ਕਰਕੇ ਇਸ ਵੋਟ ਬੈਂਕ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਸੀ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੀ ਸਿਆਸਤ ’ਚ ਇੱਕ ਨਵਾਂ ਮੋੜ ਆਇਆ ਹੈ। ਇਕ ਵੱਡੇ ਘਟਨਾਕ੍ਰਮ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਮੁੜ ਗਠਜੋੜ ਹੋਣ ਨਾਲ ਸੂਬੇ ਦੇ ਸਿਆਸੀ ਗਲਿਆਰਿਆਂ ’ਚ ਹਲਚਲ ਤੇਜ਼ ਹੋ ਗਈ ਹੈ। 2020 ’ਚ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਵੱਖ ਹੋਏ ਇਨ੍ਹਾਂ ਦੋਵਾਂ ਪੁਰਾਣੇ ਭਾਈਵਾਲਾਂ ਦੇ ਮੁੜ ਇਕੱਠੇ ਹੋਣ ਦਾ ਸਭ ਤੋਂ ਸਿੱਧਾ ਅਤੇ ਡੂੰਘਾ ਅਸਰ ਪੰਜਾਬ ਦੇ 'ਦੁਆਬਾ' ਖੇਤਰ (ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ) ਦੀ ਸਿਆਸਤ 'ਤੇ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਵਿਧਾਨ ਸਭਾ ਦੀਆਂ ਕੁੱਲ 117 ਵਿੱਚੋਂ 23 ਸੀਟਾਂ ਵਾਲੇ ਇਸ ਖਿੱਤੇ ਵਿੱਚ ਸੱਤਾ ਦੀ ਚਾਬੀ ਹਮੇਸ਼ਾ ਸ਼ਹਿਰੀ ਹਿੰਦੂ, ਪੇਂਡੂ ਸਿੱਖ ਅਤੇ ਦਲਿਤ ਵੋਟਰਾਂ ਦੇ ਸੰਤੁਲਨ ਕੋਲ ਰਹੀ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦੁਆਬੇ ਵਿੱਚ ਭਾਜਪਾ ਦਾ ਸ਼ਹਿਰੀ ਹਿੰਦੂ ਵੋਟਰਾਂ (ਖ਼ਾਸਕਰ ਜਲੰਧਰ, ਹੁਸ਼ਿਆਰਪੁਰ ਅਤੇ ਫਗਵਾੜਾ ਵਰਗੇ ਹਲਕਿਆਂ ਵਿੱਚ) 'ਤੇ ਚੰਗਾ ਆਧਾਰ ਰਿਹਾ ਹੈ, ਜਦਕਿ ਅਕਾਲੀ ਦਲ ਦੀ ਪਕੜ ਪੇਂਡੂ ਅਤੇ ਪੰਥਕ ਵੋਟ ਬੈਂਕ ਵਿੱਚ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਦੇ ਵੱਖ-ਵੱਖ ਲੜਨ ਕਾਰਨ ਵੋਟਾਂ ਦੀ ਵੰਡ ਹੋਈ ਸੀ, ਜਿਸ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਮਿਲਿਆ ਸੀ। ਹੁਣ ਦੋਵਾਂ ਦਲਾਂ ਦੇ ਮੁੜ ਇਕੱਠੇ ਹੋਣ ਨਾਲ ਕਈ ਸੀਟਾਂ 'ਤੇ ਵੋਟ ਪ੍ਰਤੀਸ਼ਤ ਇਕਜੁੱਟ ਹੋ ਕੇ ਵਿਰੋਧੀ ਧਿਰਾਂ ਲਈ ਵੱਡੀ ਚੁਣੌਤੀ ਖੜ੍ਹੀ ਕਰ ਸਕਦਾ ਹੈ।
ਦਲਿਤ ਵੋਟ ਬੈਂਕ ਦੀ ਅਹਿਮ ਭੂਮਿਕਾ
ਦੁਆਬਾ ਖੇਤਰ ’ਚ ਦਲਿਤ ਭਾਈਚਾਰੇ ਦੀ ਆਬਾਦੀ ਲਗਭਗ 35 ਤੋਂ 45 ਫੀਸਦੀ ਦੇ ਕਰੀਬ ਹੈ, ਜੋ ਕਿਸੇ ਵੀ ਪਾਰਟੀ ਦੀ ਜਿੱਤ-ਹਾਰ ਦਾ ਫੈਸਲਾ ਕਰਦੀ ਹੈ। ਪਿਛਲੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗਠਜੋੜ ਕਰਕੇ ਇਸ ਵੋਟ ਬੈਂਕ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਭਾਜਪਾ ਨਾਲ ਹੱਥ ਮਿਲਾਉਣ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੁਆਬੇ ਦੇ ਦਲਿਤ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਹੋਵੇਗੀ, ਕਿਉਂਕਿ ਕਾਂਗਰਸ ਅਤੇ 'ਆਪ' ਪਹਿਲਾਂ ਹੀ ਇਸ ਵਰਗ ਵਿੱਚ ਆਪਣੀ ਮਜ਼ਬੂਤ ਪਕੜ ਬਣਾਈ ਬੈਠੀਆਂ ਹਨ।
ਕਿਸਾਨੀ ਰੋਸ ਤੇ ਐੱਨਆਰਆਈ ਭਾਈਚਾਰੇ ਦਾ ਰੁਖ਼
ਦੁਆਬੇ ਨੂੰ 'ਐਨ.ਆਰ.ਆਈ. ਬੈਲਟ' ਵੀ ਕਿਹਾ ਜਾਂਦਾ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਾ ਇਸ ਖਿੱਤੇ ਦੀ ਸਿਆਸਤ ਅਤੇ ਆਰਥਿਕਤਾ 'ਤੇ ਵੱਡਾ ਪ੍ਰਭਾਵ ਹੈ। ਕਿਸਾਨ ਅੰਦੋਲਨ ਦੌਰਾਨ ਪੈਦਾ ਹੋਈ ਨਾਰਾਜ਼ਗੀ ਅਜੇ ਵੀ ਪੇਂਡੂ ਖੇਤਰਾਂ ਅਤੇ ਪਰਵਾਸੀ ਪੰਜਾਬੀਆਂ ਦੇ ਮਨਾਂ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ। ਕਿਸਾਨ ਜਥੇਬੰਦੀਆਂ ਵੱਲੋਂ ਇਸ ਗਠਜੋੜ ਪ੍ਰਤੀ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਅਜਿਹੇ ਵਿੱਚ ਪੇਂਡੂ ਹਲਕਿਆਂ ਜਿਵੇਂ ਕਿ ਸ਼ਾਹਕੋਟ, ਨਕੋਦਰ, ਕਰਤਾਰਪੁਰ, ਆਦਮਪੁਰ, ਸੁਲਤਾਨਪੁਰ ਲੋਧੀ ਅਤੇ ਬੰਗਾ ਵਿੱਚ ਅਕਾਲੀ ਆਗੂਆਂ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੁਰਾਣੇ ਸਮਝੌਤੇ ਤਹਿਤ ਭਾਜਪਾ ਪੰਜਾਬ ਵਿੱਚ 23 ਸੀਟਾਂ 'ਤੇ ਚੋਣ ਲੜਦੀ ਸੀ, ਜਿਨ੍ਹਾਂ ਵਿੱਚੋਂ ਵੱਡਾ ਹਿੱਸਾ ਦੋਆਬੇ ਦੀਆਂ ਸ਼ਹਿਰੀ ਅਤੇ ਅਰਧ-ਸ਼ਹਿਰੀ ਸੀਟਾਂ (ਜਿਵੇਂ ਜਲੰਧਰ ਉੱਤਰੀ, ਜਲੰਧਰ ਕੇਂਦਰੀ, ਜਲੰਧਰ ਪੱਛਮੀ, ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ ਅਤੇ ਫਗਵਾੜਾ) ਦਾ ਹੁੰਦਾ ਸੀ ਪਰ ਇਸ ਵਾਰ ਭਾਜਪਾ ਪਹਿਲਾਂ ਨਾਲੋਂ ਵੱਧ ਸੀਟਾਂ ਦੀ ਮੰਗ ਕਰ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਕਾਂਗਰਸ ਅਤੇ 'ਆਪ' ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਕਈ ਦਿੱਗਜ ਆਗੂਆਂ ਨੂੰ ਐਡਜਸਟ ਕਰਨਾ ਗਠਜੋੜ ਲਈ ਟੇਢੀ ਖੀਰ ਸਾਬਤ ਹੋਵੇਗਾ। ਟਿਕਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਸਥਾਨਕ ਆਗੂਆਂ ਵਿੱਚ ਅੰਦਰੂਨੀ ਬਗਾਵਤ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਕੁੱਲ ਮਿਲਾ ਕੇ, ਭਾਜਪਾ-ਅਕਾਲੀ ਗਠਜੋੜ ਨੇ ਦੋਆਬੇ ਦੀ ਸਿਆਸਤ ਨੂੰ ਮੁੜ ਤਿਕੋਣੀ ਜਾਂ ਚਹੁੰਕੋਣੀ ਮੁਕਾਬਲੇ ਵੱਲ ਧੱਕ ਦਿੱਤਾ ਹੈ। ਜਿੱਥੇ ਇਹ ਗਠਜੋੜ ਸ਼ਹਿਰੀ ਵੋਟਾਂ ਦੇ ਸਹਾਰੇ ਆਪਣੀ ਹੋਂਦ ਬਚਾਉਣ ਅਤੇ ਸੱਤਾ ਵਿੱਚ ਵਾਪਸੀ ਦੀ ਉਮੀਦ ਲਗਾਈ ਬੈਠਾ ਹੈ, ਉੱਥੇ ਹੀ ਪੇਂਡੂ ਵੋਟਰਾਂ ਦਾ ਭਰੋਸਾ ਮੁੜ ਜਿੱਤਣਾ ਅਤੇ ਦਲਿਤ ਵੋਟ ਬੈਂਕ ਵਿੱਚ ਸੰਨ੍ਹ ਲਾਉਣਾ ਇਸ ਦੀ ਅਸਲ ਪ੍ਰੀਖਿਆ ਹੋਵੇਗੀ।