
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੈਟਰੀਮੋਨੀਅਲ ਸਾਈਟ ’ਤੇ ਔਰਤ ਦੀ ਪ੍ਰੋਫਾਈਲ ਦੇਖ ਕੇ ਸ਼ੁਰੂ ਹੋਈ ਗੱਲਬਾਤ ਹੌਲੀ-ਹੌਲੀ ਭਰੋਸੇ ਵਿਚ ਬਦਲ ਗਈ ਅਤੇ ਇਸ ਭਰੋਸੇ ਦਾ ਫਾਇਦਾ ਚੁੱਕ ਕੇ ਦੋਸ਼ੀਆਂ ਨੇ ਉਨ੍ਹਾਂ ਤੋਂ ਲਗਪਗ 12 ਲੱਖ ਰੁਪਏ ਠੱਗ ਲਏ। ਰਕਮ ਵੱਖ-ਵੱਖ ਬਹਾਨਿਆਂ ਨਾਲ ਕਈ ਵਾਰੀ ਟਰਾਂਸਫਰ ਕਰਵਾਈ ਗਈ।

ਸੁਕਰਾਂਤ, ਜਾਗਰਣ, ਜਲੰਧਰ : ਵਿਆਹ ਲਈ ਆਨਲਾਈਨ ਜੀਵਨ ਸਾਥੀ ਲੱਭਣਾ ਸ਼ਾਹਕੋਟ ਨੇੜੇ ਰਹਿਣ ਵਾਲੇ ਇਟਲੀ ਤੋਂ ਆਏ ਇਕ ਬਜ਼ੁਰਗ ਐੱਨਆਰਆਈ ਨੂੰ ਮਹਿੰਗਾ ਪੈ ਗਿਆ। ਜਨਵਰੀ ਮਹੀਨੇ ਵਿਚ ਕੀਤੀ ਗਈ ਸ਼ਿਕਾਇਤ ਤੋਂ ਬਾਅਦ 2 ਅਗਸਤ ਨੂੰ ਪੁਲਿਸ ਵਿਚ ਮਾਮਲਾ ਦਰਜ ਕੀਤਾ ਗਿਆ।
ਮੈਟਰੀਮੋਨੀਅਲ ਸਾਈਟ ’ਤੇ ਔਰਤ ਦੀ ਪ੍ਰੋਫਾਈਲ ਦੇਖ ਕੇ ਸ਼ੁਰੂ ਹੋਈ ਗੱਲਬਾਤ ਹੌਲੀ-ਹੌਲੀ ਭਰੋਸੇ ਵਿਚ ਬਦਲ ਗਈ ਅਤੇ ਇਸ ਭਰੋਸੇ ਦਾ ਫਾਇਦਾ ਚੁੱਕ ਕੇ ਦੋਸ਼ੀਆਂ ਨੇ ਉਨ੍ਹਾਂ ਤੋਂ ਲਗਪਗ 12 ਲੱਖ ਰੁਪਏ ਠੱਗ ਲਏ। ਰਕਮ ਵੱਖ-ਵੱਖ ਬਹਾਨਿਆਂ ਨਾਲ ਕਈ ਵਾਰੀ ਟਰਾਂਸਫਰ ਕਰਵਾਈ ਗਈ। ਪੈਸੇ ਮਿਲਣ ਤੋਂ ਬਾਅਦ ਜਦੋਂ ਸੰਪਰਕ ਟੁੱਟ ਗਿਆ ਤਾਂ ਪੀੜਤ ਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਬਜ਼ੁਰਗ ਸੁਖਦੇਵ ਨੇ ਦੱਸਿਆ ਕਿ ਉਹ ਇਟਲੀ ਤੋਂ ਪੰਜਾਬ ਆਇਆ ਸੀ। ਉਸ ਦੀ ਪਤਨੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਬੱਚੇ ਸ਼ਾਦੀਸ਼ੁਦਾ ਹਨ। ਇਸ ਲਈ ਉਸ ਨੇ ਆਪਣੇ ਲਈ ਜੀਵਨ ਸਾਥੀ ਲੱਭਣ ਲਈ ਆਨਲਾਈਨ ਮੈਟਰੀਮੋਨੀਅਲ ਸਾਈਟਾਂ ’ਤੇ ਪ੍ਰੋਫਾਈਲ ਦੇਖਣੀ ਸ਼ੁਰੂ ਕੀਤੀ। ਇਸ ਦੌਰਾਨ ਉਸ ਨੂੰ ਇਕ ਵਿਧਵਾ ਔਰਤ ਦੀ ਪ੍ਰੋਫਾਈਲ ਪਸੰਦ ਆਈ। ਪ੍ਰੋਫਾਈਲ ਵਿਚ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਉਨ੍ਹਾਂ ਨੇ ਔਰਤ ਨਾਲ ਸੰਪਰਕ ਕੀਤਾ। ਸ਼ੁਰੂਆਤੀ ਗੱਲਬਾਤ ਆਮ ਰਹੀ ਅਤੇ ਹੌਲੀ-ਹੌਲੀ ਦੋਵਾਂ ਵਿਚਾਲੇ ਫੋਨ ’ਤੇ ਗੱਲਬਾਤ ਹੋਣ ਲੱਗੀ।
ਫੋਟੋ ਤੇ ਦੂਜੀ ਔਰਤ ਨਾਲ ਫੋਨ ’ਤੇ ਗੱਲਬਾਤ ਕਰਵਾ ਕੇ ਝਾਂਸੇ ’ਚ ਲਿਆ
ਠੱਗੀ ਕਰਨ ਵਾਲਿਆਂ ਨੇ ਪੀੜਤ ਨੂੰ ਭਰੋਸੇ ’ਚ ਲੈਣ ਲਈ ਔਰਤ ਦੀ ਫੋਟੋ ਭੇਜੀ। ਇਸ ਤੋਂ ਇਲਾਵਾ ਇਕ ਹੋਰ ਔਰਤ ਨਾਲ ਵੀ ਫੋਨ ’ਤੇ ਗੱਲਬਾਤ ਕਰਵਾਈ ਗਈ। ਗੱਲਬਾਤ ਦਾ ਤਰੀਕਾ ਅਜਿਹਾ ਰੱਖਿਆ ਗਿਆ ਕਿ ਪੀੜਤ ਨੂੰ ਲੱਗਾ ਕਿ ਉਹ ਅਸਲ ਵਿਚ ਵਿਆਹ ਦੇ ਪ੍ਰਸਤਾਵ ਨਾਲ ਜੁੜੇ ਪਰਿਵਾਰ ਦੇ ਲੋਕਾਂ ਨਾਲ ਸੰਪਰਕ ਵਿਚ ਹਨ। ਕੁਝ ਸਮੇਂ ਤੱਕ ਗੱਲਬਾਤ ਜਾਰੀ ਰਹਿਣ ਤੋਂ ਬਾਅਦ ਦੋਸ਼ੀਆਂ ਨੇ ਵੱਖ-ਵੱਖ ਜ਼ਰੂਰਤਾਂ ਅਤੇ ਪਰੇਸ਼ਾਨੀਆਂ ਦਾ ਹਵਾਲਾ ਦੇ ਕੇ ਪੀੜਤ ਤੋਂ ਆਰਥਿਕ ਮਦਦ ਮੰਗਣੀ ਸ਼ੁਰੂ ਕਰ ਦਿੱਤੀ। ਸ਼ੁਰੂਆਤ ਵਿਚ ਛੋਟੀ ਰਕਮ ਮੰਗੀ ਗਈ। ਪੀੜਤ ਨੇ ਇਸ ਨੂੰ ਆਮ ਮਦਦ ਸਮਝ ਕੇ ਪੈਸੇ ਦੇ ਦਿੱਤੇ। ਇਸ ਤੋਂ ਬਾਅਦ ਵੱਖ-ਵੱਖ ਬਹਾਨਿਆਂ ਨਾਲ ਰਕਮ ਦੀ ਮੰਗ ਵਧਦੀ ਗਈ। ਭਰੋਸਾ ਪਹਿਲਾਂ ਹੀ ਬਣ ਚੁੱਕਾ ਸੀ, ਇਸ ਲਈ ਪੀੜਤ ਵਾਰ-ਵਾਰ ਪੈਸੇ ਟਰਾਂਸਫਰ ਕਰਦੇ ਰਹੇ। ਇਸ ਤਰ੍ਹਾਂ ਕਈ ਲੈਣ-ਦੇਣ ਵਿਚ ਲਗਪਗ 12 ਲੱਖ ਰੁਪਏ ਮੁਲਜ਼ਮਾਂ ਤੱਕ ਪਹੁੰਚ ਗਏ।
ਰਕਮ ਮਿਲਦੇ ਹੀ ਟੁੱਟ ਗਿਆ ਸੰਪਰਕ
ਜਦੋਂ ਪੀੜਤ ਨੇ ਵੱਡੀ ਰਕਮ ਟਰਾਂਸਫਰ ਕਰ ਦਿੱਤੀ ਤਾਂ ਦੂਜੇ ਪਾਸੇ ਗੱਲਬਾਤ ਘੱਟ ਹੋਣ ਲੱਗੀ। ਫੋਨ ਕਾਲ ਅਤੇ ਮੈਸੇਜ ਦਾ ਜਵਾਬ ਮਿਲਣਾ ਵੀ ਬੰਦ ਹੋ ਗਿਆ। ਇਸ ਤੋਂ ਬਾਅਦ ਪੀੜਤ ਨੇ ਆਪਣੇ ਪੱਧਰ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਉਦੋਂ ਉਸ ਨੂੰ ਸਮਝ ਆਇਆ ਕਿ ਵਿਆਹ ਦੇ ਨਾਂ ’ਤੇ ਉਸ ਨਾਲ ਠੱਗੀ ਕੀਤੀ ਗਈ ਹੈ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ।
ਇਕ ਸਾਲ ’ਚ 15 ਤੋਂ ਜ਼ਿਆਦਾ ਲੋਕ ਹੋ ਚੁੱਕੇ ਹਨ ਠੱਗਾਂ ਦਾ ਸ਼ਿਕਾਰ
ਪਿਛਲੇ ਇਕ ਸਾਲ ਵਿਚ 15 ਤੋਂ ਜ਼ਿਆਦਾ ਲੋਕ ਅਜਿਹੇ ਠੱਗਾਂ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ, ਜੋ ਵਿਦੇਸ਼ ਜਾਣ ਦੀ ਇੱਛਾ ਰੱਖਦੀਆਂ ਸਨ। ਜ਼ਿਆਦਾਤਰ ਮਾਮਲਿਆਂ ਵਿਚ ਵਿਦੇਸ਼ ਜਾਣ ਲਈ ਅਤੇ ਵਿਦੇਸ਼ ਵਿਚ ਦਸਤਾਵੇਜ਼ ਪੂਰੇ ਕਰਨ ਲਈ ਪੈਸਿਆਂ ਦੀ ਮੰਗ ਕੀਤੀ ਗਈ।
ਕੇਸ ਸਟਡੀ 1 : ਚੁਗਿੱਟੀ ਨੇੜੇ ਰਹਿਣ ਵਾਲੇ ਇਕ ਮੁਲਜ਼ਮ ਨੇ ਆਪਣੇ ਆਪ ਨੂੰ ਵਿਦੇਸ਼ ਵਿਚ ਵਧੀਆ ਨੌਕਰੀ ਕਰਨ ਵਾਲਾ ਵਿਅਕਤੀ ਦੱਸਿਆ। ਲਗਾਤਾਰ ਵੀਡੀਓ ਕਾਲ ਤੇ ਚੈਟ ਜ਼ਰੀਏ ਸਾਹਮਣੇ ਵਾਲੇ ਦਾ ਭਰੋਸਾ ਜਿੱਤਣ ਤੋਂ ਬਾਅਦ ਤਲਾਕਸ਼ੁਦਾ ਔਰਤ ਨੂੰ ਕਿਹਾ ਕਿ ਉਹ ਜਲਦੀ ਭਾਰਤ ਆ ਕੇ ਵਿਆਹ ਕਰੇਗਾ। ਇਸ ਤੋਂ ਬਾਅਦ ਏਅਰਪੋਰਟ ’ਤੇ ਸਾਮਾਨ ਛੁਡਵਾਉਣ, ਕਸਟਮ ਫੀਸ, ਟੈਕਸ ਜਾਂ ਕਿਸੇ ਐਮਰਜੈਂਸੀ ਦੇ ਨਾਂ ’ਤੇ ਪੈਸੇ ਮੰਗੇ। ਇਕ ਵਾਰੀ ਰਕਮ ਮਿਲਣ ਤੋਂ ਬਾਅਦ ਸੰਪਰਕ ਖਤਮ ਹੋ ਗਿਆ। ਔਰਤ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੇ ਸਾਈਬਰ ਵਿਚ ਸ਼ਿਕਾਇਤ ਦਿੱਤੀ ਅਤੇ ਮਾਮਲਾ ਦਰਜ ਹੋ ਗਿਆ।
ਕੇਸ ਸਟਡੀ 2 : ਵਿਆਹ ਤੋਂ ਬਾਅਦ ਵਿਦੇਸ਼ ਲਿਜਾਣ ਦੇ ਲਾਲਚ
ਭੋਗਪੁਰ ਦੀ ਇਕ ਔਰਤ ਠੱਗੀ ਦਾ ਸ਼ਿਕਾਰ ਹੋ ਗਈ। ਆਨਲਾਈਨ ਸਾਈਟ ਸਰਚ ਕੀਤੀ ਤਾਂ ਇਕ ਸਾਈਟ ’ਤੇ ਮਿਲੇ ਮੁਲਜ਼ਮ ਨੇ ਆਪਣੇ ਆਪ ਨੂੰ ਵਿਦੇਸ਼ ਵਿਚ ਸੈਟਲ ਦੱਸ ਕੇ ਵਿਆਹ ਤੋਂ ਬਾਅਦ ਪਤਨੀ ਨੂੰ ਵਿਦੇਸ਼ ਲਿਜਾਣ ਦਾ ਭਰੋਸਾ ਦੇ ਕੇ ਵੀਜ਼ਾ, ਟਿਕਟ, ਇਮੀਗ੍ਰੇਸ਼ਨ, ਮੈਡੀਕਲ ਜਾਂ ਦਸਤਾਵੇਜ਼ਾਂ ਦੇ ਨਾਂ ’ਤੇ ਪੈਸੇ ਮੰਗੇ। ਔਰਤ ਨੇ ਆਪਣੇ ਗਹਿਣੇ ਆਦਿ ਵੇਚ ਕੇ ਨੌਂ ਲੱਖ ਰੁਪਏ ਦੇ ਦਿੱਤੇ ਪਰ ਬਾਅਦ ਵਿਚ ਪਤਾ ਲੱਗਾ ਕਿ ਠੱਗੀ ਦਾ ਸ਼ਿਕਾਰ ਹੋ ਗਈ।
ਜਾਂਚ ਕਰਨ ਤੋਂ ਬਾਅਦ ਹੀ ਕਰੋ ਭਰੋਸਾ
ਸਾਈਬਰ ਐਕਸਪਰਟ ਪਲਵਿੰਦਰ ਸਿੰਘ ਨੇ ਦੱਸਿਆ ਕਿ ਆਨਲਾਈਨ ਮੈਟਰੀਮੋਨੀਅਲ ਪਲੇਟਫਾਰਮ ਆਪਣੇ ਆਪ ਵਿਚ ਠੱਗੀ ਦਾ ਜ਼ਰੀਆ ਨਹੀਂ ਹਨ, ਪਰ ਇੱਥੇ ਦਿਖਾਈ ਦੇਣ ਵਾਲੀ ਹਰ ਪ੍ਰੋਫਾਈਲ ਨੂੰ ਅਸਲ ਮੰਨ ਲੈਣਾ ਜੋਖਮ ਭਰਿਆ ਹੋ ਸਕਦਾ ਹੈ। ਖਾਸ ਕਰ ਕੇ ਐੱਨਆਰਆਈ, ਵਿਧਵਾ, ਵਿਦੇਸ਼ ਵਿਚ ਨੌਕਰੀ, ਵੱਡੀ ਜਾਇਦਾਦ ਜਾਂ ਜਲਦੀ ਵਿਆਹ ਵਰਗੇ ਦਾਅਵਿਆਂ ਨਾਲ ਜੇਕਰ ਆਰਥਿਕ ਮਦਦ ਦੀ ਮੰਗ ਜੁੜ ਜਾਵੇ ਤਾਂ ਵਧੇਰੇ ਸਾਵਧਾਨੀ ਜ਼ਰੂਰੀ ਹੈ। ਵਿਆਹ ਜੀਵਨ ਦਾ ਵੱਡਾ ਫੈਸਲਾ ਹੈ, ਇਸ ਲਈ ਭਾਵਨਾਵਾਂ ਤੋਂ ਪਹਿਲਾਂ ਪਛਾਣ ਅਤੇ ਪੈਸੇ ਭੇਜਣ ਤੋਂ ਪਹਿਲਾਂ ਪੂਰੀ ਜਾਂਚ ਹੀ ਸਭ ਤੋਂ ਮਜ਼ਬੂਤ ਬਚਾਅ ਹੈ।