- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਪੰਜਾਬ

ਜਾਸ, ਜਲੰਧਰ : ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਨਿਗਮ ਵੱਲੋਂ ਇਮਾਰਤਾਂ ਤੇ ਦੁਕਾਨਾਂ ਨਾਲ ਜੁੜੀਆਂ ਸ਼ਿਕਾਇਤਾਂ ਦਾ ਅਧੂਰਾ ਰਿਕਾਰਡ ਭੇਜਣ 'ਤੇ ਨਾਰਾਜ਼ਗੀ ਜਤਾਈ ਹੈ। ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰ ਸਿੰਘ ਬਰਾੜ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਪੱਤਰ ਲਿਖ ਕੇ 7 ਦਿਨਾਂ ਦੇ ਅੰਦਰ ਪੂਰੀ ਰਿਪੋਰਟ ਤੇ ਰਿਕਾਰਡ ਭੇਜਣ ਦੇ ਹੁਕਮ ਦਿੱਤੇ ਹਨ। ਨਗਰ ਨਿਗਮ ਮਾਰਚ ਮਹੀਨੇ ਤੋਂ ਹੀ ਰਿਕਾਰਡ ਦੇਣ ’ਚ ਦੇਰੀ ਕਰ ਰਿਹਾ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਚੀਫ ਵਿਜੀਲੈਂਸ ਅਫਸਰ ਕੁਲਵਿੰਦਰ ਸਿੰਘ ਨੇ 20 ਮਾਰਚ 2026 ਨੂੰ ਨਾਜਾਇਜ਼ ਇਮਾਰਤਾਂ ਦੀ ਜਾਂਚ ਕੀਤੀ ਸੀ। ਉਸ ਤੋਂ ਬਾਅਦ ਇਕ ਵਾਰ ਫਿਰ ਸੀਵੀਓ ਨੇ ਜਲੰਧਰ ’ਚ ਜਾਂਚ ਕੀਤੀ ਤੇ ਬਿਲਡਿੰਗ ਬ੍ਰਾਂਚ ਨੂੰ ਨਾਜਾਇਜ਼ ਇਮਾਰਤਾਂ 'ਤੇ ਕਾਰਵਾਈ ਕਰ ਕੇ ਰਿਪੋਰਟ ਦੇਣ ਦੇ ਹੁਕਮ ਦਿੱਤੇ। ਸੀਵੀਓ ਨੇ ਚੰਡੀਗੜ੍ਹ ਵਾਪਸ ਆ ਕੇ ਨਿਗਮ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਪਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਰਿਪੋਰਟ ਨਹੀਂ ਭੇਜੀ। ਵਾਰ-ਵਾਰ ਪੱਤਰ ਲਿਖਣ 'ਤੇ ਵੀ ਜਦੋਂ ਸੀਵੀਓ ਨੂੰ ਜਵਾਬ ਨਹੀਂ ਮਿਲਿਆ ਤਾਂ ਹੁਣ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰ ਸਿੰਘ ਨੇ ਨਿਗਮ ਕਮਿਸ਼ਨਰ ਨੂੰ ਪੱਤਰ ਜਾਰੀ ਕਰਕੇ 7 ਦਿਨਾਂ ਵਿਚ ਰਿਕਾਰਡ ਤੇ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਹਨ।
ਨਗਰ ਨਿਗਮ ਜਲੰਧਰ ’ਚ ਨਾਜਾਇਜ਼ ਇਮਾਰਤਾਂ-ਕਾਲੋਨੀਆਂ ਦੀ ਜਾਂਚ ਆਰਟੀਆਈ ਕਾਰਕੁੰਨ ਕਰਨਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਕੀਤੀ ਗਈ ਸੀ। ਸੀਵੀਓ ਨੇ ਜਲੰਧਰ ’ਚ 34 ਸਾਈਟਾਂ 'ਤੇ ਜਾਂਚ ਕੀਤੀ ਸੀ। ਇਨ੍ਹਾਂ ’ਚ ਹੋਟਲ, ਸ਼ੋਅਰੂਮ, ਵੱਡੀ ਗਿਣਤੀ ’ਚ ਦੁਕਾਨਾਂ ਤੇ ਨਾਜਾਇਜ਼ ਕਾਲੋਨੀਆਂ ’ਚ ਬਣ ਰਹੀਆਂ ਕੋਠੀਆਂ ਸ਼ਾਮਲ ਹਨ।
ਸੀਵੀਓ ਦੀ ਜਾਂਚ ਮਗਰੋਂ ਰਿਪੋਰਟ ਲਈ 27 ਮਾਰਚ ਤੇ 7 ਮਈ ਨੂੰ ਪੱਤਰ ਲਿਖਿਆ ਗਿਆ। ਇਸ ਤੋਂ ਬਾਅਦ ਨਿਗਮ ਨੇ ਕੁਝ ਰਿਕਾਰਡ ਭੇਜਿਆ ਪਰ ਉਹ ਅਧੂਰਾ ਸੀ। ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੇ ਪੱਤਰ ’ਚ ਲਿਖਿਆ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਆਪਣੇ ਪੱਧਰ 'ਤੇ ਰਿਪੋਰਟ ਤੇ ਰਿਕਾਰਡ ਖਾਸ ਤੌਰ 'ਤੇ ਕਿਸੇ ਦੇ ਹੱਥ ਭੇਜਣ। ਇਹ ਰਿਕਾਰਡ 7 ਦਿਨਾਂ ਦੇ ਅੰਦਰ ਚੀਫ ਵਿਜੀਲੈਂਸ ਅਫਸਰ ਨੂੰ ਭੇਜਣਾ ਯਕੀਨੀ ਬਣਾਉਣ ਤਾਂ ਜੋ ਅੱਗੋਂ ਦੀ ਕਾਰਵਾਈ ਕੀਤੀ ਜਾ ਸਕੇ। ਡਾਇਰੈਕਟਰ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਜੇ ਸਮੇਂ 'ਤੇ ਪੂਰਾ ਰਿਕਾਰਡ ਨਹੀਂ ਭੇਜਿਆ ਗਿਆ ਤਾਂ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
---
ਜਾਂਚ ਮਗਰੋਂ ਵੀ ਹੋ ਰਹੀਆਂ ਨਾਜਾਇਜ਼ ਉਸਾਰੀਆਂ
ਸੀਵੀਓ ਦੀ ਦੋ ਵਾਰ ਦੀ ਜਾਂਚ ਮਗਰੋਂ ਵੀ ਜਲੰਧਰ ’ਚ ਨਾਜਾਇਜ਼ ਇਮਾਰਤਾਂ ਦਾ ਕੰਮ ਨਹੀਂ ਰੁਕਿਆ। ਸੀਵੀਓ ਨੇ ਜਿਨ੍ਹਾਂ ਸਾਈਟਾਂ 'ਤੇ ਜਾਂਚ ਕੀਤੀ ਸੀ, ਉਨ੍ਹਾਂ ਵਿੱਚੋਂ ਬਹੁਤੀਆਂ ਥਾਵਾਂ 'ਤੇ ਨਾਜਾਇਜ਼ ਇਮਾਰਤਾਂ ਬਣ ਕੇ ਤਿਆਰ ਹੋ ਗਈਆਂ ਹਨ। ਇਨ੍ਹਾਂ ਇਮਾਰਤਾਂ ਨੂੰ ਕੰਪਾਊਂਡ ਕਰਕੇ ਰੈਗੂਲਰ ਨਹੀਂ ਕੀਤਾ ਜਾ ਸਕਦਾ। ਖਾਸ ਤੌਰ 'ਤੇ ਦੁਕਾਨਾਂ ਦੇ ਕੋਲ ਪਾਰਕਿੰਗ ਨਹੀਂ ਹੈ ਤੇ ਨਾ ਹੀ ਸੜਕ ਦੇ ਅੱਗੇ ਜਗ੍ਹਾ ਛੱਡੀ ਗਈ ਹੈ। ਜੇਪੀ ਨਗਰ ਰੋਡ, ਨਕੋਦਰ ਰੋਡ, ਬਸਤੀ ਪੀਰਦਾਦ ਰੋਡ, ਕਾਲਾ ਸੰਘਿਆਂ ਰੋਡ, ਮਿੱਠੂ ਬਸਤੀ, ਫੁੱਟਬਾਲ ਚੌਕ ਸਮੇਤ ਜਿੱਥੇ ਵੀ ਜਾਂਚ ਕੀਤੀ ਗਈ ਸੀ, ਉੱਥੇ ਨਾਜਾਇਜ਼ ਉਸਾਰੀ ਅਜੇ ਵੀ ਜਾਰੀ ਹੈ। ਸੀਵੀਓ ਦੀ 20 ਮਾਰਚ ਨੂੰ 8 ਘੰਟੇ ਦੀ ਜਾਂਚ ਦਾ ਵੀ ਕੋਈ ਅਸਰ ਨਹੀਂ ਹੋਇਆ। ਬਿਲਡਿੰਗ ਬ੍ਰਾਂਚ ਨੇ ਕੁਝ ਥਾਵਾਂ 'ਤੇ ਦੁਕਾਨਾਂ ਨੂੰ ਸੀਲ ਕੀਤਾ ਸੀ ਪਰ ਇਨ੍ਹਾਂ ਦੁਕਾਨਾਂ ਨੂੰ ਹਲਫਨਾਮੇ ਲੈ ਕੇ ਫਿਰ ਖੋਲ੍ਹ ਦਿੱਤਾ ਗਿਆ ਹੈ। ਇਨ੍ਹਾਂ ਨੂੰ ਕਿਸ ਆਧਾਰ 'ਤੇ ਖੋਲ੍ਹਿਆ ਗਿਆ ਹੈ ਤੇ ਕਿੰਨਾ ਜੁਰਮਾਨਾ ਲਿਆ ਗਿਆ ਹੈ, ਇਸ ਬਾਰੇ ਬਿਲਡਿੰਗ ਬ੍ਰਾਂਚ ਸੀਵੀਓ ਨੂੰ ਕੋਈ ਜਾਣਕਾਰੀ ਨਹੀਂ ਦੇ ਰਹੀ।
---
ਇਨ੍ਹਾਂ ਥਾਵਾਂ 'ਤੇ ਕੀਤੀ ਗਈ ਸੀ ਜਾਂਚ
ਹੋਟਲ ਮੈਰਿਟਨ, ਜੇਪੀ ਨਗਰ ਰੋਡ 'ਤੇ 40 ਤੋਂ ਵੱਧ ਦੁਕਾਨਾਂ, ਵਰਿਆਣਾ ਇੰਡਸਟ੍ਰੀਅਲ ਕੰਪਲੈਕਸ, ਬਸਤੀ ਸ਼ੇਖ-ਕਾਲਾ ਸੰਘਿਆਂ ਰੋਡ 'ਤੇ ਦੋ ਨਾਜਾਇਜ਼ ਕਾਲੋਨੀਆਂ ’ਚ ਲਗਪਗ 80 ਕੋਠੀਆਂ ਦਾ ਨਿਰਮਾਣ, ਮਿੱਠੂ ਬਸਤੀ ਰੋਡ 'ਤੇ 25 ਤੋਂ ਵੱਧ ਦੁਕਾਨਾਂ, ਬਸਤੀ ਪੀਰਦਾਦ ਰੋਡ, ਫੁੱਟਬਾਲ ਚੌਕ ਨੇੜੇ ਵਪਾਰਕ ਇਮਾਰਤ, ਨਕੋਦਰ ਰੋਡ 'ਤੇ ਸ਼ੋਅਰੂਮ, ਫੈਂਸੀ ਬੇਕਰੀ, ਡਾਇਮੰਡ ਸਿਲਕ ਸਟੋਰ ਦੇ ਨਾਲ ਵਾਲੀ ਇਮਾਰਤ, ਅਵਤਾਰ ਨਗਰ ਰੋਡ ਦੇ ਨਾਲ ਵਾਲੀ ਇਮਾਰਤ, ਹੋਟਲ ਇੰਦਰਪ੍ਰਸਤ ਦੇ ਨਾਲ ਨਿਰਮਾਣ ਅਧੀਨ ਇਮਾਰਤ, ਬੂਟਾਂ ਮੰਡੀ ਟਾਇਰ ਸ਼ੋਅਰੂਮ, ਮਕਸੂਦਾਂ ’ਚ ਸੁਰਦਸ਼ਨ ਪਾਰਕ ਪਿੱਛੇ ਦੁਕਾਨਾਂ ਤੇ ਕੋਠੀਆਂ ਦੀ ਉਸਾਰੀ, ਕਪੂਰਥਲਾ ਰੋਡ 'ਤੇ ਬੈਂਕ ਦੇ ਸਾਹਮਣੇ ਫੈਕਟਰੀ, ਲੱਧੇਵਾਲੀ ਵਿਚ ਗ੍ਰੀਨ ਕਾਊਂਟੀ ਪ੍ਰੋਜੈਕਟ।