- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਸਤਲੁਜ’ ’ਤੇ ਸਿਨੇਮਾਘਰਾਂ ਤੋਂ ਬਾਅਦ ਓ.ਟੀ.ਟੀ. ਪਲੇਟਫਾਰਮ ’ਤੇ ਵੀ ਲਾਈ ਗਈ ਪਾਬੰਦੀ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ 'ਤੇ ਆਧਾਰਿਤ ਅਦਾਕਾਰ ਦਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਨੂੰ ਓ.ਟੀ.ਟੀ. ਪਲੇਟਫਾਰਮ ਤੋਂ ਅਚਾਨਕ ਹਟਾਏ ਜਾਣ ਅਤੇ ਇਸ 'ਤੇ ਲਾਈ ਗਈ ਪਾਬੰਦੀ ਖ਼ਿਲਾਫ਼ ਸਿੱਖ ਜਥੇਬੰਦੀਆਂ ਤੇ ਸੰਗਤਾਂ ’ਚ ਰੋਸ ਹੈ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਫ਼ਿਲਮ ‘ਸਤਲੁਜ’ ’ਤੇ ਸਿਨੇਮਾਘਰਾਂ ਤੋਂ ਬਾਅਦ ਓ.ਟੀ.ਟੀ. ਪਲੇਟਫਾਰਮ ’ਤੇ ਵੀ ਲਾਈ ਗਈ ਪਾਬੰਦੀ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਫ਼ਿਲਮ ਤੋਂ ਪਾਬੰਦੀ ਤੁਰੰਤ ਹਟਾਈ ਜਾਵੇ।
ਫ਼ਿਲਮ ‘ਸਤਲੁਜ’ ਨੇ ਉਸ ਦੁਖਾਂਤਕ ਦੌਰ, ਪੰਜਾਬ ਨਾਲ ਹੋਏ ਵਿਤਕਰੇ ਤੇ ਭ੍ਰਿਸ਼ਟ ਪੁਲਿਸ ਅਫ਼ਸਰਾਂ ਦੀਆਂ ਦਹਿਸ਼ਤੀ ਕਾਰਵਾਈਆਂ ਨੂੰ ਹੂ-ਬ-ਹੂ ਪਰਦੇ ’ਤੇ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਪੂਰੀ ਤਰ੍ਹਾਂ ਕਾਨੂੰਨੀ ਤੇ ਇਤਿਹਾਸਕ ਦਸਤਾਵੇਜ਼ਾਂ ’ਤੇ ਆਧਾਰਿਤ ਹੈ ਤੇ ਭਾਰਤੀ ਸੰਵਿਧਾਨ ਦੇ ਦਾਇਰੇ ’ਚ ਰਹਿ ਕੇ ਬਣਾਈ ਗਈ ਹੈ। ਇਹ ਕਿਸੇ ਹਿੰਸਾ ਦਾ ਪ੍ਰਚਾਰ ਨਹੀਂ ਕਰਦੀ, ਬਲਕਿ ਕਰੋੜਾਂ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਹੈ। ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ ਕਿ ਹਮੇਸ਼ਾ ਜ਼ੁਲਮ ਤੇ ਅਨਿਆਂ ਦੇ ਹਨੇਰਿਆਂ ਨੂੰ ਚੁਣੌਤੀ ਦਿੱਤੀ ਜਾਵੇ।
ਖ਼ਾਲਸਾ ਨੇ ਦੱਸਿਆ ਕਿ ਸਰਕਾਰੀ ਤੇ ਪ੍ਰਸ਼ਾਸਨਿਕ ਰੋਕਾਂ ਦੇ ਬਾਵਜੂਦ, ਸਿੱਖ ਸੰਗਤਾਂ ਤੇ ਸਥਾਨਕ ਜਥੇਬੰਦੀਆਂ ਵੱਲੋਂ ਇਸ ਫ਼ਿਲਮ ਨੂੰ ਡਾਊਨਲੋਡ ਕਰ ਕੇ ਵੱਖ-ਵੱਖ ਇਲਾਕਿਆਂ ਤੇ ਪਬਲਿਕ ਥਾਵਾਂ 'ਤੇ ਦਿਖਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਜਨਤਕ ਪ੍ਰਦਰਸ਼ਨ ਰਾਹੀਂ ਸਿੱਖਾਂ ਨੇ ਸਾਬਤ ਕੀਤਾ ਹੈ ਕਿ ਡਿਜੀਟਲ ਪਲੇਟਫਾਰਮਾਂ ਜਾਂ ਸਿਨੇਮਾਘਰਾਂ 'ਤੇ ਰੋਕ ਲਾ ਕੇ ਪੰਜਾਬ ਦੇ ਸੰਤਾਪ ਦੇ ਦੌਰ ਦੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਕੌਮ ਦੀ ਇੱਕਜੁਟਤਾ ਤੇ ਜਾਗਰੂਕਤਾ ਫ਼ਿਲਮ ਨੂੰ ਆਪਸ ’ਚ ਸਾਂਝਾ ਕਰ ਕੇ ਆਪਣੇ ਪੱਧਰ 'ਤੇ ਦਿਖਾਉਣਾ ਇਹ ਸਾਬਤ ਕਰਦਾ ਹੈ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਦੇ ਇਤਿਹਾਸ ਤੇ ਹੱਕ-ਸੱਚ ਦੀ ਆਵਾਜ਼ ਨੂੰ ਜਿਊਂਦਾ ਰੱਖਣ ਲਈ ਹਮੇਸ਼ਾ ਇੱਕਜੁਟ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਈ ਖਾਲੜਾ ਨੇ ਪੰਜਾਬ ’ਚ ਲਗਭਗ 25,000 "ਅਣਪਛਾਤੀਆਂ" ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦਾ ਸੱਚ ਅੰਤਰਰਾਸ਼ਟਰੀ ਪੱਧਰ ’ਤੇ ਉਜਾਗਰ ਕੀਤਾ ਸੀ।
ਫ਼ਿਲਮ ਨੂੰ ਜਨਤਾ ’ਚ ਲਿਜਾ ਕੇ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਨਸਾਫ਼ ਲਈ ਸ਼ੁਰੂ ਕੀਤਾ ਮਿਸ਼ਨ ਅੱਜ ਵੀ ਓਨਾ ਹੀ ਪ੍ਰਾਸੰਗਿਕ ਹੈ। ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫ਼ਿਲਮ ਨੂੰ ਜ਼ਰੂਰ ਦੇਖਣ ਤੇ ਆਪਣੀ ਮਿੱਟੀ ਨਾਲ ਜੁੜਨ।